ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Explainer: ਬੱਦਲ ਫਟਣ ਦੀਆਂ ਘਟਨਾਵਾਂ ’ਚ ਵਾਧਾ ਤੇ ਭਵਿੱਖਬਾਣੀ!!

ਬੱਦਲ ਫਟਣ ਨਾਲ ਪੈਦਾ ਹੋਣ ਵਾਲੇ ਖ਼ਤਰੇ ਅਤੇ ਮੌਸਮ ਵਿਭਾਗ ਦੀਆਂ ਭਵਿੱਖਬਾਣੀਆਂ ਨੂੰ ਬਿਹਤਰ ਬਣਾਉਣ ਦੀਆਂ ਪਹਿਲਕਦਮੀਆਂ
Advertisement

ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਥਰਾਲੀ ਖੇਤਰ ਵਿੱਚ ਅੱਜ ਤੜਕੇ ਇੱਕ ਹੋਰ ਬੱਦਲ ਫਟਣ ਦੀ ਘਟਨਾ ਵਾਪਰੀ, ਜਿਸ ਵਿੱਚ ਅਚਾਨਕ ਹੜ੍ਹ ਅਤੇ ਜ਼ਮੀਨ ਖਿਸਕਣ ਦੀ ਸਥਿਤੀ ਪੈਦਾ ਹੋ ਗਈ। ਕਈ ਇਮਾਰਤਾਂ ਅਤੇ ਵਾਹਨ ਮਲਬੇ ਹੇਠ ਦੱਬ ਗਏ ਅਤੇ ਕਈ ਲੋਕਾਂ ਦੇ ਫਸੇ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ।

ਇਸ ਸਾਲ ਉੱਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਸਣੇ ਕਈ ਉੱਤਰੀ ਸੂਬਿਆਂ ਵਿੱਚ ਪਹਿਲਾਂ ਹੀ ਬੱਦਲ ਫਟਣ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ, ਜਿਨ੍ਹਾਂ ਵਿੱਚ ਜਾਨੀ ਨੁਕਸਾਨ ਤੇ ਨਾਲ-ਨਾਲ ਜਾਇਦਾਦ ਅਤੇ ਬੁਨਿਆਦੀ ਢਾਂਚੇ ਦਾ ਭਾਰੀ ਨੁਕਸਾਨ ਹੋਇਆ ਹੈ।

Advertisement

ਬੱਦਲ ਫਟਣ ਦਾ ਮਤਲਬ ਭਾਰੀ ਮੀਂਹ ਹੈ, ਜੋ ਲਗਭਗ 30 ਵਰਗ ਕਿਲੋਮੀਟਰ ਦੇ ਖੇਤਰ ਵਿੱਚ 100 ਮਿਲੀਮੀਟਰ ਪ੍ਰਤੀ ਘੰਟਾ ਦੀ ਦਰ ਨਾਲ ਪੈਂਦਾ ਹੈ। ਅਜਿਹਾ ਲਗਦਾ ਹੈ ਜਿਵੇਂ ਬੱਦਲ ਆਪਣੇ ਸਾਰੇ ਨਮੀ ਭੰਡਾਰਾਂ ਨੂੰ ਇੱਕੋ ਵਾਰ ਬਾਹਰ ਕੱਢ ਰਹੇ ਹੋਣ, ਜਿਸ ਨੂੰ ਕਈ ਵਾਰ ‘Rain Bomb’ ਵੀ ਕਿਹਾ ਜਾਂਦਾ ਹੈ।

ਬੱਦਲ ਆਮ ਤੌਰ ’ਤੇ ਪਹਾੜੀ ਖੇਤਰਾਂ ’ਚ ਫਟਦੇ ਹਨ ਪਰ ਜੇਕਰ ਅਜਿਹੀਆਂ ਮੌਸਮੀ ਸਥਿਤੀਆਂ ਬਣਦੀਆਂ ਹਨ ਤਾਂ ਇਹ ਹੋਰ ਖੇਤਰਾਂ ਵਿੱਚ ਵੀ ਹੋ ਸਕਦਾ ਹੈ। ਮੌਨਸੂਨ ਸੀਜ਼ਨ ਦੌਰਾਨ ਬੱਦਲ ਫਟਣ ਦੀ ਸੰਭਾਵਨਾ ਬਾਕੀ ਮਹੀਨਿਆਂ ਨਾਲੋਂ ਵੱਧ ਹੁੰਦੀ ਹੈ।

