Explainer: ਨੈਨੋ ਖਾਦਾਂ ਦੀ ਵਰਤੋਂ ਵਿੱਚ ਤੇਜ਼ੀ: ਮਾਹਿਰਾਂ ਨੇ ਫ਼ਾਇਦਿਆਂ ਦੇ ਨਾਲ ਖ਼ਤਰਿਆਂ ਬਾਰੇ ਵੀ ਸੁਚੇਤ ਕੀਤਾ
ਰਵਾਇਤੀ ਯੂਰੀਆ ਅਤੇ ਡੀਏਪੀ (ਡਾਈ-ਅਮੋਨੀਅਮ ਫਾਸਫੇਟ) ਦੇ ਬਦਲ ਵਜੋਂ ਨੈਨੋ-ਤਰਲ ਖਾਦਾਂ ਵਿੱਚ ਵੱਧ ਰਹੀ ਦਿਲਚਸਪੀ ਹਾਲ ਹੀ ਵਿੱਚ ਅੰਮ੍ਰਿਤਸਰ ਵਿਖੇ ਇੰਡੀਅਨ ਫਾਰਮਰਜ਼ ਫਰਟੀਲਾਈਜ਼ਰ ਕੋਆਪਰੇਟਿਵ (ਇਫਕੋ) ਵੱਲੋਂ ਆਯੋਜਿਤ ਇੱਕ ਵਰਕਸ਼ਾਪ ਵਿੱਚ ਕੇਂਦਰ ਬਿੰਦੂ ਰਹੀ।
ਇਸ ਸਮਾਗਮ ਦੌਰਾਨ (ਜਿਸ ਵਿੱਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ) ਵਿਗਿਆਨੀਆਂ, ਸਰਕਾਰੀ ਅਧਿਕਾਰੀਆਂ ਅਤੇ ਮਾਹਿਰਾਂ ਨੇ ਇਫਕੋ ਦੇ ਨੈਨੋ ਯੂਰੀਆ ਪਲੱਸ ਅਤੇ ਨੈਨੋ ਡੀਏਪੀ ਦੀ ਵਰਤੋਂ ਕਰਕੇ ਸੰਤੁਲਿਤ ਖਾਦ ਪ੍ਰਬੰਧਨ ’ਤੇ ਜ਼ੋਰ ਦਿੱਤਾ, ਜਿਨ੍ਹਾਂ ਨੂੰ ਲਾਗਤ-ਬਚਾਊ ਅਤੇ ਵਾਤਾਵਰਣ-ਪੱਖੀ ਨਵੀਨਤਾਵਾਂ ਵਜੋਂ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਕੀ ਹਨ ਨੈਨੋ ਖਾਦਾਂ ?
ਨੈਨੋ ਖਾਦਾਂ ਉਹ ਖਾਦਾਂ ਹੁੰਦੀਆਂ ਹਨ ਜਿਨ੍ਹਾਂ ਵਿੱਚ ਪੌਸ਼ਟਿਕ ਤੱਤ ਨੈਨੋ-ਪੱਧਰ ਦੇ ਰੂਪ ਵਿੱਚ ਹੁੰਦੇ ਹਨ, ਭਾਵ ਇੱਕ ਮੀਟਰ ਦਾ ਇੱਕ ਅਰਬਵਾਂ ਹਿੱਸਾ। ਇੱਕ ਉਦਾਹਰਣ ਦੇ ਤੌਰ ’ਤੇ ਮਨੁੱਖੀ ਵਾਲ ਲਗਭਗ 80,000 ਨੈਨੋਮੀਟਰ ਚੌੜੇ ਹੁੰਦੇ ਹਨ।
