Explainer ਘੱਗਰ ਵਿੱਚੋਂ ਲੰਘਦੀਆਂ ਨਿੱਕੀਆਂ ਜਿੰਦਾਂ, ਅਸਾਂ ਕਲਮ ਦੇ ਸਹਾਰੇ ਤਰ ਜਾਣਾ...
ਪਿਛਲੀ ਇਕ ਸਦੀ ਤੋਂ ਲੋਕ ਛੋਟੀ ਕਿਸ਼ਤੀ ਅਤੇ ਖ਼ਤਰਨਾਕ ਕੱਚਾ ਢਾਂਚਾ ਵਰਤਣ ਲਈ ਮਜਬੂਰ
ਅਨਿਲ ਕੱਕੜ
ਸਿਰਸਾ, 8 ਜੁਲਾਈ
ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ 20 ਤੋਂ ਵੱਧ ਪਿੰਡ ਪਿਛਲੀ ਇਕ ਸਦੀ ਤੋਂ ਘੱਗਰ ਪਾਰ ਕਰਨ ਲਈ ਛੋਟੀ ਕਿਸ਼ਤੀ ਜਾਂ ਖ਼ਤਰਨਾਕ ਕੱਚੇ ਪੁਲਾਂ ’ਤੇ ਨਿਰਭਰ ਹਨ। ਸਿਆਸਤਦਾਨਾਂ ਦੇ ਵਾਅਦਿਆਂ ਅਤੇ 2021 ਵਿੱਚ ਅਧਿਕਾਰਤ ਮਨਜ਼ੂਰੀ ਦੇ ਬਾਵਜੂਦ ਬੁੱਢਾਭਾਨਾ ਅਤੇ ਫਰਵਾਈ ਖੁਰਦ ਨੂੰ ਜੋੜਨ ਵਾਲੇ ਪੁਲ ਦਾ ਨਿਰਮਾਣ ਅਜੇ ਵੀ ਅਧੂਰਾ ਹੈ। ਸੌ ਮੀਟਰ ਲੰਬੇ ਇਸ ਪੁਲ ’ਤੇ 8.21 ਕਰੋੜ ਰੁਪਏ ਦੀ ਲਾਗਤ ਆਉਣੀ ਸੀ ਅਤੇ ਇਸ ਨੂੰ 18 ਮਹੀਨਿਆਂ ਵਿੱਚ ਪੂਰਾ ਕੀਤਾ ਜਾਣਾ ਸੀ। ਹਾਲਾਂਕਿ ਪੁਲ ਦਾ ਕੰਮ ਅਪਰੈਲ 2025 ਵਿੱਚ ਇੱਕ ਸਾਲ ਦੀ ਦੇਰੀ ਨਾਲ ਸ਼ੁਰੂ ਹੋਇਆ। ਹੁਣ ਮੀਂਹ ਅਤੇ ਪਾਣੀ ਦੇ ਵਧਦੇ ਪੱਧਰ ਕਾਰਨ ਪ੍ਰੋਜੈਕਟ ਨੂੰ ਹੋਰ ਦੇਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦੋਂ ਤੱਕ ਪੁਲ ਦਾ ਕੰਮ ਪੂਰਾ ਨਹੀਂ ਹੁੰਦਾ ਪਿੰਡ ਵਾਸੀਆਂ ਨੂੰ ਆਪਣੀਆਂ ਜਾਨਾਂ ਖ਼ਤਰੇ ਵਿੱਚ ਪਾ ਕੇ ਲੰਘਣਾ ਪਵੇਗਾ।
ਪਿੰਡ ਵਾਸੀਆਂ ਲਈ ਪੁਲ ਇੰਨਾ ਅਹਿਮ ਕਿਉਂ ਹੈ?
