‘Sleep divorce’: ਬਿਹਤਰ ਰਿਸ਼ਤੇ ਲਈ ਅੱਡੋ-ਅੱਡ ਸੌਂ ਰਹੇ ਮੀਆਂ-ਬੀਵੀ!... ਜਾਣੋ ਕਿਓਂ ?
ਬਹੁਤੇ ਜੋੜਿਆਂ ਲਈ ਇੱਕੋ ਬੈੱਡ ’ਤੇ ਸੌਣਾ ਆਪਸੀ ਨੇੜਤਾ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ, ਪਰ ਹਰ ਰਾਤ ਇੱਕ ਬੈੱਡ ਸਾਂਝਾ ਕਰਨਾ ਭਾਵ ਇੱਕ ਬੈੱਡ ’ਤੇ ਸੌਣਾ ਨੀਂਦ ਨਾ ਆਉਣ, ਤਣਾਅ ਅਤੇ ਇੱਥੋਂ ਤੱਕ ਕਿ ਰਿਸ਼ਤੇ ਵਿੱਚ ਖਿੱਚੋਤਾਣ ਦਾ ਕਾਰਨ ਵੀ ਬਣ ਸਕਦਾ ਹੈ।
ਵੋਗ ਇੰਡੀਆ ਦੇ ਇੱਕ ਲੇਖ ਵਿੱਚ, ਜੋ ਪਹਿਲਾਂ vogue.co.uk ’ਤੇ ਪ੍ਰਕਾਸ਼ਿਤ ਹੋਇਆ ਸੀ, ਦੱਸਿਆ ਗਿਆ ਹੈ ਕਿ ਕਿਵੇਂ ਸਲੀਪ ਡਿਵੋਰਸ (‘Sleep divorce’) ਦਾ ਸੰਕਲਪ ਪ੍ਰਚਲਿਤ ਹੋ ਰਿਹਾ ਹੈ, ਖਾਸ ਕਰਕੇ ਨੌਜਵਾਨ ਪੀੜ੍ਹੀ (millennials) ਵਿੱਚ ਇਹ ਜ਼ਿਆਦਾ ਸਾਹਮਣੇ ਆ ਰਿਹਾ ਹੈ।
ਮਿਲਿਨੀਅਲਸ ਉਹ ਹਨ ਜੋ 1980 ਦੇ ਦਹਾਕੇ ਦੇ ਸ਼ੁਰੂ ਅਤੇ 1990 ਦੇ ਦਹਾਕੇ ਦੇ ਅਖੀਰ ਵਿੱਚ ਪੈਦਾ ਹੋਏ ਸਨ।
ਇੱਕ ਜੋੜੇ ਲਈ ਇਹ ਬਦਲਾਅ ਇਸ ਸਿੱਟੇ ਨਾਲ ਸ਼ੁਰੂ ਹੋਇਆ ਕਿ ਰਾਤ ਦਾ ਸਮਾਂ ਇੱਕ ਲੜਾਈ ਦਾ ਮੈਦਾਨ ਬਣ ਰਿਹਾ ਸੀ। ਇਸ ਬਾਰੇ ਇੱਕ ਸਾਥੀ ਨੇ ਕਿਹਾ, “ਦਿਨ ਵੇਲੇ, ਮੈਂ ਆਪਣੇ ਆਪ ਨੂੰ ਇੱਕ ਆਮ ਚੰਗੇ ਸੁਭਾਅ ਵਾਲਾ ਅਤੇ ਕੰਮਕਾਜੀ ਵਿਅਕਤੀ ਸਮਝਦਾ ਹਾਂ, ਮੈਂ ਅਜਨਬੀਆਂ ਨੂੰ ਦੇਖ ਕੇ ਮੁਸਕਰਾਉਂਦਾ ਹਾਂ ਅਤੇ ਲੋਕਾਂ ਦਾ ਹਾਲ-ਚਾਲ ਪੁੱਛਦਾ ਹਾਂ।”
“ਪਰ ਰਾਤ ਨੂੰ, ਇਹ ਅਜਿਹਾ ਹੁੰਦਾ ਹੈ ਜਿਵੇਂ ਕੋਈ ਸਵਿੱਚ ਦੱਬੀ ਗਈ ਹੋਵੇ। ਮੈਂ ਰੌਲੇ, ਰੌਸ਼ਨੀ, ਕੋਈ ਵੀ ਹਰਕਤਸ ਸਬੰਧਤ ਕਿਸੇ ਵੀ ਚੀਜ਼ ਪ੍ਰਤੀ ਬਹੁਤ ਸੰਵੇਦਨਸ਼ੀਲ ਹੋ ਜਾਂਦਾ ਹਾਂ। ਇੱਥੋਂ ਤੱਕ ਕਿ ਦੂਰ ਵੱਜਦਾ ਫ਼ੋਨ ਵੀ ਮੈਨੂੰ ਜਗਾ ਸਕਦਾ ਹੈ।”
