Explainer ਭਾਰੀ ਮੀਂਹ ਨਾਲ ਪੰਜਾਬ ਹਾਲੋਂ ਬੇਹਾਲ; ਜਾਣੋਂ ਚੰਡੀਗੜ੍ਹ ਹੜ੍ਹਾਂ ਤੋਂ ਕਿਵੇਂ ਬਚਿਆ
ਪੂਰੇ ਉੱਤਰੀ ਭਾਰਤ ਖਾਸ ਕਰਕੇ ਪੰਜਾਬ ਨੂੰ ਇਸ ਵੇਲੇ ਮੌਨਸੂਨ ਦੇ ਮੀਂਹ ਦੀ ਵੱਡੀ ਮਾਰ ਝੱਲਣੀ ਪੈ ਰਹੀ ਹੈ ਪਰ ਰਾਜਧਾਨੀ ਚੰਡੀਗੜ੍ਹ ਦਾ ਆਪਣਾ ਕੁਦਰਤੀ ਡਰੇਨੇਜ ਸਿਸਟਮ- ਚੋਆਂ(ਸੀਜ਼ਨਲ ਨਦੀ ਨਾਲਿਆਂ) ਦਾ ਤਾਣਾ-ਬਾਣਾ ਇਸ ਨੂੰ ਹੜ੍ਹਾਂ ਤੋਂ ਬਚਾਉਣ ਵਿਚ ਅਹਿਮ ਸਾਬਤ ਹੋਇਆ ਹੈ।
ਚੰਡੀਗੜ੍ਹ ਵਿੱਚ ਪੰਜ ਪ੍ਰਮੁੱਖ ਚੋਅ ਹਨ, ਜਿਨ੍ਹਾਂ ਵਿੱਚ ਸੁਖਨਾ ਚੋਅ, ਐਨ-ਚੋਅ, ਪਟਿਆਲਾ ਕੀ ਰਾਓ ਅਤੇ ਧਨਾਸ ਚੋਅ ਸ਼ਾਮਲ ਹਨ, ਜੋ ਮੀਂਹ ਕਣੀ ਦੇ ਪਾਣੀ ਨੂੰ ਘੱਗਰ ਨਦੀ ਵਿਚ ਲੈ ਕੇ ਜਾਂਦੇ ਹਨ। ਇਹ ਚੋਅ ਚੰਡੀਗੜ੍ਹ ਲਈ ਸੁਰੱਖਿਆ ਵਾਲਵ ਹਨ ਤੇ ਇਨ੍ਹਾਂ ਤੋਂ ਬਿਨਾਂ ਨੀਵੇਂ ਇਲਾਕੇ ਪਾਣੀ ਵਿਚ ਡੁੱਬ ਗਏ ਹੁੰਦੇ। ਸੁਖਨਾ ਚੋਅ ਦਾ ਪਾਣੀ ਸੁਖਨਾ ਝੀਲ ਵਿਚ ਵੀ ਜਾਂਦਾ ਹੈ ਜਦੋਂਕਿ ਐੱਨ-ਚੋਅ ਚੰਡੀਗੜ੍ਹ ਸ਼ਹਿਰ ਵਿਚ ਦੀ ਹੁੰਦਾ ਹੋਇਆ ਮੀਂਹ ਦੇ ਪਾਣੀ ਨੂੰ ਮੁਹਾਲੀ ਤੱਕ ਲੈ ਕੇ ਜਾਂਦਾ ਹੈ।
ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਿਚ ਦਿਖਾਇਆ ਗਿਆ ਹੈ ਕਿ ਸ਼ਹਿਰ ਨੂੰ ਹੜ੍ਹ ਤੋਂ ਬਚਾਉਣ ਲਈ ਮੀਂਹ ਦਾ ਪਾਣੀ ਕਿਵੇਂ ਇਨ੍ਹਾਂ ਚਾਰ ਚੋਆਂ ਵਿਚ ਜਾਂਦਾ ਹੈ। ਚੰਡੀਗੜ੍ਹੀਏ ਇਸ ਗੱਲ ’ਤੇ ਜ਼ੋਰ ਦੇ ਰਹੇ ਹਨ ਕਿ ਸ਼ਹਿਰ ਦੇ ਇਨ੍ਹਾਂ ਕੁਦਰਤੀ ਨਾਲਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਾਲ ਇਨ੍ਹਾਂ ਦੀ ਮੁੜ ਸੁਰਜੀਤੀ ਦੀ ਲੋੜ ਹੈ। ਇਨ੍ਹਾਂ ਵਿਚੋਂ ਇਕ ਨੇ ਕਿਹਾ, ‘‘ਚੋਅ ਸਿਰਫ਼ ਬਰਸਾਤੀ ਨਾਲੇ ਨਹੀਂ ਹਨ, ਇਹ ਵਾਤਾਵਰਨਕ ਸੰਪਤੀ ਹਨ। ਜੇਕਰ ਅਸੀਂ ਇਨ੍ਹਾਂ ਦੀ ਸਾਂਭ ਸੰਭਾਲ ਕਰਾਂਗੇ ਤਾਂ ਇਹ ਅੱਗੇ ਸਾਡੀ ਸੰਭਾਲ ਕਰਨਗੇ।’’ ਇਕ ਹੋਰ ਨੇ ਲਿਖਿਆ, ‘ਸ਼ਹਿਰ ਦੀ ਇਕ ਬਿਹਤਰੀਨ ਯੋਜਨਾਬੰਦੀ ਕੀ ਕਰ ਸਕਦੀ ਹੈ।’’
ਚੰਡੀਗੜ੍ਹ ਵਿਚ ਮੀਂਹ ਪੈਣ ਦਾ ਸਿਲਸਿਲਾ ਜਾਰੀ ਹੈ ਤੇ ਚੰਡੀਗੜ੍ਹ ਦੇ ਇਹ ਚੋਅ ਸ਼ਾਂਤ ਰਖਵਾਲੇ ਬਣ ਕੇ ਸ਼ਹਿਰ ਨੂੰ ਪਾਣੀ ਭਰਨ ਅਤੇ ਹੜ੍ਹਾਂ ਤੋਂ ਬਚਾਉਂਦੇ ਹਨ।
ਪੀਟੀਆਈ ਦੀ ਰਿਪੋਰਟ ਮੁਤਾਬਕ ਯੂਟੀ ਚੰਡੀਗੜ੍ਹ ਦੇ ਮੁੱਖ ਸਕੱਤਰ (ਇੰਚਾਰਜ) ਮਨਦੀਪ ਸਿੰਘ ਬਰਾੜ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਇਨ੍ਹਾਂ ਚੋਆਂ ਵਿਚ ਪਾਣੀ ਭਰਨ ਦੀ ਲਗਾਤਾਰ ਸਮੀਖਿਆ ਤੇ ਨਿਗਰਾਨੀ ਕਰਨ ਅਤੇ ਖਾਸ ਤੌਰ ’ਤੇ ਕਮਜ਼ੋਰ ਬਿੰਦੂਆਂ ਉੱਤੇ ਧਿਆਨ ਦੇਣ।
ਉਨ੍ਹਾਂ ਹਦਾਇਤ ਕੀਤੀ ਕਿ ਪਟਿਆਲਾ ਕੀ ਰਾਓ (ਮੌਸਮੀ ਧਾਰਾ) ਵਿਚ ਪਾਣੀ ਦੇ ਪੱਧਰ ’ਤੇ ਨੇੜਿਓਂ ਨਜ਼ਰ ਰੱਖੀ ਜਾਵੇ ਅਤੇ ਲੋੜ ਪੈਣ ’ਤੇ ਨੀਵੇਂ ਇਲਾਕਿਆਂ ਨੂੰ ਸਮੇਂ ਸਿਰ ਚੇਤਾਵਨੀਆਂ ਜਾਰੀ ਕੀਤੀਆਂ ਜਾਣ।
ਪੁਲੀਸ ਵਿਭਾਗ ਨੂੰ ਪਾਣੀ ਨਾਲ ਭਰੇ ਇਲਾਕਿਆਂ ਵਿੱਚ ਸਹੀ ਆਵਾਜਾਈ ਨਿਯਮ ਅਤੇ ਸੁਰੱਖਿਆ ਉਪਾਅ ਯਕੀਨੀ ਬਣਾਉਣ ਲਈ ਕਿਹਾ ਗਿਆ ਸੀ। ਇਹੀ ਨਹੀਂ ਸਿਹਤ ਵਿਭਾਗ ਨੂੰ ਗੁਆਂਢੀ ਰਾਜਾਂ ਤੋਂ ਮਰੀਜ਼ਾਂ ਦੀ ਆਮਦ ਵਿੱਚ ਸੰਭਾਵਿਤ ਵਾਧੇ ਨੂੰ ਧਿਆਨ ਵਿੱਚ ਰੱਖਦੇ ਹੋਏ ਦਵਾਈਆਂ ਅਤੇ ਸਟਾਫ ਦੀ ਲੋੜੀਂਦੀ ਸਪਲਾਈ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਗਈ ਹੈ। ਸਰਕਾਰੀ ਵਿਭਾਗਾਂ ਨੂੰ ਕਿਸੇ ਵੀ ਹੰਗਾਮੀ ਹਾਲਾਤ ਲਈ ਤਿਆਰ ਬਰ ਤਿਆਰ ਰਹਿਣ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਸਤਲੁਜ, ਬਿਆਸ ਅਤੇ ਰਾਵੀ ਦਰਿਆਵਾਂ ਦੇ ਵਧਦੇ ਪੱਧਰ ਅਤੇ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਵਿੱਚ ਇਨ੍ਹਾਂ ਦੇ ਕੈਚਮੈਂਟ ਖੇਤਰਾਂ ਵਿੱਚ ਭਾਰੀ ਮੀਂਹ ਕਾਰਨ ਭਾਰੀ ਪੰਜਾਬ ਦੇ ਬਾਰ੍ਹਾਂ ਜ਼ਿਲ੍ਹੇ ਇਸ ਵੇਲੇ ਹੜ੍ਹਾਂ ਦੀ ਲਪੇਟ ਵਿੱਚ ਹਨ।