ਜੀ ਐੱਨ ਡੀ ਯੂ ਦੇ ਐਜੂਕੇਸ਼ਨ ਕਾਲਜਾਂ ਦਾ ਯੁਵਕ ਮੇਲਾ ਸਮਾਪਤ
ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀ ਐੱਨ ਡੀ ਯੂ) ਦੇ ਐਜੂਕੇਸ਼ਨ ਕਾਲਜਾਂ ਦੇ ਸਮਾਪਤ ਹੋਏ ਯੁਵਕ ਮੇਲੇ ਦੀ ਓਵਰਆਲ ਚੈਂਪੀਅਨਸ਼ਿਪ ਟਰਾਫੀ ਅੱਜ ਖ਼ਾਲਸਾ ਕਾਲਜ ਆਫ ਐਜੂਕੇਸ਼ਨ ਰਣਜੀਤ ਐਵੇਨਿਊ ਅੰਮ੍ਰਿਤਸਰ ਨੇ ਹਾਸਲ ਕੀਤੀ। ਇਨ੍ਹਾਂ ਮੁਕਾਬਲਿਆਂ ਵਿੱਚ ਸਰਕਾਰੀ ਐਜੂਕੇਸ਼ਨ ਕਾਲਜ ਦੂਜਾ ਅਤੇ ਮਿੰਟਗੁਮਰੀ ਗੁਰੂ ਨਾਨਕ ਕਾਲਜ ਆਫ ਐਜੂਕੇਸ਼ਨ ਜਲੰਧਰ ਨੇ ਤੀਜਾ ਸਥਾਨ ਹਾਸਲ ਕੀਤਾ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਡਾ. ਕਰਮਜੀਤ ਸਿੰਘ ਦੀ ਅਗਵਾਈ ਵਿੱਚ ਕਰਵਾਏ ਇਸ ਯੁਵਕ ਮੇਲੇ ਵਿੱਚ ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਯੂਨੀਵਰਸਿਟੀ ਦੀ ਡੀਨ ਕਾਲਜ ਵਿਕਾਸ ਕੌਂਸਲ ਡਾ. ਸਰੋਜ ਬਾਲਾ ਨੇ ਕੀਤੀ। ਡਾ. ਸਰੋਜ ਬਾਲਾ, ਯੁਵਕ ਭਲਾਈ ਵਿਭਾਗ ਦੇ ਇੰਚਾਰਜ ਡਾ. ਅਮਨਦੀਪ ਸਿੰਘ ਅਤੇ ਹੋਰ ਪਤਵੰਤਿਆਂ ਨੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ।
ਡਾ. ਅਮਨਦੀਪ ਸਿੰਘ ਨੇ ਦੱਸਿਆ ਕਿ 16 ਤੋਂ 18 ਅਕਤੂਬਰ ਤਕ ਸਰਕਾਰੀ ਕਾਲਜਾਂ ਕਾਨਸਟੀਚਿਊਟ ਕਾਲਜਾਂ ਅਤੇ ਐਸੋਸੀਏਟ ਇੰਸਟੀਚਿਊਟਾਂ ਦਾ ਜੋਨਲ ਯੁਵਕ ਮੇਲਾ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ 25 ਤੋਂ 27 ਅਕਤੂਬਰ ਤਕ ‘ਸੀ’ ਜ਼ੋਨ ਜਲੰਧਰ ਜ਼ਿਲ੍ਹੇ ਦੇ ਕਾਲਜਾਂ ਦੇ ਮੁਕਾਬਲੇ 29 ਅਕਤੂਬਰ ਤੋਂ 31 ਅਕਤੂਬਰ ਤਕ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ‘ਬੀ’ ਜ਼ੋਨ ਦੇ ਮੁਕਾਬਲੇ ਦੋ ਨਵੰਬਰ ਤੋਂ ਚਾਰ ਨਵੰਬਰ ਤਕ ਅਤੇ ਇੰਟਰ-ਜ਼ੋਨਲ ਫਾਈਨਲ ਯੁਵਕ ਮੇਲਾ ਸੱਤ ਤੋਂ 10 ਨਵੰਬਰ ਤਕ ਕਰਵਾਇਆ ਜਾਵੇਗਾ।