ਆਪਣੇ ਛੋਟੇ ਆਕਾਰ ਦੇ ਕਾਰਨ ਇਨ੍ਹਾਂ ਕਣਾਂ ਦਾ ਸਤ੍ਵਾ ਖੇਤਰਫਲ ਜ਼ਿਆਦਾ ਹੁੰਦਾ ਹੈ ਅਤੇ ਮੰਨਿਆ ਜਾਂਦਾ ਹੈ ਕਿ ਇਹ ਫਸਲਾਂ ਨੂੰ ਨਿਯੰਤਰਿਤ, ਹੌਲੀ ਅਤੇ ਨਿਸ਼ਾਨਾ-ਬੱਧ ਤਰੀਕੇ ਨਾਲ ਪੌਸ਼ਟਿਕ ਤੱਤ ਪ੍ਰਦਾਨ ਕਰਦੇ ਹਨ। ਉਦਾਹਰਣ ਵਜੋਂ ਇਫਕੋ ਨੈਨੋ-ਯੂਰੀਆ ਇੱਕ ‘ਚਿਟੋਸਨ ਬਾਇਓਪੋਲੀਮਰ’ ਅਧਾਰਤ ਐਨਕੈਪਸੂਲੇਟਿਡ ਯੂਰੀਆ ਖਾਦ ਹੈ। ਚਿਟੋਸਨ ਇੱਕ ਕੁਦਰਤੀ ਪੌਲੀਮਰ ਹੈ ਜੋ ਛੋਟੇ ਜੀਵਾਂ ਦੇ ਬਾਹਰੀ ਢਾਂਚੇ ਵਿੱਚ ਪਾਏ ਜਾਣ ਵਾਲੇ ਕਾਈਟਿਨ ਤੋਂ ਬਣਦਾ ਹੈ।
ਇਸ ਵਿੱਚ ਚਾਰ ਪ੍ਰਤੀਸ਼ਤ ਨੈਨੋ-ਨਾਈਟ੍ਰੋਜਨ ਘੋਲ ਜਾਂ 20 ਗ੍ਰਾਮ ਨਾਈਟ੍ਰੋਜਨ ਪ੍ਰਤੀ 500 ਮਿਲੀਲੀਟਰ ਹੁੰਦਾ ਹੈ, ਜਿਸ ਨੂੰ ਸ਼ੁਰੂਆਤੀ ਵਿਕਾਸ ਪੜਾਅ ’ਤੇ ਅਤੇ ਫੁੱਲ ਆਉਣ ਤੋਂ ਪਹਿਲਾਂ ਦੋ ਵਾਰ ਪੱਤਿਆਂ ’ਤੇ ਛਿੜਕਾਅ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। ਰਿਪੋਰਟਾਂ ਅਨੁਸਾਰ ਇਹ ਝੋਨੇ ਅਤੇ ਕਣਕ ਦੀ ਖੇਤੀ ਵਿੱਚ ਰਵਾਇਤੀ ਮਿੱਟੀ ਵਿੱਚ ਪਾਈ ਜਾਣ ਵਾਲੀ ਯੂਰੀਆ ਦੀਆਂ ਲੋੜਾਂ ਨੂੰ ਲਗਭਗ 50 ਫੀਸਦੀ ਤੱਕ ਘਟਾਉਂਦਾ ਹੈ।
ਇਹ ਰਵਾਇਤੀ ਖਾਦਾਂ ਤੋਂ ਕਿਵੇਂ ਵੱਖਰੀਆਂ ਹਨ ?
ਯੂਰੀਆ ਅਤੇ ਡੀਏਪੀ ਵਰਗੀਆਂ ਰਵਾਇਤੀ ਖਾਦਾਂ ਸਿੱਧੇ ਮਿੱਟੀ ਵਿੱਚ ਪਾਈਆਂ ਜਾਂ ਮਿਲਾ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਦੀ ਪੌਸ਼ਟਿਕ ਤੱਤਾਂ ਦੀ ਵਰਤੋਂ ਦੀ ਸਮਰੱਥਾ (NUE) ਘੱਟ ਹੈ, ਜਿਸ ਵਿੱਚ ਲਗਭਗ 35-45 ਪ੍ਰਤੀਸ਼ਤ ਨਾਈਟ੍ਰੋਜਨ ਹੀ ਫਸਲਾਂ ਦੁਆਰਾ ਜਜ਼ਬ ਕੀਤੀ ਜਾਂਦੀ ਹੈ ਜਦੋਂ ਕਿ ਬਾਕੀ ਲੀਚਿੰਗ (ਰਿਸਾਅ), ਵਾਸ਼ਪੀਕਰਨ ਜਾਂ ਵਹਾਅ ਕਾਰਨ ਨਸ਼ਟ ਹੋ ਜਾਂਦੀ ਹੈ।
ਇਸ ਦੇ ਉਲਟ ਜਦੋਂ ਨੈਨੋ ਖਾਦਾਂ ਦਾ ਛਿੜਕਾਅ ਕੀਤਾ ਜਾਂਦਾ ਹੈ, ਕਿਹਾ ਜਾਂਦਾ ਹੈ ਕਿ ਇਹ ਪੌਸ਼ਟਿਕ ਤੱਤ ਸਿੱਧੇ ਪੌਦਿਆਂ ਦੇ ਟਿਸ਼ੂਆਂ ਤੱਕ ਪਹੁੰਚਾਉਂਦੀਆਂ ਹਨ। ਇਸ ਨਾਲ ਬਰਬਾਦੀ ਘੱਟ ਹੁੰਦੀ ਹੈ। ਇਫਕੋ ਦੇ ਅਧਿਕਾਰੀਆਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਨੈਨੋ ਖਾਦਾਂ ਲਾਗਤ ਖਰਚੇ ਅਤੇ ਵਾਤਾਵਰਣ ਦੇ ਨੁਕਸਾਨ ਨੂੰ ਘਟਾਉਂਦੀਆਂ ਹਨ।
ਮਾਹਿਰਾਂ ਦੇ ਵਿਚਾਰ
ਵਰਕਸ਼ਾਪ ਵਿੱਚ ਸ਼ਾਮਲ ਹੋਏ ਕੁਝ ਕਿਸਾਨਾਂ ਨੇ ਰਵਾਇਤੀ ਖਾਦਾਂ ਦੇ ਇੱਕ ਹਿੱਸੇ ਨੂੰ ਨੈਨੋ ਫਾਰਮੂਲੇਸ਼ਨ ਨਾਲ ਬਦਲਣ ਤੋਂ ਬਾਅਦ ਝਾੜ ਵਿੱਚ ਸਪੱਸ਼ਟ ਸੁਧਾਰ ਦਾ ਦਾਅਵਾ ਕੀਤਾ ਹੈ। ਪਰਚੂਨ ਵਿਕਰੇਤਾਵਾਂ ਨੇ ਵੀ ਕਿਸਾਨਾਂ ਵੱਲੋਂ ਵਾਰ-ਵਾਰ ਮੰਗ ਅਤੇ ਸਕਾਰਾਤਮਕ ਪ੍ਰਤੀਕਿਰਿਆ ਵੇਖੀ ਹੈ, ਹਾਲਾਂਕਿ ਕੁਝ ਮਾਹਿਰਾਂ ਦੁਆਰਾ ਇਸਦੇ ਉਲਟ ਵਿਚਾਰ ਵੀ ਹਨ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੁਖੀ (ਭੂਮੀ ਵਿਗਿਆਨ) ਡਾ. ਰਾਜੀਵ ਸਿੱਕਾ ਦਾ ਵੱਖਰਾ ਵਿਚਾਰ ਹੈ ਅਤੇ ਉਹ ਸਾਵਧਾਨੀ ਵਰਤਣ ਦੀ ਅਪੀਲ ਕਰਦੇ ਹਨ। ਡਾ. ਸਿੱਕਾ ਨੇ ਕਿਹਾ, ‘‘ਵਿਭਾਗ ਵੱਲੋਂ 2019-2025 ਨੂੰ ਕਵਰ ਕਰਦੇ ਹੋਏ ਇੱਕ ਬਹੁ-ਸਾਲਾ ਖੇਤਰੀ ਅਧਿਐਨ ਵਿੱਚ ਪਾਇਆ ਗਿਆ ਕਿ ਨੈਨੋ ਯੂਰੀਆ ਨੂੰ ਅੰਸ਼ਕ ਬਦਲ ਵਜੋਂ ਵਰਤਣ ਨਾਲ ਅਸਲ ਵਿੱਚ ਝੋਨੇ ਦੇ ਝਾੜ ਵਿੱਚ 13-17 ਪ੍ਰਤੀਸ਼ਤ ਦੀ ਕਮੀ ਆਈ ਅਤੇ ਕਣਕ ਦੇ ਦਾਣਿਆਂ ਵਿੱਚ ਨਾਈਟ੍ਰੋਜਨ ਦੀ ਮਾਤਰਾ ਵਿੱਚ 11.5-21.6 ਪ੍ਰਤੀਸ਼ਤ ਦੀ ਗਿਰਾਵਟ ਆਈ।’’
ਉਨ੍ਹਾਂ ਕਿਹਾ, ‘‘ਭਾਵੇਂ ਇਸ ਨੈਨੋ ਫਾਰਮੂਲੇਸ਼ਨ ਰਾਹੀਂ 100 ਪ੍ਰਤੀਸ਼ਤ ਵਰਤੋਂ ਦੀ ਸਮਰੱਥਾ ਵੀ ਹਾਸਲ ਕਰ ਲਈ ਜਾਵੇ, ਫਿਰ ਵੀ 45 ਕਿਲੋ ਰਵਾਇਤੀ ਯੂਰੀਆ ਦੁਆਰਾ ਪ੍ਰਦਾਨ ਕੀਤੇ ਗਏ ਨਾਈਟ੍ਰੋਜਨ ਦੀ ਤੁਲਨਾ ਵਿੱਚ ਵਧ ਰਹੀ ਫਸਲ ਨੂੰ ਲੋੜੀਂਦੇ ਨਾਈਟ੍ਰੋਜਨ ਪੋਸ਼ਕ ਤੱਤ ਪ੍ਰਦਾਨ ਨਹੀਂ ਕੀਤੇ ਜਾ ਸਕਦੇ। ਨੈਨੋ ਯੂਰੀਆ ਦੇ ਪੱਤਿਆਂ ’ਤੇ ਛਿੜਕਾਅ ਅਤੇ ਦਾਣੇਦਾਰ ਯੂਰੀਆ ਨਾਲ ਪ੍ਰਾਪਤ ਦਾਣਿਆਂ ਦਾ ਝਾੜ ਬਰਾਬਰ ਪਾਇਆ ਗਿਆ।’’
ਡਾ. ਸਿੱਕਾ ਚੇਤਾਵਨੀ ਦਿੰਦੇ ਹਨ ਕਿ ਨੈਨੋ ਖਾਦਾਂ ’ਤੇ ਬਹੁਤ ਜ਼ਿਆਦਾ ਨਿਰਭਰ ਰਹਿਣਾ ਖਾਸ ਕਰਕੇ ਝੋਨੇ ਅਤੇ ਕਣਕ ਵਰਗੀਆਂ ਮੁੱਖ ਫਸਲਾਂ ਲਈ ਭੋਜਨ ਅਤੇ ਪੋਸ਼ਣ ਸੁਰੱਖਿਆ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਤੋਂ ਇਲਾਵਾ ਉਹ ਦੱਸਦੇ ਹਨ ਕਿ ਨੈਨੋ ਯੂਰੀਆ ਰਵਾਇਤੀ ਯੂਰੀਆ ਨਾਲੋਂ ਲਗਪਗ 10 ਗੁਣਾ ਮਹਿੰਗਾ ਹੈ ਅਤੇ ਬਚੀ ਹੋਈ ਪਰਾਲੀ ਵਿੱਚ ਘੱਟ ਨਾਈਟ੍ਰੋਜਨ ਹੋਣ ਕਾਰਨ ਉੱਚ ਕਾਰਬਨ-ਤੋਂ-ਨਾਈਟ੍ਰੋਜਨ ਅਨੁਪਾਤ ਕਾਰਨ ਮਿੱਟੀ ਦੀ ਸਿਹਤ ਸੰਭਾਲ ਨੂੰ ਗੁੰਝਲਦਾਰ ਬਣਾਉਂਦਾ ਹੈ।
ਲੋੜੀਂਦੀ ਜਾਂਚ ਜਾਂ ਰੈਗੂਲੇਟਰੀ ਪ੍ਰਵਾਨਗੀ ਤੋਂ ਬਿਨਾਂ ਨੈਨੋ ਖਾਦਾਂ ਪੇਸ਼ ਕਰਨ ਵਾਲੀਆਂ ਕੰਪਨੀਆਂ ਦੀ ਵੱਧ ਰਹੀ ਗਿਣਤੀ ਇੱਕ ਹੋਰ ਮੁੱਦਾ ਹੈ। ਡਾ. ਸਿੱਕਾ ਦੇ ਅਨੁਸਾਰ ਬਹੁਤ ਸਾਰੇ ਉਤਪਾਦ ਫਸਲਾਂ ’ਤੇ ਪ੍ਰਭਾਵ, ਮਿੱਟੀ ’ਤੇ ਅਸਰ ਜਾਂ ਲੰਬੇ ਸਮੇਂ ਦੀ ਸਥਿਰਤਾ ਬਾਰੇ ਬਿਨਾਂ ਕਿਸੇ ਪ੍ਰਮਾਣਿਤ ਡੇਟਾ ਦੇ ਬਾਜ਼ਾਰ ਵਿੱਚ ਦਾਖਲ ਹੋ ਰਹੇ ਹਨ। ਇਹ ਗੁੰਮਰਾਹਕੁੰਨ ਮਾਰਕੀਟਿੰਗ ਕਿਸਾਨਾਂ ਨੂੰ ਆਰਥਿਕ ਨੁਕਸਾਨ ਪਹੁੰਚਾ ਸਕਦੀ ਹੈ ਅਤੇ ਅਸਲ ਨਵੀਨਤਾ ਵਿੱਚ ਵਿਸ਼ਵਾਸ ਘਟਾ ਸਕਦੀ ਹੈ।
ਮਾਹਿਰ ਜ਼ੋਰ ਦਿੰਦੇ ਹਨ ਕਿ ਇਸ ਨੂੰ ਅਪਣਾਉਣ ਲਈ ਮਾਰਗਦਰਸ਼ਨ ਮਾਰਕੀਟਿੰਗ ਦੇ ਨਾਅਰਿਆਂ ਦੀ ਬਜਾਏ ਵਿਗਿਆਨਕ ਤਰਕ ਅਤੇ ਖੇਤਰੀ ਅੰਕੜਿਆਂ ’ਤੇ ਅਧਾਰਤ ਹੋਣਾ ਚਾਹੀਦਾ ਹੈ। ਜਦੋਂ ਤੱਕ ਵਧੇਰੇ ਮਜ਼ਬੂਤ ਅਤੇ ਸੁਤੰਤਰ ਟਰਾਇਲ ਫਸਲਾਂ ਅਤੇ ਮੌਸਮਾਂ ਵਿੱਚ ਇਨ੍ਹਾਂ ਦੇ ਲਾਭਾਂ ਦੀ ਪੁਸ਼ਟੀ ਨਹੀਂ ਕਰਦੇ, ਨੈਨੋ ਖਾਦਾਂ ਨੂੰ ਰਵਾਇਤੀ ਪੌਸ਼ਟਿਕ ਤੱਤ ਪ੍ਰਬੰਧਨ ਦੇ ਬਦਲ ਵਜੋਂ ਨਹੀਂ, ਬਲਕਿ ਪੂਰਕ ਵਜੋਂ ਦੇਖਿਆ ਜਾਣਾ ਚਾਹੀਦਾ ਹੈ।