ਰੇਲ ਸੰਚਾਲਨ ਵਿਚ ਗੰਭੀਰ ਖ਼ਾਮੀਆਂ ਕਾਰਨ 2 ਅਧਿਕਾਰੀਆਂ ਦਾ ਤਬਾਦਲਾ
ਅੰਬਾਲਾ ਕੈਂਟ ਰੇਲਵੇ ਜੰਕਸ਼ਨ ’ਤੇ ਲਾਪਰਵਾਹੀ ਦਾ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਹੈ। ਰੇਲਗੱਡੀ ਸੰਚਾਲਨ ਨਾਲ ਸਬੰਧਿਤ ਸਾਵਧਾਨੀ ਪ੍ਰਕਿਰਿਆਵਾਂ ਵਿੱਚ ਗੰਭੀਰ ਖ਼ਾਮੀਆਂ ਮਿਲਣ ਤੋਂ ਬਾਅਦ ਡਿਵੀਜ਼ਨਲ ਰੇਲਵੇ ਮੈਨੇਜਰ (ਡੀਆਰਐਮ) ਨੇ ਸਖ਼ਤ ਕਾਰਵਾਈ ਕਰਦਿਆਂ ਅੰਬਾਲਾ ਕੈਂਟ ਰੇਲਵੇ ਸਟੇਸ਼ਨ ਦੇ ਸਟੇਸ਼ਨ ਮਾਸਟਰ...
Advertisement
ਅੰਬਾਲਾ ਕੈਂਟ ਰੇਲਵੇ ਜੰਕਸ਼ਨ ’ਤੇ ਲਾਪਰਵਾਹੀ ਦਾ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਹੈ। ਰੇਲਗੱਡੀ ਸੰਚਾਲਨ ਨਾਲ ਸਬੰਧਿਤ ਸਾਵਧਾਨੀ ਪ੍ਰਕਿਰਿਆਵਾਂ ਵਿੱਚ ਗੰਭੀਰ ਖ਼ਾਮੀਆਂ ਮਿਲਣ ਤੋਂ ਬਾਅਦ ਡਿਵੀਜ਼ਨਲ ਰੇਲਵੇ ਮੈਨੇਜਰ (ਡੀਆਰਐਮ) ਨੇ ਸਖ਼ਤ ਕਾਰਵਾਈ ਕਰਦਿਆਂ ਅੰਬਾਲਾ ਕੈਂਟ ਰੇਲਵੇ ਸਟੇਸ਼ਨ ਦੇ ਸਟੇਸ਼ਨ ਮਾਸਟਰ ਪ੍ਰਵੀਨ ਕੁਮਾਰ ਮੀਨਾ ਦਾ ਤਬਾਦਲਾ ਕੀਰਤਪੁਰ ਸਾਹਿਬ ਅਤੇ ਸਟੇਸ਼ਨ ਸੁਪਰਡੈਂਟ ਰਾਮ ਦਾ ਤਬਾਦਲਾ ਸਰਹਿੰਦ ਰੇਲਵੇ ਸਟੇਸ਼ਨ ਲਈ ਕਰ ਦਿੱਤਾ ਹੈ।
ਸੂਤਰਾਂ ਅਨੁਸਾਰ ਅੰਬਾਲਾ ਰੇਲਵੇ ਡਿਵੀਜ਼ਨ ਦੇ ਅਧੀਨ ਇੱਕ ਸੈਕਸ਼ਨ 'ਤੇ ਸੁਰੱਖਿਆ ਦਾ ਕੰਮ ਚੱਲ ਰਿਹਾ ਸੀ ਜਿਸ ਲਈ ਉਸ ਸਥਾਨ ਤੋਂ 20 ਤੋਂ 30 ਕਿੱਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਰੇਲਗੱਡੀਆਂ ਚਲਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ। ਇਸ ਸਾਵਧਾਨੀ ਸਬੰਧੀ ਗੱਡੀਆਂ ਦੇ ਡਰਾਈਵਰਾਂ ਨੂੰ ਜਾਣਕਾਰੀ ਦੇਣ ਦੀ ਜ਼ਿੰਮੇਵਾਰੀ ਅੰਬਾਲਾ ਕੈਂਟ ਦੇ ਸਟੇਸ਼ਨ ਮਾਸਟਰ ਪ੍ਰਵੀਨ ਕੁਮਾਰ ਮੀਨਾ ਨੂੰ ਦਿੱਤੀ ਗਈ ਸੀ ਤਾਂ ਕਿ ਡਰਾਈਵਰ ਪ੍ਰਭਾਵਿਤ ਸੈਕਸ਼ਨ ਤੇ ਗੱਡੀਆਂ ਧਿਆਨ ਨਾਲ ਅਤੇ ਨਿਰਧਾਰਿਤ ਗਤੀ ਤੇ ਚਲਾਉਣ।
ਇਸ ਦੌਰਾਨ ਗੰਭੀਰ ਗਲਤੀ ਇਹ ਹੋਈ ਕਿ ਕੁਝ ਡਰਾਈਵਰਾਂ ਤੱਕ ਸੁਨੇਹਾ ਨਾ ਪਹੁੰਚਿਆ ਅਤੇ ਉਹ ਆਮ ਗਤੀ ਤੇ ਗੱਡੀਆਂ ਲੰਘਾ ਗਏ ਜਿਸ ਕਰਕੇ ਕੋਈ ਗੰਭੀਰ ਹਾਦਸਾ ਹੋ ਸਕਦਾ ਸੀ।
ਮਾਮਲਾ ਡੀਆਰਐੱਮ ਵਿਨੋਦ ਭਾਟੀਆ ਦੇ ਸਾਹਮਣੇ ਆਉਣ ’ਤੇ ਸਟੇਸ਼ਨ ਮਾਸਟਰ ਪ੍ਰਵੀਨ ਕੁਮਾਰ ਮੀਨਾ ਦਾ ਤਬਾਦਲਾ ਕਰ ਦਿੱਤਾ ਅਤੇ ਦੋ ਦਿਨ ਬਾਅਦ ਸਟੇਸ਼ਨ ਸੁਪਰਡੈਂਟ ਰਾਮ ਚਾਂਦਨਾ ਨੂੰ ਵੀ ਤਬਦੀਲ ਕਰ ਦਿੱਤਾ। ਡੀਆਰਐਮ ਨੇ ਸਪਸ਼ਟ ਤੌਰ 'ਤੇ ਕਿਹਾ ਕਿ ਸੁਰੱਖਿਆ ਨਿਯਮਾਂ ਦੀ ਅਣਦੇਖੀ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਸ ਮਾਮਲੇ ਨੂੰ ਲੈ ਕੇ ਰੇਲਵੇ ਦੀਆਂ ਦੋਹਾਂ ਯੂਨੀਅਨਾਂ ਨੇ ਡੀਆਰਐੱਮ ਨਾਲ ਮੁਲਾਕਾਤ ਕੀਤੀ ਅਤੇ ਜ਼ੋਰ ਦੇ ਕੇ ਕਿਹਾ ਕਿ ਇਸ ਮਾਮਲੇ ਵਿਚ ਸਟੇਸ਼ਨ ਸੁਪਰਡੈਂਟ ਨੇ ਕੋਈ ਕੁਤਾਹੀ ਨਹੀਂ ਕੀਤੀ, ਉਸ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ।
ਨਾਰਦਰਨ ਰੇਲਵੇ ਮੈਨਜ਼ ਯੂਨੀਅਨ ਦੇ ਜਨਰਲ ਸਕੱਤਰ ਡਾ. ਨਿਰਮਲ ਸਿੰਘ ਨੇ ਦੱਸਿਆ ਕਿ ਸਟੇਸ਼ਨ ਸੁਪਰਡੈਂਟ ਦੇ ਤਬਾਦਲੇ ਨੂੰ ਲੈ ਕੇ ਉਨ੍ਹਾਂ ਦੀ ਡੀਆਰਐਮ ਨਾਲ ਮੁਲਾਕਾਤ ਕੀਤੀ ਜਿਸ ਤੋਂ ਬਾਅਦ ਡੀਆਰਐਮ ਨੇ ਕਿਹਾ ਕਿ ਸਟੇਸ਼ਨ ਸੁਪਰਡੈਂਟ ਦੇ ਤਬਾਦਲੇ ਸਬੰਧੀ ਸੋਧਿਆ ਹੋਇਆ ਹੁਕਮ ਜਾਰੀ ਕਰ ਦਿੱਤਾ ਜਾਵੇਗਾ। ਫ਼ਿਲਹਾਲ ਉਸ ਨੂੰ 10 ਦਿਨਾਂ ਦੀ ਛੁੱਟੀ 'ਤੇ ਭੇਜ ਦਿੱਤਾ ਗਿਆ ਹੈ।
Advertisement