ਮੌਸਮ ਮਾਹਿਰਾਂ ਮੁਤਾਬਿਕ ਬੱਦਲ ਫਟਣ ਦਾ ਕਾਰਨ ਵਾਯੂਮੰਡਲ ਦੀਆਂ ਸਥਿਤੀਆਂ, ਹਵਾ ਦੀਆਂ ਸੀਤ ਲਹਿਰਾਂ, ਬੱਦਲਾਂ ਦੀ ਗਤੀ ਅਤੇ ਭੂਗੋਲਿਕਤਾ ਨਾਲ ਸਬੰਧਤ ਹੈ। ਜਦੋਂ ਨੀਵੇਂ ਖੇਤਰਾਂ ਤੋਂ ਗਰਮ, ਨਮੀ ਵਾਲੀ ਹਵਾ ਪਹਾੜੀ ਢਲਾਣਾਂ (ਜਿਸ ਨੂੰ Orographic lifting ਕਿਹਾ ਜਾਂਦਾ ਹੈ) ਦੇ ਨਾਲ ਉੱਪਰ ਉੱਠਦੀ ਹੈ, ਤਾਂ ਇਹ ਉੱਚਾਈ ’ਤੇ ਘੱਟ ਦਬਾਅ ਕਾਰਨ ਤੇਜ਼ੀ ਨਾਲ ਫੈਲਦੀ ਅਤੇ ਠੰਢੀ ਹੁੰਦੀ ਹੈ।

ਜਦੋਂ ਇਹ ਹਵਾ ਆਪਣੇ ਤਰੇਲ ਬਿੰਦੂ 'ਤੇ ਪਹੁੰਚਦੀ ਹੈ ਤਾਂ ਇਸ ਵਿੱਚ ਪਾਣੀ ਦੀ ਭਾਫ਼ ਬੂੰਦਾਂ ਵਿੱਚ ਸੰਘਣੀ ਹੋ ਜਾਂਦੀ ਹੈ ਅਤੇ cumulonimbus ਬੱਦਲ ਬਣਦੇ ਹਨ। ਇਨ੍ਹਾਂ ਬੱਦਲਾਂ ਦੇ ਅੰਦਰ ਤੇਜ਼ ਉੱਪਰ ਵੱਲ ਵਗਦੀਆਂ ਧਾਰਾਵਾਂ (ਅੱਪਡਰਾਫਟ) ਪਾਣੀ ਦੀਆਂ ਬੂੰਦਾਂ ਅਤੇ ਬਰਫ਼ ਦੇ ਕਣਾਂ ਨੂੰ ਡਿੱਗਣ ਤੋਂ ਰੋਕਦੀਆਂ ਹਨ।

ਜਦੋਂ ਬੱਦਲ ਜ਼ਿਆਦਾ ਸੰਘਣੇ ਹੋ ਜਾਂਦੇ ਹਨ ਅਤੇ ਉੱਪਰ ਵੱਲ ਡਿੱਗਣ ਵਾਲੇ ਹਿੱਸੇ ਕਮਜ਼ੋਰ ਹੋ ਜਾਂਦੇ ਹਨ ਜਾਂ ਬੂੰਦਾਂ ਬਹੁਤ ਵੱਡੀਆਂ ਹੋ ਜਾਂਦੀਆਂ ਹਨ ਤਾਂ ਅਚਾਨਕ ਮੀਂਹ ਪੈਂਦਾ ਹੈ। ਇਹ ਮੀਂਹ Langmuir precipitation ਪ੍ਰਕਿਰਿਆ ਦੁਆਰਾ ਹੋਰ ਤੇਜ਼ ਹੁੰਦਾ ਹੈ, ਜਿਸ ਵਿੱਚ ਵੱਡੀਆਂ ਬੂੰਦਾਂ ਟਕਰਾਉਂਦੀਆਂ ਹਨ ਅਤੇ ਛੋਟੀਆਂ ਬੂੰਦਾਂ ਨੂੰ ਸੋਖ ਲੈਂਦੀਆਂ ਹਨ, ਜਿਸ ਨਾਲ ਉਨ੍ਹਾਂ ਦਾ ਆਕਾਰ ਵਧ ਜਾਂਦਾ ਹੈ। ਬੱਦਲ ਫਟਣ ਦੀ ਮਿਆਦ ਕੁਝ ਮਿੰਟਾਂ ਤੋਂ ਕਈ ਘੰਟਿਆਂ ਤੱਕ ਹੋ ਸਕਦੀ ਹੈ।

