ਪ੍ਰਧਾਨ ਮੰਤਰੀ ਦੇ ਜਨਮ ਦਿਨ ’ਤੇ ਸ਼ੁਰੂ ਹੋਣਗੇ 15 ਰੋਜ਼ਾ ਸੇਵਾ ਪ੍ਰੋਗਰਾਮ: ਸੈਣੀ
ਪੀ ਪੀ ਵਰਮਾ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਚਕੂਲਾ ਸਥਿਤ ਭਾਜਪਾ ਦੇ ਦਫ਼ਤਰ ਪੰਚਕਮਲ ਵਿੱਚ ਸੂਬੇ ਦੇ ਪਾਰਟੀ ਦੇ ਆਗੂਆਂ ਤੇ ਕਾਰਕੁਨਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ 17 ਸਤੰਬਰ ਤੋਂ 2 ਅਕਤੂਬਰ ਤੱਕ ਸੇਵਾ ਪੱਖਵਾੜਾ ਮਨਾਇਆ ਜਾਵੇਗਾ। ਇਹ ਸਮਾਗਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ’ਤੇ 17 ਸਤੰਬਰ ਤੋਂ ਸ਼ੁਰੂ ਕੀਤਾ ਜਾਵੇਗਾ ਤੇ 2 ਅਕਤੂਬਰ ਨੂੰ ਮਹਾਤਮਾ ਗਾਂਧੀ ਦੀ ਜੈਯੰਤੀ ਹੈ ਤੱਕ ਚੱਲੇਗਾ। ਉਨ੍ਹਾਂ ਕਿਹਾ ਕਿ ਸਾਰੇ ਵਿਧਾਇਕ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ, ਬਲਾਕ ਸਮਿਤੀ ਅਤੇ ਨਗਰ ਪਰਿਸ਼ਦਾਂ ਦੇ ਪ੍ਰਧਾਨ ਇਸ ਸੇਵਾ ਵਿੱਚ ਆਪਣੀ ਜ਼ਿੰਮੇਵਾਰੀ ਨਿਭਾਉਣ। ਮੁੱਖ ਮੰਤਰੀ ਸੈਣੀ ਨੇ ਕਿਹਾ ਹੈ ਕਿ ਇਸ ਸੇਵਾ ਪੱਖਵਾੜੇ ਵਿੱਚ ਖ਼ੂਨਦਾਨ ਕੈਂਪ, ਸਫ਼ਾਈ ਮੁਹਿੰੰਮ, ਪ੍ਰਧਾਨ ਮੰਤਰੀ ਮੋਦੀ ਦੇ ਜੀਵਨ ’ਤੇ ਆਧਾਰਤ ਜੀਵਨ ਪ੍ਰਦਰਸ਼ਨੀ, ਨਮੋ ਮੈਰਾਥਨ, ਪੰਡਤ ਦੀਨ ਦਿਆਲ ਉਪਾਧਿਆਏ ਦੀ ਜੈਯੰਤੀ ’ਤੇ ਜੀਵਨ ਪ੍ਰਦਰਸ਼ਨੀ, ਬੂਟੇ ਲਾਉਣੇ, ਦਿਵਿਆਂਗਾਂ ਲਈ ਸਹਾਇਕ ਉਪਕਰਨ ਦੇਣ, ਵਿਕਸਿਤ ਭਾਰਤ ਚਿੱਤਰ ਮੁਕਾਬਲਾ ਤੇ ਸੰਸਦ ਮੈਂਬਰਾਂ ਦੇ ਖੇਡ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਸੂਬੇ ਭਰ ਵਿੱਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨਾਂ ਵੱਲੋਂ ਹੜ੍ਹਾਂ ਬਾਰੇ ਵੇਰਵਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਾਰੇ ਜ਼ਿਲ੍ਹਾ ਪ੍ਰਧਾਨ ਪ੍ਰਭਾਵਿਤ ਇਲਾਕਿਆਂ ’ਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਜਾਇਜ਼ਾ ਲੈ ਕੇ ਸਰਕਾਰ ਨੂੰ ਸਹੀ ਰਿਪੋਰਟ ਦੇਣਗੇ। ਇਸ ਦੇ ਆਧਾਰ ’ਤੇ ਹਾਲਾਤ ਸੁਧਾਰਨ ਦਾ ਕੰਮ ਕੀਤਾ ਜਾਵੇਗਾ।
ਇਸ ਮੌਕੇ ਭਾਜਪਾ ਦੇ ਕੌਮੀ ਸਕੱਤਰ ਓਪੀ ਧਨਖੜ, ਸੂਬਾ ਪ੍ਰਧਾਨ ਮੋਹਨ ਲਾਲ ਬੜੋਲੀ ਆਦਿ ਸ਼ਾਮਲ ਸਨ। ਸ੍ਰੀ ਸੈਣੀ ਨੇ ਭਾਜਪਾ ਨੂੰ ਹੋਰ ਮਜ਼ਬੂਤ ਕਰਨ ਦੀ ਅਪੀਲ ਵੀ ਕੀਤੀ। ਇਸ ਤੋਂ ਪਹਿਲਾਂ ਮੁੱਖ ਮੰਤਰੀ ਸੈਣੀ ਨੇ ਮਾਤਾ ਮਨਸਾ ਦੇਵੀ ਪੂਜਾ ਸਥੱਲ ਬੋਰਡ ਦੇ ਅਧਿਕਾਰੀਆਂ ਨਾਲ ਵੀ ਮੀਟਿੰਗ ਕੀਤੀ।