ਗੁਰੂ ਨਾਨਕ ਦੇਵ ’ਵਰਸਿਟੀ ’ਚ ਯੁਵਕ ਮੇਲਾ ਸ਼ੁਰੂ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਥ ਵੈੱਲਫੇਅਰ ਵਿਭਾਗ ਦੇ ਪ੍ਰਬੰਧ ਹੇਠ ਤਿੰਨ ਰੋਜ਼ਾ ‘ਬੀ’ ਜ਼ੋਨ ਯੂਥ ਫੈਸਟੀਵਲ ਅੱਜ ਸ਼ੁਰੂ ਹੋ ਗਿਆ। ਡੀਨ ਐਲੂਮਨੀ ਡਾ. ਅਤੁਲ ਖੰਨਾ ਨੇ ਦੀਪ ਜਗਾ ਕੇ ਸਮਾਗਮ ਦਾ ਉਦਘਾਟਨ ਕੀਤਾ। ਇਸ ਮੌਕੇ ਯੂਥ ਵੈੱਲਫੇਅਰ ਇੰਚਾਰਜ ਪ੍ਰੋ. (ਡਾ.) ਅਮਨਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਫੈਸਟੀਵਲ ਵਿਰਾਸਤ ਤੇ ਨੌਜਵਾਨੀ ਦੀ ਊਰਜਾ ਦਾ ਪ੍ਰਤੀਕ ਹੈ।
ਡਾ. ਖੰਨਾ ਨੇ ਕਿਹਾ, “ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਦਾ ਵਧੀਆ ਮੌਕਾ ਮਿਲਦਾ ਹੈ।” ਉਨ੍ਹਾਂ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਸਾਨੂੰ ਸੱਭਿਆਚਾਰ ਅਤੇ ਹੋਰ ਉਸਾਰੂ ਗਤੀਵਿਧੀਆਂ ਵਿੱਚ ਹਿੱਸੇ ਲੈਂਦਾ ਰਹਿਣਾ ਚਾਹੀਦਾ ਹੈ ਤਾਂ ਜੋ ਸਾਡੀ ਸ਼ਖਸ਼ੀਅਤ ਦੀ ਉਸਾਰੀ ਸਰਬਪੱਖੀ ਹੋ ਸਕੇ। ਫੈਸਟੀਵਲ ’ਚ ਗਿੱਧਾ, ਭੰਗੜਾ, ਕਲਾਸੀਕਲ ਡਾਂਸ, ਵੈਸਟਰਨ ਵੋਕਲ, ਸਕਿਟ, ਮਾਈਮ, ਰੰਗੋਲੀ, ਫੁਲਕਾਰੀ, ਕਵੀਸ਼ਰੀ, ਵਾਦ-ਵਿਵਾਦ ਆਦਿ ਕਈ ਮੁਕਾਬਲੇ ਕਰਵਾਏ ਜਾ ਰਹੇ ਹਨ।
ਯੂਥ ਫੈਸਟੀਵਲ ਦੇ ਅੱਜ ਪਹਿਲੇ ਦਿਨ ਦਸਮੇਸ਼ ਆਡੀਟੋਰੀਅਮ ਵਿਚ ਜਨਰਲ ਡਾਂਸ, ਵਾਰ ਗਾਇਨ, ਕਵੀਸ਼ਰੀ, ਗਿੱਧਾ, ਗੋਲਡਨ ਜੂਬਲੀ ਵਿਚ ਕਲਾਸੀਕਲ ਵੋਕਲ, ਤਾਲ ਵਾਦਨ, ਅਤਾਲ ਵਾਦਨ, ਲੋਕ ਆਰਕੈਸਟਰਾ, ਸੰਗਤ ਹਾਲ ਵਿਚ ਸਪਾਟ ਪੇਂਟਿੰਗ, ਕਾਰਟੂਨਿੰਗ, ਕੋਲਾਜ਼ ਅਤੇ ਕਾਨਫਰੰਸ ਹਾਲ ਵਿਚ ਕੁਇਜ਼ ਮੁਕਾਬਲੇ ਕਰਵਾਏ ਗਏ।
ਅੱਜ ਹੋਣ ਵਾਲੇ ਮੁਕਾਬਲੇ
ਡਾ. ਅਮਨਦੀਪ ਸਿੰਘ ਨੇ ਦੱਸਿਆ ਕਿ ਸੋਮਵਾਰ ਨੂੰ ਕਾਸਟਿਊਮ ਪਰੇਡ, ਮਾਈਮ, ਮਿਮਿਕਰੀ, ਸਕਿਟ, ਇੱਕ ਪਾਤਰੀ ਨਾਟਕ, ਗਰੁੱਪ ਸ਼ਬਦ ਭਜਨ, ਗਰੁੱਪ ਸੌਂਗ, ਗੀਤ/ਗਜ਼ਲ, ਲੋਕ ਗੀਤ, ਰੰਗੋਲੀ, ਫੁਲਕਾਰੀ, ਪੋਸਟਰ ਮੇਕਿੰਗ, ਕਲੇਅ ਮਾਡਲਿੰਗ ਅਤੇ ਕਾਵਿ ਸਿਮਪੋਜ਼ੀਅਮ, ਇਲੋਕਿਊਸ਼ਨ (ਇੰਗਲਿਸ਼/ਪੰਜਾਬੀ-ਹਿੰਦੀ) ਦੇ ਮੁਕਾਬਲੇ ਕਰਵਾਏ ਜਾਣਗੇ।
