ਕੌਮੀ ਲੋਕ ਅਦਾਲਤ ਵਿੱਚ 10,705 ਕੇਸ ਨਿਬੇੜੇ
ਕਾਨੂੰਨੀ ਸੇਵਾਂਵਾਂ ਅਥਾਰਿਟੀ ਦੇ ਚੇਅਰਮੈਨ ਅਤੇ ਜ਼ਿਲ੍ਹਾ ਸੈਸ਼ਨ ਜੱਜ ਦਿਨੇਸ਼ ਕੁਮਾਰ ਮਿੱਤਲ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਅਦਾਲਤ ਦੇ ਮੈਦਾਨ ਵਿਚ ਕੌਮੀ ਲੋਕ ਅਦਾਲਤ ਲਗਾਈ ਗਈ। ਇਸ ਲੋਕ ਅਦਾਲਤ ਵਿਚ ਦਾਇਰ 14,057 ਮਾਮਲਿਆਂ ਵਿਚੋਂ 10,705 ਮਾਮਲਿਆਂ ਦਾ ਮੌਕੇ ’ਤੇ ਨਿਪਟਾਰਾ ਕੀਤਾ ਗਿਆ। ਇਨ੍ਹਾਂ ਮਾਮਲਿਆਂ ’ਚ 8 ਕਰੋੜ 54 ਲੱਖ 27 ਹਜ਼ਾਰ 208 ਰੁਪਏ ਦਾ ਮੁਆਵਜ਼ਾ ਦੇਣ ਦੇ ਹੁਕਮ ਪਾਸ ਕੀਤੇ ਗਏ ਹਨ।
ਜ਼ਿਲ੍ਹਾ ਕਾਨੂੰਨੀ ਸੇਵਾਂਵਾਂ ਅਥਾਰਟੀ ਦੀ ਸਕੱਤਰ ਅਤੇ ਸੀ.ਜੀ.ਐੱਮ. ਨੀਤਿਕਾ ਭਾਰਦਵਾਜ ਨੇ ਅੱਜ ਇਥੇ ਜਾਰੀ ਇਕ ਪ੍ਰੈੱਸ ਬਿਆਨ ਵਿਚ ਦੱਸਿਆ ਕਿ ਜ਼ਿਲ੍ਹਾ ਸੈਸ਼ਨ ਜੱਜ ਦਿਨੇਸ਼ ਕੁਮਾਰ ਮਿੱਤਲ ਦੀ ਪ੍ਰਧਾਨਗੀ ਹੇਠ ਕੌਮੀ ਲੋਕ ਅਦਾਲਤ ਲਗਾਈ ਗਈ। ਇਸ ਲੋਕ ਅਦਾਲਤ ਵਿਚ ਵੱਧ ਤੋਂ ਵੱਧ ਕੇਸਾਂ ਦਾ ਨਿਪਟਾਰਾ ਕਰਨ ਦੇ ਉਦੇਸ਼ ਨਾਲ ਮੁੱਖ ਜੱਜ, ਪਰਿਵਾਰਕ ਅਦਾਲਤ, ਹਰਲੀਨ ਏ ਸ਼ਰਮਾ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਅਨਿਲ ਕੁਮਾਰ, ਵਧੀਕ ਜ਼ਿਲ੍ਹਾ ਸੈਸ਼ਨ ਜੱਜ ਭਾਵਨਾ ਜੈਨ, ਜੱਜ ਡਾ. ਮੋਹਿਨੀ, ਜੱਜ ਜਪਜੀ ਸਿੰਘ, ਜੱਜ ਗਿਰਰਾਜ ਸਿੰਘ, ਸਬ ਡਿਵੀਜ਼ਨਲ ਜੱਜ ਪਲਵੀ ਓਝਾ, ਜੱਜ ਭਾਰਤ, ਚੇਅਰਮੈਨ ਸਥਾਈ ਲੋਕ ਅਦਾਲਤ ਪ੍ਰਵੀਨ ਗੁਪਤਾ ਦੀ ਪ੍ਰਧਾਨਗੀ ਹੇਠ ਇਕ ਬੈਂਚ ਦਾ ਗਠਨ ਕੀਤਾ ਗਿਆ। ਇਸ ਲੋਕ ਅਦਾਲਤ ਵਿਚ ਕੁੱਲ 10,705 ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਬੈਚਾਂ ਸਾਹਮਣੇ 126 ਪ੍ਰੀ ਲਿਟੀਗੇਸ਼ਨ ਕੇਸਾਂ ’ਚ 47 ਦਾ ਨਿਪਟਾਰਾ ਕੀਤਾ ਗਿਆ ਤੇ ਇਨ੍ਹਾਂ ਮਾਮਲਿਆਂ ਵਿਚ 1 ਕਰੋੜ 11 ਲੱਖ 96 ਹਜ਼ਾਰ 81 ਰੁਪਏ ਦੇ ਨਿਪਟਾਰੇ ਦੇ ਆਦੇਸ਼ ਪਾਸ ਕੀਤੇ ਗਏ। ਉਨ੍ਹਾਂ ਕਿਹਾ ਕਿ ਇਸ ਕੌਮੀ ਲੋਕ ਅਦਾਲਤ ਵਿਚ ਬੈਂਕ ਰਿਕਵਰੀ ਦੇ 25 ਮਾਮਲਿਆਂ ਵਿੱਚੋਂ 18 ਕੇਸਾਂ ਦਾ ਮੌਕੇ ’ਤੇ ਨਿਪਟਾਰਾ ਕੀਤਾ ਗਿਆ ਅਤੇ 51 ਲੱਖ 82 ਹਜ਼ਾਰ 445 ਰੁਪਏ ਦੇ ਨਿਪਟਾਰੇ ਦੇ ਆਦੇਸ਼ ਪਾਸ ਕੀਤੇ ਗਏ। ਇਸੇ ਤਰ੍ਹਾਂ ਅਪਰਾਧਿਕ ਕੰਪਾਊਡਿੰਗ ਦੇ 370 ਮਾਮਲਿਆਂ ’ਚ 136 ਕੇਸਾਂ ਦਾ ਮੌਕੇ ਤੇ ਨਿਪਟਾਰਾ ਕੀਤਾ ਗਿਆ ਤੇ 3 ਲੱਖ 65 ਹਜ਼ਾਰ 150 ਰੁਪਏ ਦੇ ਨਿਪਟਾਰੇ ਦੇ ਆਦੇਸ਼ ਪਾਸ ਕੀਤੇ ਗਏ। ਇਸ ਤਰ੍ਹਾਂ ਕੌਮੀ ਲੋਕ ਅਦਾਲਤ ਵਿਚ ਕੁੱਲ 14,057 ਮਾਮਲਿਆਂ ਵਿੱਚੋਂ 10,705 ਮਾਮਲਿਆਂ ਦਾ ਮੌਕੇ ’ਤੇ ਹੀ ਨਿਪਟਾਰਾ ਕੀਤਾ ਗਿਆ। ਇਨ੍ਹਾਂ ਮਾਮਲਿਆ ਵਿੱਚ 8 ਕਰੋੜ 54 ਲੱਖ 27 ਹਜ਼ਾਰ 208 ਰੁਪਏ ਦੇ ਮੁਆਵਜ਼ੇ ਦੇ ਹੁਕਮ ਪਾਸ ਕੀਤੇ ਗਏ। ਇਸ ਤੋਂ ਇਲਾਵਾ ਮਾਲੀਆ ਨਾਲ ਸਬੰਧਿਤ ਸਾਰੇ 3,920 ਮਾਮਲਿਆਂ ਦਾ ਮੌਕੇ ’ਤੇ ਹੀ ਨਿਪਟਾਰਾ ਕੀਤਾ ਗਿਆ।