ਚੋਰੀ ਦੇ ਦੋਸ਼ ਹੇਠ 3 ਗ੍ਰਿਫ਼ਤਾਰ, ਨੌਂ ਵਾਰਦਾਤਾਂ ਦਾ ਖ਼ੁਲਾਸਾ
ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਜੁਲਾਈ
ਬਾਹਰੀ ਦਿੱਲੀ ਦੇ ਅਲੀਪੁਰ ਥਾਣਾ ਪੁਲੀਸ ਨੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਇੱਕ ਗਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਤੋਂ ਕੁੱਝ ਅਸਲੇ ਸਮੇਤ ਭਾਰੀ ਮਾਤਰਾ ਵਿੱਚ ਚੋਰੀ ਦਾ ਸਾਮਾਨ ਬਰਾਮਦ ਹੋਇਆ ਹੈ। ਮੁੱਢਲੀ ਜਾਂਚ ਵਿੱਚ ਉਨ੍ਹਾਂ ਵੱਲੋਂ ਕੀਤੇ ਨੌਂ ਅਪਰਾਧਾਂ ਬਾਰੇ ਪਤਾ ਚੱਲਿਆ ਹੈ। ਮੁਲਜ਼ਮਾਂ ਦੀ ਪਛਾਣ ਸਾਦਿਕ ਰਾਇਸੂਦੀਨ ਅਤੇ ਸ਼ਹਿਜ਼ਾਦ ਵਜੋਂ ਹੋਈ ਹੈ।
ਬਾਹਰੀ ਉੱਤਰੀ ਜ਼ਿਲ੍ਹਾ ਪੁਲੀਸ ਡਿਪਟੀ ਕਮਿਸ਼ਨਰ ਹਰੇਸ਼ਵਰ ਵੀ ਸਵਾਮੀ ਨੇ ਦੱਸਿਆ ਕਿ ਅਲੀਪੁਰ ਖੇਤਰ ਵਿੱਚ ਹਾਲ ਹੀ ਵਿੱਚ ਚੋਰੀ ਦੀਆਂ ਤਿੰਨ ਘਟਨਾਵਾਂ ਵਾਪਰੀਆਂ ਹਨ। ਸ਼ਿਕਾਇਤਕਰਤਾ ਮੋਹਿਤ ਨੇ 22 ਜੂਨ ਨੂੰ ਪੁਲੀਸ ਨੂੰ ਦੱਸਿਆ ਸੀ ਕਿ ਉਸਦੇ ਘਰੋਂ ਲਗਪਗ ਸੱਤ ਲੱਖ ਰੁਪਏ, 40 ਤੋਲੇ ਸੋਨੇ ਦੇ ਗਹਿਣੇ, ਚਾਰ ਕਿਲੋ ਚਾਂਦੀ, ਤਿੰਨ ਘੜੀਆਂ, ਤਿੰਨ ਕਾਰਤੂਸ ਅਤੇ ਲਾਇਸੈਂਸੀ ਪਿਸਤੌਲ ਦਾ ਇੱਕ ਮੈਗਜ਼ੀਨ ਆਦਿ ਸਾਮਾਨ ਚੋਰੀ ਹੋ ਗਿਆ। ਪੁਲੀਸ ਟੀਮ ਨੇ ਮੁਖ਼ਬਰਾਂ ਦੀ ਮਦਦ ਨਾਲ ਗਰੋਹ ਦੇ ਤਿੰਨ ਮੈਂਬਰਾਂ ਦੀ ਪਛਾਣ ਕਰਨ ਮਗਰੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਉਹ ਬੰਦ ਘਰਾਂ ਨੂੰ ਨਿਸ਼ਾਨਾ ਬਣਾਉਂਦੇ ਸਨ। ਮੁਲਜ਼ਮਾਂ ਕੋਲੋਂ ਕੁੱਲ 90 ਗ੍ਰਾਮ ਸੋਨਾ, ਸੋਨੇ ਦੀ ਚੇਨ, ਸੋਨੇ ਦੀਆਂ ਚਾਰ ਅੰਗੂਠੀਆਂ, ਲਗਪਗ ਚਾਰ ਕਿਲੋਗ੍ਰਾਮ ਚਾਂਦੀ, ਇੱਕ ਚਾਂਦੀ ਦਾ ਸਿੱਕਾ, ਤਿੰਨ ਘੜੀਆਂ, 67 ਹਜ਼ਾਰ ਰੁਪਏ, ਤਿੰਨ ਕਾਰਤੂਸ, ਤਾਲੇ ਤੋੜਨ ਲਈ ਵਰਤੇ ਜਾਣ ਵਾਲੇ ਔਜ਼ਾਰ ਅਤੇ ਮੋਟਰਸਾਈਕਲ ਬਰਾਮਦ ਕੀਤਾ ਹੈ।