ਕੈਬਨਿਟ ਮੰਤਰੀ ਮੋਹਿੰਦਰ ਭਗਤ ਦੀ ਜਲੰਧਰ ਸਥਿਤ ਰਿਹਾਇਸ਼ ਅੱਗੇ ਮਜ਼ਦੂਰ ਲਾਉਣਗੇ ਧਰਨਾ
ਸੈਂਕੜੇ ਮਜ਼ਦੂਰ ਮਰਦ-ਔਰਤਾਂ 4 ਅਗਸਤ ਨੂੰ ਧਰਨੇ ’ਚ ਹੋਣਗੇ ਸ਼ਾਮਲ
Advertisement
ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੱਦੇ ’ਤੇ ਪੰਜਾਬ ਭਰ ਵਿੱਚ ਆਮ ਆਦਮੀ ਪਾਰਟੀ ਦੇ ਪੰਜ ਕੈਬਨਿਟ ਮੰਤਰੀਆਂ ਦੇ ਘਰਾਂ ਅੱਗੇ ਲਾਏ ਜਾ ਰਹੇ ਧਰਨਿਆਂ ਤਹਿਤ ਦੋਆਬਾ ਜ਼ੋਨ ਦੀਆਂ ਜਥੇਬੰਦੀਆਂ ਕੈਬਨਿਟ ਮੰਤਰੀ ਮਹਿੰਦਰ ਭਗਤ ਦੀ ਜਲੰਧਰ ਸਥਿਤ ਰਿਹਾਇਸ਼ ਅੱਗੇ 4 ਅਗਸਤ ਨੂੰ ਇੱਕ ਦਿਨਾ ਧਰਨਾ ਲਾਉਣਗੀਆਂ। ਅੱਜ ਇੱਥੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿੱਚ ਜਥੇਬੰਦੀਆਂ ਦੀ ਮੀਟਿੰਗ, ਸਾਂਝੇ ਮੋਰਚੇ ਦੇ ਆਗੂ ਅਤੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਗੁਰਮੇਸ਼ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਉਕਤ ਧਰਨੇ ਦੇ ਪ੍ਰਬੰਧਾਂ ਅਤੇ ਤਿਆਰੀ ਸਬੰਧੀ ਜਾਇਜ਼ਾ ਲਿਆ ਗਿਆ। ਮੀਟਿੰਗ ਵਿੱਚ ਮਜ਼ਦੂਰ ਆਗੂਆਂ ਦਰਸ਼ਨ ਨਾਹਰ, ਹਰਮੇਸ਼ ਮਾਲੜੀ ਅਤੇ ਹੰਸਰਾਜ ਪੱਬਵਾਂ ਨੇ ਕਿਹਾ ਕਿ ਮਜ਼ਦੂਰ ਵਰਗ ਦੀਆਂ ਹੱਕੀ ਮੰਗਾਂ ਪ੍ਰਤੀ ਸਰਕਾਰੀ ਰਵੱਈਆ ਅਤੀ ਨਿੰਦਣਯੋਗ ਹੈ ਜਦਕਿ ਹੱਕ ਮੰਗਦੇ ਮਜ਼ਦੂਰਾਂ ਸਮੇਤ ਹੋਰਨਾਂ ਮਿਹਨਤਕਸ਼ ਲੋਕਾਂ ’ਤੇ ਸਰਕਾਰ ਜਬਰ ਕਰ ਰਹੀ ਹੈ। ਉਨ੍ਹਾਂ ਜਿੱਥੇ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਨੂੰ ਕਿਸਾਨਾਂ ਵਿਰੋਧੀ ਦੱਸਿਆ ਉੱਥੇ ਉਨ੍ਹਾਂ ਕਿਹਾ ਕਿ ਇਸ ਦਾ ਸਭ ਤੋਂ ਵੱਧ ਅਸਰ ਬੇਜ਼ਮੀਨੇ ਮਜ਼ਦੂਰਾਂ ’ਤੇ ਪਵੇਗਾ। ਉਨ੍ਹਾਂ ਕਿਹਾ ਪਿੰਡ ਉਜੜਣ ਨਾਲ ਜਿੱਥੇ ਮਜ਼ਦੂਰਾਂ ਦੀ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ’ਚੋਂ ਹਿੱਸੇਦਾਰੀ ਮੁੱਕ ਜਾਵੇਗੀ ਉੱਥੇ ਮਨਰੇਗਾ ਤਹਿਤ ਮਿਲਣ ਵਾਲਾ ਨਿਗੂਣਾ ਕੰਮ ਵੀ ਮੁੱਕ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਇਹ ਨੀਤੀ ਰੱਦ ਕਰਕੇ, ਜ਼ਮੀਨ ਹੱਦਬੰਦੀ ਕਾਨੂੰਨ ਲਾਗੂ ਕੀਤਾ ਜਾਵੇ ਅਤੇ ਵਾਧੂ ਨਿਕਲਦੀਆਂ ਜ਼ਮੀਨਾਂ ਬੇਜ਼ਮੀਨੇ ਮਜ਼ਦੂਰਾਂ ਅਤੇ ਥੁੜ ਜ਼ਮੀਨੇ ਕਿਸਾਨਾਂ ਵਿੱਚ ਵੰਡੀਆਂ ਜਾਣ। ਮੀਟਿੰਗ ਵਿੱਚ ਕਸ਼ਮੀਰ ਘੁਗਸੋ਼ਰ, ਪਰਮਜੀਤ ਰੰਧਾਵਾ, ਸੋਢੀ ਰਾਮ ਅਤੇ ਦਲਵੀਰ ਸਹੋਤਾ ਵੀ ਹਾਜ਼ਰ ਸਨ।
Advertisement
Advertisement