ਜੀ ਐੱਨ ਡੀ ਯੂ ਵਿੱਚ ਯੁਵਕ ਮੇਲਾ ਸ਼ੁਰੂ
ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀ ਐੱਨ ਡੀ ਯੂ) ਵਿੱਚ ਜ਼ੋਨ ‘ਸੀ’ ਦੇ ਯੁਵਕ ਮੇਲੇ ਦਾ ਉਦਘਾਟਨ ਅੱਜ ਡੀਨ ਅਕਾਦਮਿਕ ਮਾਮਲੇ ਪ੍ਰੋ. ਪਲਵਿੰਦਰ ਸਿੰਘ ਵੱਲੋਂ ਕੀਤਾ ਗਿਆ। ਇਸ ਤਿੰਨ ਰੋਜ਼ਾ ਸਮਾਗਮ ਬਾਰੇ ਯੂਥ ਵੈੱਲਫੇਅਰ ਵਿਭਾਗ ਦੇ ਇੰਚਾਰਜ ਪ੍ਰੋ. (ਡਾ.) ਅਮਨਦੀਪ ਸਿੰਘ ਨੇ ਦੱਸਿਆ ਕਿ 16 ਕਾਲਜਾਂ ਦੇ 200 ਤੋਂ ਵੱਧ ਵਿਦਿਆਰਥੀ ਕਲਾਕਾਰ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ। ਮੁਕਾਬਲਿਆਂ ਵਿੱਚ ਪੰਜਾਬੀ ਵਿਰਾਸਤ ਦੇ ਨਾਲ-ਨਾਲ ਆਧੁਨਿਕ ਕਲਾ ਰੂਪਾਂ ਦਾ ਸੰਗਮ ਦੇਖਣ ਨੂੰ ਮਿਲੇਗਾ। ਇਸ ਮੌਕੇ ਡਾ. ਬਲਬੀਰ ਸਿੰਘ, ਡਾ. ਸੁਨੀਲ, ਡਾ. ਸਤਨਾਮ ਸਿੰਘ ਦਿਓਲ, ਡਾ. ਪਰਮਬੀਰ ਸਿੰਘ ਮੱਲ੍ਹੀ, ਡਾ. ਵਿਸ਼ਾਲ ਭਾਰਦਵਾਜ, ਡਾ. ਹਰਿੰਦਰ ਕੌਰ ਸੋਹਲ, ਡਾ. ਸਤਵਿੰਦਰ, ਡਾ. ਅਮਨਪ੍ਰੀਤ ਕੌਰ, ਡਾ. ਪ੍ਰਭਸਿਮਰਨ ਸਿੰਘ, ਡਾ. ਮੁਨੀਸ਼ ਸੈਣੀ, ਡਾ. ਨਿਰਮਲ ਸਿੰਘ, ਡਾ. ਰਾਜਵਿੰਦਰ ਕੌਰ, ਡਾ. ਸੁਨੈਨਾ ਅਤੇ ਹੋਰ ਫੈਕਲਟੀ ਮੈਂਬਰ ਹਾਜ਼ਰ ਸਨ।
ਡਾ. ਅਮਨਦੀਪ ਸਿੰਘ ਨੇ ਦੱਸਿਆ ਕਿ ਜ਼ੋਨਲ ਯੁਵਕ ਮੇਲੇ ਦੇ ਦੂਜੇ ਦਿਨ ਨਾਟਕੀ ਕਲਾਵਾਂ ਅਤੇ ਲਲਿਤ ਕਲਾਵਾਂ ਦੇ ਮੁਕਾਬਲੇ ਹੋਣਗੇ। ਦਸਮੇਸ਼ ਆਡੀਟੋਰੀਅਮ ਵਿੱਚ ਦਰਸ਼ਕਾਂ ਨੂੰ ਮਾਈਮ, ਮਿਮਿਕਰੀ, ਸਕਿੱਟ ਅਤੇ ਵਨ-ਐਕਟ ਪਲੇਅ ਦੇ ਨਾਲ-ਨਾਲ ਕਾਸਟਿਊਮ ਪਰੇਡ ਦੇ ਰੰਗ ਦੇਖਣ ਨੂੰ ਮਿਲਣਗੇ। ਗੋਲਡਨ ਜੁਬਲੀ ਕਨਵੈਨਸ਼ਨ ਸੈਂਟਰ ਵਿੱਚ ਗਰੁੱਪ ਸ਼ਬਦ ਭਜਨ, ਗਰੁੱਪ ਗੀਤ, ਗੀਤ/ਗ਼ਜ਼ਲ ਅਤੇ ਲੋਕ ਗੀਤ ਮੁਕਾਬਲੇ ਹੋਣਗੇ। ਸੰਗਤ ਹਾਲ ਵਿੱਚ ਰੰਗੋਲੀ, ਫੁਲਕਾਰੀ, ਪੋਸਟਰ ਮੇਕਿੰਗ ਅਤੇ ਕਲੇਅ ਮਾਡਲਿੰਗ ਵਰਗੀਆਂ ਵਿਰਾਸਤੀ ਅਤੇ ਕਲਾਤਮਕ ਮੁਕਾਬਲੇ ਹੋਣਗੇ। ਕਾਨਫਰੰਸ ਹਾਲ ਵਿੱਚ ਕੁਇਜ਼ ਅਤੇ ਅੰਗਰੇਜ਼ੀ/ ਪੰਜਾਬੀ/ ਹਿੰਦੀ ’ਚ ਬਹਿਸ ਮੁਕਾਬਲੇ ਕਰਵਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਯੁਵਕ ਮੇਲੇ ਦੇ ਆਖ਼ਰੀ ਦਿਨ 27 ਅਕਤੂਬਰ ਨੂੰ ਦਸਮੇਸ਼ ਆਡੀਟੋਰੀਅਮ ਵਿੱਚ ਕਲਾਸੀਕਲ ਡਾਂਸ ਦੇ ਨਾਲ-ਨਾਲ ਭੰਗੜੇ ਦਾ ਮੁਕਾਬਲਾ ਹੋਵੇਗਾ। ਇਸ ਤੋਂ ਇਲਾਵਾ ਗੋਲਡਨ ਜੁਬਲੀ ਕਨਵੈਨਸ਼ਨ ਸੈਂਟਰ ਵਿੱਚ ਵੈਸਟਰਨ ਵੋਕਲ ਸੋਲੋ, ਵੈਸਟਰਨ ਗਰੁੱਪ ਗੀਤ ਅਤੇ ਵੈਸਟਰਨ ਇੰਸਟਰੂਮੈਂਟਲ ਸੋਲੋ ਮੁਕਾਬਲਿਆਂ ਨਾਲ ਸਮਾਪਤੀ ਸਮਾਰੋਹ ਨੂੰ ਕੌਮਾਂਤਰੀ ਰੰਗ ਦਿੱਤਾ ਜਾਵੇਗਾ।