ਰਿਪੋਰਟ ਅਨੁਸਾਰ ਇਹ ਬਦਲਾਅ ਹਮੇਸ਼ਾ ਉਨ੍ਹਾਂ ਦੇ ਰੁਟੀਨ ਦਾ ਹਿੱਸਾ ਨਹੀਂ ਸੀ। ਆਪਣੀ ਜਵਾਨੀ ਵਿੱਚ ਇਹ ਜੋੜਾ ਦੇਰ ਰਾਤ ਤੱਕ ਸਿਗਰਟਨੋੋਸ਼ੀ ਕਰਦੇ, ਗਾਣੇ ਚਲਾਉਂਦੇ ਅਤੇ ਬਿਨਾਂ ਸੋਚੇ-ਸਮਝੇ ਬਿਸਤਰੇ ’ਤੇ ਲੰਮੇ ਪੈ ਜਾਂਦੇ ਸਨ। ਪਰ ਜਿਵੇਂ-ਜਿਵੇਂ ਉਹ ਵੱਡੇ ਹੋਏ ਅਤੇ ਆਰਾਮ ਨੂੰ ਵਧੇਰੇ ਮਹੱਤਤਾ ਦਿੱਤੀ। ਇਸ ਦੌਰਾਨ ਇੱਕ ਸਾਥੀ ਦੇ ਸ਼ੋਰ-ਸ਼ਰਾਬੇ ਨੇ ਦੋਹਾਂ ਦਰਮਿਆਨ ਤਣਾਅ ਪੈਦਾ ਕਰ ਦਿੱਤਾ।
ਉਨ੍ਹਾਂ ਨੇ ਸਮਝਾਇਆ, "ਮੇਰੀ ਚਿੰਤਾ ਉਸਦੀ ਚਿੰਤਾ ਨੂੰ ਜਨਮ ਦਿੰਦੀ ਸੀ। ਇਹ ਇੱਕ ਫੀਡਬੈਕ ਲੂਪ ਬਣ ਗਿਆ ਅਤੇ ਸਾਡੇ ਵਿੱਚੋਂ ਕੋਈ ਵੀ ਸੌਂ ਨਹੀਂ ਸਕਦਾ ਸੀ।” 2024 ਵਿੱਚ, ਉਨ੍ਹਾਂ ਨੇ ਕੁਝ ਅਜਿਹਾ ਕਰਨ ਦਾ ਫ਼ੈਸਲਾ ਕੀਤਾ ਜੋ ਕਦੇ ਇੱਕ ਅਯੋਗ ਕੰਮ ਮੰਨਿਆ ਜਾਂਦਾ ਸੀ। ਆਰਾਮ ਦੀ ਲੋੜ ਮਹਿਸੂਸ ਕਰਦਿਆਂ ਉਨ੍ਹਾਂ ਰਾਤ ਨੂੰ ਵੱਖ-ਵੱਖ ਕਮਰਿਆਂ ਵਿੱਚ ਸੌਣਾ ਸ਼ੁਰੂ ਕਰ ਦਿੱਤਾ। ਹਾਲਾਂਕਿ ਇਸ ਵਿਚਾਰ ਨੂੰ ਰਿਸ਼ਤੇ ਵਿੱਚ ਖੜੋਤ ਵਜੋਂ ਦੇਖਿਆ ਜਾਂਦਾ ਹੈ ਪਰ, ਇਹ ਫੈਸਲਾ ਛੇਤੀ ਹੀ ਜੋੜਿਆਂ ਵਿਚਕਾਰ ਰਾਹਤ ਵਜੋਂ ਸਾਬਿਤ ਹੋਇਆ।
ਉਨ੍ਹਾਂ ਕਿਹਾ, “ਬੱਸ ਇਹ ਜਾਣ ਕੇ ਕਿ ਸਾਡੇ ਕੋਲ ਇਹ ਵਿਕਲਪ ਸੀ, ਦਬਾਅ ਹਟ ਗਿਆ।” “ਬਹੁਤ ਸਾਰੀਆਂ ਰਾਤਾਂ, ਅਸੀਂ ਅਜੇ ਵੀ ਇਕੱਠੇ ਸੌਂਦੇ ਹਾਂ। ਪਰ ਜਦੋਂ ਅਸੀਂ ਅਜਿਹਾ ਨਹੀਂ ਕਰਦੇ, ਤਾਂ ਅਸੀਂ ਬਿਹਤਰ ਨੀਂਦ ਲੈਂਦੇ ਹਾਂ ਅਤੇ ਉੱਠਣ ਵੇਲੇ ਅਸੀਂ ਸ਼ਾਂਤ, ਸਹਿਜ ਤੇ ਤਰੋ-ਤਾਜ਼ਾ ਮਹਿਸੂਸ ਕਰਦੇ ਹਾਂ।’’
2023 ਦੇ ਇੱਕ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਲਗਪਗ ਇੱਕ ਚੌਥਾਈ ਵਿਆਹੇ ਨੌਜਵਾਨ ਜੋੜੇ ਕਦੇ-ਕਦਾਈਂ ਵੱਖੋ-ਵੱਖਰੇ ਬੈੱਡਾਂ ’ਤੇ ਸੌਂਦੇ ਹਨ, ਜਦੋਂ ਕਿ 19 ਫੀਸਦੀ ਲਗਾਤਾਰ ਅਜਿਹਾ ਕਰਦੇ ਹਨ। ਇਸ ਰੁਝਾਨ ਦੀ ਪੁਸ਼ਟੀ ਹੋਟਲ ਦੇ ਅੰਕੜਿਆਂ ਰਾਹੀਂ ਵੀ ਕੀਤੀ ਜਾ ਰਹੀ ਹੈ: ਹਿਲਟਨ ਦੀ 2025 ਟ੍ਰੈਂਡਸ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ 63% ਯਾਤਰੀ ਇਕੱਲੇ ਹੋਣ ’ਤੇ ਬਿਹਤਰ ਸੌਂਦੇ ਹਨ ਅਤੇ 37 ਫੀਸਦੀ ਜੋੜੇ ਛੁੱਟੀਆਂ ਦੌਰਾਨ ਵੱਖਰੇ ਬੈੱਡਾਂ ਦੀ ਚੋਣ ਕਰਦੇ ਹਨ।
ਸਲੀਪ ਮਨੋਵਿਗਿਆਨੀ ਵੈਂਡੀ ਟਰੋਕਸੇਲ ਵਰਗੇ ਮਾਹਿਰਾਂ ਨੇ ਤਾਂ ਇਸ ਸ਼ਬਦ ਦਾ ਨਾਮ ਬਦਲਣ ਦਾ ਵੀ ਸੁਝਾਅ ਦਿੱਤਾ ਹੈ। ਉਹ ਦਲੀਲ ਦਿੰਦੀ ਹੈ ਕਿ ਸਲੀਪ ਡਿਵੋਰਸ ਦੀ ਬਜਾਏ ਇਸ ਦਾ ਨਾਂ “ਸਲੀਪ ਅਲਾਇੰਸ” (ਨੀਂਦ ਦਾ ਗੱਠਜੋੜ) ਇੱਕ ਬਿਹਤਰ ਵਿਕਲਪ ਹੋ ਸਕਦਾ ਹੈ। ਇਹ ਅਭਿਆਸ ਬਿਹਤਰ ਆਰਾਮ ਰਾਹੀਂ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਬਾਰੇ ਹੈ - ਨਾ ਕਿ ਉਨ੍ਹਾਂ ਨੂੰ ਕਮਜ਼ੋਰ ਕਰਨ ਬਾਰੇ। ਅਤੇ ਖੋਜ ਉਸ ਦਾ ਸਮਰਥਨ ਕਰਦੀ ਹੈ।
ਓਹਾਇਓ ਸਟੇਟ ਯੂਨੀਵਰਸਿਟੀ ਦੇ ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਨੀਂਦ ਤੋਂ ਵਾਂਝੇ ਜੋੜਿਆਂ ਵਿੱਚ ਵਧੇਰੇ ਕੁੜੱਤਣ ਪੈਦਾ ਹੁੰਦੀ ਹੈ, ਜਦੋਂ ਕਿ 2021 ਵਿੱਚ ਇੱਕ ਹੋਰ ਅਧਿਐਨ ਵਿੱਚ ਤਕਰਾਰ ਦੌਰਾਨ ਮਾੜੀ ਨੀਂਦ ਨੂੰ ਤਣਾਅ ਦੇ ਹਾਰਮੋਨ ਵਧਣ ਨਾਲ ਜੋੜਿਆ ਗਿਆ ਸੀ। ਦੂਜੇ ਸ਼ਬਦਾਂ ਵਿੱਚ, "ਨੀਂਦ ਦੀ ਕਮੀ ਸਿਰਫ਼ ਸਾਨੂੰ ਥਕਾਉਂਦੀ ਹੀ ਨਹੀਂ ਬਲਕਿ ਇਹ ਸਾਨੂੰ ਪਿਆਰ ਕਰਨਾ ਅਤੇ ਪਿਆਰ ਕੀਤੇ ਜਾਣਾ ਵੀ ਔਖਾ ਬਣਾਉਂਦੀ ਹੈ।’’
ਪਰ ਜੇ ਵੱਖ ਹੋ ਕੇ ਸੌਣ ਦਾ ਮਤਲਬ ਵਧੇਰੇ ਆਰਾਮਦਾਇਕ ਹੋਣਾ ਹੈ, ਤਾਂ ਇਹ ਇੱਕ ਅਜਿਹਾ ਸਮਝੌਤਾ ਹੈ ਜੋ ਜੋੜੇ ਕਰਨ ਲਈ ਤਿਆਰ ਹਨ, ਕਿਉਂਕਿ ਇਹ ਉਨ੍ਹਾਂ ਦੇ ਰਿਸ਼ਤੇ ਲਈ ਮਦਦਗਾਰ ਸਾਬਤ ਹੋ ਰਿਹਾ ਹੈ।