ਮਲੇਸ਼ੀਆ ਤੋਂ ਨੌਜਵਾਨ ਸਹੀ ਸਲਾਮਤ ਘਰ ਪਰਤਿਆ
ਦਲਜੀਤ ਸਿੰਘ ਨੇ ਦੱਸਿਆ ਕਿ ਉਹ 2018 ਵਿੱਚ ਟੂਰਿਸਟ ਵੀਜ਼ੇ ’ਤੇ ਮਲੇਸ਼ੀਆ ਗਿਆ ਸੀ। ਕਈ ਸਾਲ ਉੱਥੇ ਮਿਹਨਤ ਕਰਨ ਦੇ ਬਾਵਜੂਦ ਨਾ ਤਾਂ ਉਸ ਨੂੰ ਤਨਖਾਹ ਮਿਲੀ, ਨਾ ਹੀ ਇਨਸਾਫ਼। ਮਾਲਕਾਂ ਵੱਲੋਂ ਧੋਖਾਧੜੀ ਦਾ ਸ਼ਿਕਾਰ ਹੋਣ ਉੱਪਰੋਂ ਉਸ ਨੂੰ ਪੁਲੀਸ ਨੇ ਫੜ ਕੇ ਜੇਲ੍ਹ ਭੇਜ ਦਿੱਤਾ। ਜੇਲ੍ਹ ਵਿੱਚ ਬਤੀਤ ਕੀਤੇ ਸਮੇਂ ਨੂੰ ਕੌੜੀ ਯਾਦ ਵਜੋਂ ਯਾਦ ਕਰਦਿਆ ਉਸ ਨੇ ਦੱਸਿਆ ਕਿ ਜੇਲ੍ਹ ਦੇ ਹਾਲਾਤ ਬਹੁਤ ਭਿਆਨਕ ਸਨ। ਛੋਟੇ ਜਿਹੇ ਕਮਰੇ ਵਿੱਚ 70 ਤੋਂ 80 ਬੰਦੇ ਰੱਖੇ ਜਾਂਦੇ ਸਨ, ਜਿੱਥੇ ਸਾਹ ਲੈਣਾ ਵੀ ਔਖਾ ਹੁੰਦਾ ਸੀ। ਉਸ ਨੇ ਇਹ ਵੀ ਖੁਲਾਸਾ ਕੀਤਾ ਕਿ ਖਾਣਾ ਵੀ ਬਹੁਤ ਮਾੜਾ ਹੁੰਦਾ ਸੀ ਜਿਸ ਕਾਰਨ ਵਾਪਸੀ ਤੋਂ ਮਗਰੋਂ ਅਜੇ ਤੱਕ ਵੀ ਉਸ ਨੂੰ ਖਾਣਾ ਖਾਣ ਤੋਂ ਬਾਅਦ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਲਜੀਤ ਨੇ ਜੇਲ੍ਹ ਦੇ ਭਿਆਨਕ ਮੰਜ਼ਰ ਨੂੰ ਯਾਦ ਕਰਦਿਆ ਕਿਹਾ ਕਿ ਉੱਥੇ ਖੁਲ੍ਹੀ ਹਵਾ ਵਿੱਚ ਵੀ ਸਾਹ ਲੈਣ ਲਈ ਤਰਸੇ ਪਏ ਸਨ।
ਦਲਜੀਤ ਨਾਲ ਆਏ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜਦੋਂ ਉਹ ਫੜਿਆ ਗਿਆ, ਉਦੋਂ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ 5 ਮਹੀਨਿਆਂ ਵਿੱਚ ਦਲਜੀਤ ਦੀ ਵਾਪਸੀ ਹੋ ਜਾਵੇਗੀ ਪਰ 7-8 ਮਹੀਨੇ ਬੀਤ ਗਏ, ਕੋਈ ਸੁਨੇਹਾ ਨਾ ਆਇਆ। ਆਖ਼ਰ ਉਨ੍ਹਾਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਸੰਪਰਕ ਕੀਤਾ, ਜਿਨ੍ਹਾਂ ਦੀ ਮਦਦ ਸਦਕਾ ਦਲਜੀਤ 31 ਅਕਤੂਬਰ ਨੂੰ ਸੁਰੱਖਿਅਤ ਤੌਰ ’ਤੇ ਭਾਰਤ ਵਾਪਸ ਆ ਗਿਆ। ਉਨ੍ਹਾਂ ਕਿਹਾ ਕਿ ਜੇਕਰ ਦਲਜੀਤ ਦੀ ਪੈਰਵਾਈ ਨਾ ਹੁੰਦੀ ਤਾਂ ਉਸ ਦਾ ਹਾਲ ਵੀ ਉੱਥੇ ਫਸੇ ਬਾਕੀ ਨੌਜਵਾਨਾਂ ਵਰਗਾ ਹੋ ਜਾਣਾ ਸੀ। ਦਲਜੀਤ ਨੇ ਵਿਦੇਸ਼ ਜਾਣ ਵਾਲੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਟੂਰਿਸਟ ਵੀਜ਼ੇ ’ਤੇ ਕੰਮ ਦੀ ਆਸ ਨਾਲ ਵਿਦੇਸ਼ ਜਾਣਾ ਬਹੁਤ ਵੱਡਾ ਖ਼ਤਰਾ ਹੈ। ਉਸ ਨੇ ਦੱਸਿਆ ਕਿ ਵਿਦੇਸ਼ਾਂ ਵਿੱਚ ਸਭ ਤੋਂ ਵੱਧ ਸ਼ੋਸ਼ਣ ਉਨ੍ਹਾਂ ਲੋਕਾਂ ਦਾ ਹੁੰਦਾ ਹੈ ਜੋ ਟੂਰਿਸਟ ਵੀਜ਼ੇ ’ਤੇ ਕੰਮ ਕਰਦੇ ਹਨ, ਕਿਉਂਕਿ ਉਨ੍ਹਾਂ ਦੀ ਸਹਾਇਤਾ ਲਈ ਉੱਥੇ ਕੋਈ ਨਹੀਂ ਹੁੰਦਾ।