ਮੌਸਮ ਵਿਗਿਆਨੀ ਇਹ ਤਾਂ ਚੰਗੀ ਤਰ੍ਹਾਂ ਪੇਸ਼ੀਨਗੋਈ ਕਰ ਸਕਦੇ ਹਨ ਕਿ ਕਿਸੇ ਖੇਤਰ ਵਿੱਚ ਹਲਕੀ, ਦਰਮਿਆਨੀ, ਭਾਰੀ ਜਾਂ ਬਹੁਤ ਭਾਰੀ ਬਾਰਿਸ਼ ਹੋਵੇਗੀ, ਪਰ ਬੱਦਲ ਫਟਣ ਵਰਗੀਆਂ ਘਟਨਾਵਾਂ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ। ਇਹ ਸਥਾਨਕ ਪ੍ਰਕਿਰਤੀ, ਥੋੜ੍ਹੇ ਸਮੇਂ ਅਤੇ ਇਨ੍ਹਾਂ ਘਟਨਾਵਾਂ ਦੀ ਅਚਾਨਕਤਾ ਦੇ ਕਾਰਨ ਹੈ।

ਹਾਲਾਂਕਿ ਸੈਟੇਲਾਈਟ ਡਾਟਾ ਦੀ ਵਿਆਪਕ ਤੌਰ ’ਤੇ ਵਰਤੋਂ ਵਾਯੂਮੰਡਲ ਦੀਆਂ ਸਥਿਤੀਆਂ ਅਤੇ ਵੱਡੇ ਪੱਧਰ ’ਤੇ ਮੌਸਮ ਪ੍ਰਣਾਲੀਆਂ ਨੂੰ ਸਮਝਣ ਲਈ ਕੀਤੀ ਜਾਂਦੀ ਹੈ, ਪਰ ਇਨ੍ਹਾਂ ਉਪਗ੍ਰਹਿਆਂ ਤੋਂ ਵਰਖਾ ਦਾ ਰੈਜ਼ੋਲਿਊਸ਼ਨ ਇੱਕ ਵਿਕਾਸਸ਼ੀਲ ਬੱਦਲ ਫਟਣ ਦੁਆਰਾ ਕਵਰ ਕੀਤੇ ਗਏ ਖੇਤਰ ਨਾਲੋਂ ਘੱਟ ਹੁੰਦਾ ਹੈ, ਜਿਸ ਕਾਰਨ ਅਕਸਰ ਇਨ੍ਹਾਂ ਘਟਨਾਵਾਂ ਦਾ ਪਤਾ ਨਹੀਂ ਲੱਗਦਾ। ਮੌਸਮ ਦੀ ਭਵਿੱਖਬਾਣੀ ਕਰਨ ਵਾਲੇ ਮਾਡਲਾਂ ਨੂੰ ਵੀ ਇਸ ਚੁਣੌਤੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਮਾਹਿਰ ਮੰਨਦੇ ਹਨ ਕਿ ਪਹਾੜੀ ਖੇਤਰਾਂ ਵਿੱਚ ਮੀਂਹ ਦੀ ਕੁਸ਼ਲ ਭਵਿੱਖਬਾਣੀ ਕਰਨਾ ਮੁਸ਼ਕਲ ਹੈ ਕਿਉਂਕਿ ਇਸ ਵਿੱਚ ਵਾਯੂਮੰਡਲ ਦੇ ਵੱਖ-ਵੱਖ ਪੱਧਰਾਂ ’ਤੇ ਨਮੀ, ਭੂਗੋਲ, ਬੱਦਲ ਸੂਖਮ ਭੌਤਿਕ ਵਿਗਿਆਨ ਅਤੇ ਗਰਮੀ-ਠੰਢਾ ਕਰਨ ਦੀਆਂ ਪ੍ਰਕਿਰਿਆਵਾਂ ਨੂੰ ਸਮਝਣਾ ਸ਼ਾਮਲ ਹੈ।