ਇਹ ਪੁਲ ਬਣਨ ਨਾਲ ਬੁੱਢਾਭਾਨਾ ਅਤੇ ਫਰਵਾਈ ਖੁਰਦ ਵਰਗੇ ਪਿੰਡਾਂ ਤੋਂ ਸਿਰਸਾ ਸ਼ਹਿਰ ਤੱਕ ਦਾ ਪੈਂਡਾ 22-30 ਕਿਲੋਮੀਟਰ ਦੀ ਥਾਂ ਸਿਰਫ਼ 8-12 ਕਿਲੋਮੀਟਰ ਰਹਿ ਜਾਵੇਗਾ। ਇਹ ਪੰਜਾਬ ਤੱਕ ਸਿੱਧੀ ਸੜਕ ਪਹੁੰਚ ਵੀ ਪ੍ਰਦਾਨ ਕਰੇਗਾ, ਜੋ ਸਿਰਫ਼ 28 ਕਿਲੋਮੀਟਰ ਦੂਰ ਹੈ। ਪਿੰਡ ਵਾਸੀ ਮੌਜੂਦਾ ਸਮੇਂ ਘੱਗਰ ਦਰਿਆ ਪਾਰ ਕਰਨ ਲਈ ਚੰਦੀਰਾਮ ਕੰਬੋਜ ਵੱਲੋਂ ਚਲਾਈ ਜਾਂਦੀ ਕਿਸ਼ਤੀ ਅਤੇ ਟਰੱਕ ਦੀ ਚਾਸੀ ਤੋਂ ਬਣੇ ਬਹੁਤ ਹੀ ਖ਼ਤਰਨਾਕ ਕੱਚੇ ਪੁਲ ’ਤੇ ਨਿਰਭਰ ਕਰਦੇ ਹਨ। ਇਨ੍ਹਾਂ ਦੋਵਾਂ ਤਰੀਕਿਆਂ ਨਾਲ ਰਾਹਗੀਰਾਂ ਦਾ ਸਫ਼ਰ ਖਤਰਿਆਂ ਭਰਿਆ ਬਣ ਜਾਂਦਾ ਹੈ। ਪੁਲ ਦਾ ਕੰਮ ਪੂਰਾ ਹੋਣ ਤੋਂ ਬਾਅਦ ਸਿੱਧੇ ਤੇ ਅਸਿਧੇ ਤੌਰ ’ਤੇ 20 ਤੋਂ 30 ਪਿੰਡਾਂ ਨੂੰ ਲਾਭ ਹੋਵੇਗਾ। ਪੁਲ ਦੇ ਨਿਰਮਾਣ ਨਾਲ ਸਿੱਖਿਆ, ਸਿਹਤ ਸੰਭਾਲ, ਬਾਜ਼ਾਰਾਂ ਅਤੇ ਨੌਕਰੀ ਦੇ ਮੌਕੇ ਵੀ ਵਧਣਗੇ।
ਜਾਨਲੇਵਾ ਖਤਰਿਆਂ ਦਾ ਸਾਹਮਣਾ ਕਰ ਰਹੀਆਂ ਨਿੱਕੀਆਂ ਜਿੰਦਾਂ?
ਇੱਕ ਮਜ਼ਬੂਤ ਪੁਲ ਤੋਂ ਬਗੈਰ ਘੱਗਰ ਨੂੰ ਪਾਰ ਕਰਨਾ ਜੋਖਮ ਭਰਿਆ ਹੈ। ਨੌਵੀਂ ਜਮਾਤ ਵਿੱਚ ਪੜ੍ਹਦੀ ਜੋਤੀ ਅਤੇ ਉਸ ਦੇ ਸਹਿਪਾਠੀਆਂ ਦਾ ਕਹਿਣਾ ਹੈ ਕਿ ਕਿਸ਼ਤੀ ਰਾਹੀਂ ਨਦੀ ਪਾਰ ਕਰਨਾ ਡਰਾਉਣਾ ਤਜਰਬਾ ਹੈ ਪਰ ਸਕੂਲ ਜਾਣ ਲਈ ਇਹ ਜ਼ਰੂਰੀ ਹੈ। ਇੱਥੇ ਬਹੁਤ ਸਾਰੀਆਂ ਲੜਕੀਆਂ ਦਸਵੀਂ ਜਮਾਤ ਤੋਂ ਬਾਅਦ ਪੜ੍ਹਾਈ ਛੱਡ ਦਿੰਦੀਆਂ ਹਨ ਕਿਉਂਕਿ ਮਾਪੇ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਫ਼ਿਕਰਮੰਦ ਰਹਿੰਦੇ ਹਨ। ਕਿਸੇ ਤਰ੍ਹਾਂ ਦੀ ਐਮਰਜੈਂਸੀ ਮੌਕੇ ਪਿੰਡ ਵਾਸੀ ਪੁਰਾਣੇ ਟਰੱਕ ਦੇ ਪੁਰਜ਼ਿਆਂ ਤੋਂ ਬਣੇ 2.25 ਫੁੱਟ ਚੌੜੇ ਕੱਚੇ ਪੁਲ ਦੀ ਵਰਤੋਂ ਕਰਦੇ ਹਨ, ਜੋ ਸਿਰਫ਼ ਉਦੋਂ ਹੀ ਵਰਤਿਆ ਜਾ ਸਕਦਾ ਹੈ ਜਦੋਂ ਪਾਣੀ ਦਾ ਪੱਧਰ ਘੱਟ ਹੋਵੇ। ਇੱਥੇ ਪਹਿਲਾਂ ਕਈ ਹਾਦਸੇ ਵਾਪਰ ਚੁੱਕੇ ਹਨ। ਅਜਿਹੀ ਸਥਿਤੀ ਵਿਚ ਜਾਨਲੇਵਾ ਖ਼ਤਰੇ ਇਨ੍ਹਾਂ ਪਿੰਡ ਵਾਸੀਆਂ ਦੇ ਰੋਜ਼ਾਨਾ ਜੀਵਨ ਦਾ ਹਿੱਸਾ ਹਨ।
ਪੁਲ ਦੇ ਨਿਰਮਾਣ ਲਈ ਹੁਣ ਤੱਕ ਕੀ ਹੋਇਆ?