ਇਸ ਤੋਂ ਇਲਾਵਾ Doppler ਰਾਡਾਰ ਅਤੇ ਸ਼ੁਰੂਆਤੀ ਚਿਤਾਵਨੀ ਸੈਂਸਰਾਂ ਵਰਗੇ ਬੁਨਿਆਦੀ ਢਾਂਚੇ ਦੀ ਘਾਟ ਵੀ ਇੱਕ ਵੱਡੀ ਚੁਣੌਤੀ ਹੈ। ਕਿਸੇ ਖੇਤਰ ਦੇ ਮੌਸਮ ਦੀ ਸਹੀ ਭਵਿੱਖਬਾਣੀ ਕਰਨ ਲਈ, ਆਲੇ ਦੁਆਲੇ ਦੇ ਕਈ ਸੌ ਕਿਲੋਮੀਟਰ ਤੋਂ ਇਨਪੁਟ ਦੀ ਲੋੜ ਹੁੰਦੀ ਹੈ।

ਨਵੀਆਂ ਤਕਨੀਕਾਂ ਜਿਵੇਂ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਆਧਾਰਤ ਮੌਸਮ ਨਿਗਰਾਨੀ ਪ੍ਰਣਾਲੀਆਂ ਵਿਕਸਤ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਚਿਤਾਵਨੀਆਂ ਅਤੇ ਭਵਿੱਖਬਾਣੀਆਂ ਦੀ ਸ਼ੁੱਧਤਾ ਨੂੰ ਬਿਹਤਰ ਬਣਾਇਆ ਜਾ ਸਕੇ। ਹਾਲਾਂਕਿ ਨੇੜਲੇ ਭਵਿੱਖ ਵਿੱਚ ਕਿਸੇ ਖਾਸ ਬੱਦਲ ਫਟਣ ਦੀ ਘਟਨਾ ਦੀ ਭਵਿੱਖਬਾਣੀ ਸੰਭਵ ਨਹੀਂ ਹੈ, ਪਰ ਬਹੁਤ ਜ਼ਿਆਦਾ ਮੀਂਹ ਦੀਆਂ ਸਥਿਤੀਆਂ ਜੋ ਬੱਦਲ ਫਟਣ ਦਾ ਕਾਰਨ ਬਣ ਸਕਦੀਆਂ ਹਨ, ਕੁਝ ਘੰਟੇ ਪਹਿਲਾਂ ਹੀ ਭਵਿੱਖਬਾਣੀ ਕੀਤੀ ਜਾ ਸਕਦੀ ਹੈ।

ਮੀਡੀਆ ਰਿਪੋਰਟਾਂ ਅਨੁਸਾਰ ਅਕਤੂਬਰ 2010 ਵਿੱਚ ਪੁਣੇ ਦੇ ਪਾਸ਼ਾਣ ਖੇਤਰ ਵਿੱਚ ਹੋਇਆ ਬੱਦਲ ਫਟਣਾ ਸ਼ਾਇਦ ਦੁਨੀਆ ਦਾ ਪਹਿਲਾ ਭਵਿੱਖਬਾਣੀ ਕੀਤਾ ਗਿਆ ਬੱਦਲ ਫਟਣਾ ਸੀ। ਉਸ ਦਿਨ, ਮੌਸਮ ਵਿਗਿਆਨੀ ਕਿਰਨ ਕੁਮਾਰ ਜੌਹਰੇ ਨੇ ਦੁਪਹਿਰ 2:30 ਵਜੇ ਅਧਿਕਾਰੀਆਂ ਨੂੰ ਕਈ ਸੁਨੇਹੇ ਭੇਜੇ ਸਨ, ਜਿਸ ਵਿੱਚ ਬੱਦਲ ਫਟਣ ਦੀ ਚਿਤਾਵਨੀ ਦਿੱਤੀ ਗਈ ਸੀ। ਸ਼ਾਮ ਨੂੰ ਸ਼ਹਿਰ ਵਿੱਚ 90 ਮਿੰਟਾਂ ਤੋਂ ਵੀ ਘੱਟ ਸਮੇਂ ਵਿੱਚ 181.3 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਭਵਿੱਖਬਾਣੀ ਖੜਗਪੁਰ ਅਤੇ ਗੁਹਾਟੀ ਵਿੱਚ ਤੂਫਾਨਾਂ ਦੇ ਨਿਰੀਖਣਾਂ ’ਤੇ ਆਧਾਰਤ ਸੀ।

ਹਿਮਾਲਿਆ ਵਿੱਚ ਬੱਦਲ ਫਟਣ ਵਰਗੀਆਂ ਮੌਸਮੀ ਘਟਨਾਵਾਂ ਜਲਵਾਯੂ ਤਬਦੀਲੀ ਅਤੇ ਗਲੋਬਲ ਵਾਰਮਿੰਗ ਨਾਲ ਜੁੜੀਆਂ ਹੋਈਆਂ ਹਨ। ਪਹਾੜਾਂ ਵਿੱਚ ਵਧੀਆਂ ਮਨੁੱਖੀ ਗਤੀਵਿਧੀਆਂ ਨੇ ਵੀ ਆਫ਼ਤ ਦੇ ਜੋਖਮ ਨੂੰ ਵਧਾ ਦਿੱਤਾ ਹੈ, ਜਿਸ ਵਿੱਚ ਅਸਥਿਰ ਢਲਾਣਾਂ ’ਤੇ ਉਸਾਰੀ, ਹੜ੍ਹ-ਸੰਭਾਵੀ ਨਦੀਆਂ ਦੇ ਕਿਨਾਰਿਆਂ ’ਤੇ ਬਸਤੀਆਂ, ਭੂ-ਵਿਗਿਆਨਕ ਮੁਲਾਂਕਣਾਂ ਤੋਂ ਬਿਨਾਂ ਵਿਕਾਸ ਅਤੇ ਬੇਤਰਤੀਬੇ ਬੁਨਿਆਦੀ ਢਾਂਚਾ ਪ੍ਰਾਜੈਕਟ ਸ਼ਾਮਲ ਹਨ।

ਸਰਕਾਰ ਨੇ ਮੰਨਿਆ ਹੈ ਕਿ ਜਲਵਾਯੂ ਤਬਦੀਲੀ ਕਾਰਨ ਬੱਦਲ ਫਟਣਾ, ਹੜ੍ਹ, heatwaves ਅਤੇ ਚੱਕਰਵਾਤ ਵਰਗੀਆਂ ਘਟਨਾਵਾਂ ਅਕਸਰ ਅਤੇ ਵਧੇਰੇ ਗੰਭੀਰ ਹੁੰਦੀਆਂ ਜਾ ਰਹੀਆਂ ਹਨ। ਸੰਸਦ ਵਿੱਚ ਦਿੱਤੇ ਇੱਕ ਜਵਾਬ ’ਚ ਇਹ ਗੱਲ ਕਹੀ ਗਈ।

2025 ਦੇ ਆਰਥਿਕ ਸਰਵੇਖਣ ਵਿੱਚ ਵੀ ਇਹ ਜ਼ਿਕਰ ਕੀਤਾ ਗਿਆ ਕਿ ਬਹੁਤ ਜ਼ਿਆਦਾ ਮੌਸਮੀ ਘਟਨਾਵਾਂ ਨੇ ਭੋਜਨ ਮਹਿੰਗਾਈ ਨੂੰ ਵਧਾਇਆ ਹੈ, ਖਾਸ ਕਰਕੇ ਬਾਗਬਾਨੀ ਰਾਜਾਂ ਵਿੱਚ ਫ਼ਸਲਾਂ ਦੇ ਨੁਕਸਾਨ ਕਾਰਨ।