ਦੋ ਦਰਜਨ ਤੋਂ ਵੱਧ ਗ੍ਰਾਮ ਪੰਚਾਇਤਾਂ ਵੱਲੋਂ ਤਤਕਾਲੀ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੂੰ ਇੱਕ ਮਤਾ ਪੇਸ਼ ਕਰਨ ਤੋਂ ਬਾਅਦ ਇਹ ਪੁਲ 2021 ਵਿੱਚ ਅਧਿਕਾਰਤ ਤੌਰ ’ਤੇ ਮਨਜ਼ੂਰ ਕੀਤਾ ਗਿਆ ਸੀ। ਪੁਲ ਦਾ ਕੰਮ ਅਪਰੈਲ 2024 ਵਿੱਚ ਸ਼ੁਰੂ ਹੋਣਾ ਸੀ, ਪਰ ਇੱਕ ਸਾਲ ਦੀ ਦੇਰੀ ਮਗਰੋਂ ਅਪਰੈਲ 2025 ਵਿੱਚ ਸ਼ੁਰੂ ਹੋਇਆ। ਹੁਣ ਤੱਕ ਇੱਥੇ ਸਿਰਫ਼ ਕੁਝ ਕੰਕਰੀਟ ਦੇ ਖੰਭੇ ਬਣਾਏ ਗਏ ਹਨ। ਸਿਰਫ਼ 100 ਮੀਟਰ ਦਾ ਇਹ ਢਾਂਚਾ ਜਿਸ ’ਤੇ 8.21 ਕਰੋੜ ਰੁਪਏ ਦੀ ਲਾਗਤ ਆਉਣੀ ਹੈ, ਦਾ ਕੰਮ ਹੁਣ ਮੀਂਹ ਕਰਕੇ ਪੱਛੜ ਗਿਆ ਹੈ। ਸਿਰਸਾ ਦੇ ਡਿਪਟੀ ਕਮਿਸ਼ਨਰ ਸ਼ਾਂਤਨੂ ਸ਼ਰਮਾ ਨੇ ਕਿਹਾ ਕਿ ਪ੍ਰਸ਼ਾਸਨ ਇਸ ਨੂੰ ਸਮੇਂ ਸਿਰ ਪੂਰਾ ਕਰਨ ਲਈ ਜ਼ੋਰ ਦੇਵੇਗਾ।
ਸਿਰਸਾ ਦੇ ਹੋਰ ਪਿੰਡ ਆਪਣੇ ਪੱਧਰ ’ਤੇ ਹੱਲ ਲੱਭਣ ਲਈ ਮਜਬੂਰ
ਮੱਲੇਵਾਲਾ ਅਤੇ ਪਨੀਹਾਰੀ ਵਰਗੇ ਪਿੰਡਾਂ ਵਿੱਚ ਵਸਨੀਕਾਂ ਨੇ ਸਰਕਾਰ ਦੀ ਮਦਦ ਦਾ ਇੰਤਜ਼ਾਰ ਨਹੀਂ ਕੀਤਾ। ਉਨ੍ਹਾਂ ਨੇ ਮਾਮਲੇ ਨੂੰ ਆਪਣੇ ਹੱਥਾਂ ਵਿੱਚ ਲਿਆ। 2004 ਵਿੱਚ ਮੱਲੇਵਾਲਾ ਦੇ ਲੋਕਾਂ ਨੇ ਡੇਰਾ ਬਾਬਾ ਭੂਮਣ ਸ਼ਾਹ ਦੇ ਸੇਵਾ ਦਾਸ ਦੀ ਅਗਵਾਈ ਵਿੱਚ ਖੁਦ 2.5 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਪੁਲ ਬਣਾਇਆ। ਇਹ ਭਾਈਚਾਰਕ ਕਾਰਵਾਈ ਦੀ ਇੱਕ ਪ੍ਰੇਰਣਾਦਾਇਕ ਮਿਸਾਲ ਹੈ, ਪਰ ਇਹ ਦੂਜੇ ਪਾਸੇ ਸਰਕਾਰੀ ਦੇਰੀ ਕਾਰਨ ਸਥਾਨਕ ਲੋਕਾਂ ਦੀ ਨਾਰਾਜ਼ਗੀ ਨੂੰ ਵੀ ਉਜਾਗਰ ਕਰਦਾ ਹੈ। ਘੱਗਰ ਨੇੜਲੇ ਪਿੰਡਾਂ ਦੇ ਵਸਨੀਕਾਂ ਨੂੰ ਉਮੀਦ ਹੈ ਕਿ ਉਨ੍ਹਾਂ ਦਾ ਲੰਮਾ ਇੰਤਜ਼ਾਰ ਜਲਦੀ ਹੀ ਖਤਮ ਹੋ ਜਾਵੇਗਾ ਅਤੇ ਉਨ੍ਹਾਂ ਨੂੰ ਆਪਣੀਆਂ ਜਾਨਾਂ ਹੋਰ ਖ਼ਤਰੇ ਵਿੱਚ ਨਹੀਂ ਪਾਉਣੀਆਂ ਪੈਣਗੀਆਂ।