ਧਰਤੀ ਵਿਗਿਆਨ ਮੰਤਰਾਲੇ ਦੇ ਅਨੁਸਾਰ 1969 ਤੋਂ ਹਿਮਾਲੀਅਨ ਖੇਤਰ ਅਤੇ ਪੱਛਮੀ ਤੱਟ ’ਤੇ ਪ੍ਰਤੀ ਦਹਾਕੇ ਵਿੱਚ ਲਗਭਗ ਪੰਜ ਬੱਦਲ ਫਟਣ ਦੀਆਂ ਘਟਨਾਵਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਇਹ ਤਬਦੀਲੀ ਜੰਗਲਾਂ ਦੀ ਕਟਾਈ ਅਤੇ ਭੂਮੀ ਵਰਤੋਂ ਵਿੱਚ ਤਬਦੀਲੀਆਂ ਵਰਗੇ ਸੂਖਮ-ਜਲਵਾਯੂ ਪਰਿਵਰਤਨਾਂ ਕਾਰਨ ਹੋਈ ਹੈ।

ਕੁਝ ਅਧਿਐਨ ਦਰਸਾਉਂਦੇ ਹਨ ਕਿ ਭਾਰਤੀ ਹਿਮਾਲਿਆ ਦੀਆਂ ਦੱਖਣੀ ਢਲਾਣਾਂ, ਖਾਸ ਕਰਕੇ ਉੱਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਉੱਤਰ-ਪੂਰਬੀ ਭਾਰਤ ਦੇ ਪਹਾੜੀ ਖੇਤਰ, ਬੱਦਲ ਫਟਣ ਲਈ ਵਧੇਰੇ ਸੰਵੇਦਨਸ਼ੀਲ ਹਨ। ਪੱਛਮੀ ਘਾਟ (ਗੋਆ ਤੋਂ ਗੁਜਰਾਤ ਤੱਕ) ਦਾ ਹਵਾ ਵੱਲ ਜਾਣ ਵਾਲਾ ਪਾਸਾ ਅਤੇ 1,000-2,500 ਮੀਟਰ ਦੀ ਉਚਾਈ ਵਾਲੇ ਖੇਤਰ ਵੀ ਵਧੇਰੇ ਅਸੁਰੱਖਿਅਤ ਹੋ ਗਏ ਹਨ।

ਸੰਸਦ ਵਿੱਚ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਮੰਤਰਾਲੇ ਨੇ ਬੱਦਲ ਫਟਣ ਦਾ ਸਮੇਂ ਸਿਰ ਪਤਾ ਲਗਾਉਣ ਅਤੇ ਸਹੀ ਭਵਿੱਖਬਾਣੀ ਕਰਨ ਲਈ ਨਿਗਰਾਨੀ ਵਿਧੀ ਨੂੰ ਮਜ਼ਬੂਤ ​​ਕਰਨ ਲਈ ਕਈ ਪਹਿਲਕਦਮੀਆਂ ਕੀਤੀਆਂ ਹਨ।

ਮੌਜੂਦਾ ਸਮੇਂ ਭਾਰਤ ਮੌਸਮ ਵਿਭਾਗ (IMD) ਰਾਡਾਰਾਂ ਅਤੇ ਆਟੋਮੇਟਿਡ ਰੇਨ ਗੇਜ ਦੀ ਵਰਤੋਂ ਕਰਕੇ ਇਨ੍ਹਾਂ ਘਟਨਾਵਾਂ ਦੀ ਨਿਗਰਾਨੀ ਕਰਦਾ ਹੈ। ਇਨ੍ਹਾਂ ਡੇਟਾ ਸੈੱਟਾਂ ਨੂੰ IMD ਦੇ High-Resolution Rapid Refresh Modeling System ਅਤੇ Electric Weather Research ਅਤੇ Forecasting models ਵਿੱਚ ਸ਼ਾਮਲ ਕੀਤਾ ਜਾਵੇਗਾ ਤਾਂ ਜੋ ਬੱਦਲ ਫਟਣ ਦੀਆਂ ਘਟਨਾਵਾਂ ਨੂੰ ਬਿਹਤਰ ਢੰਗ ਨਾਲ capture ਕੀਤਾ ਜਾ ਸਕੇ ਅਤੇ ਭਵਿੱਖਬਾਣੀ ਕੀਤੀ ਜਾ ਸਕੇ।

 

Advertisement
Tags :
#CloudburstUttarakhandCloud burstCloudburstIndiaExplainerIMDlatest newspunjabi tribune updateRain Bomb