ਸੜਕ ਹਾਦਸੇ ’ਚ ਮਹਿਲਾ ਹਲਾਕ; ਚਾਰ ਹੋਰ ਜ਼ਖ਼ਮੀ
ਮੌਕੇ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇੱਕ ਸਫ਼ਾਰੀ ਗੱਡੀ ਪਿੰਡ ਬੋੜਾ ਤੋਂ ਗੜ੍ਹਸ਼ੰਕਰ ਵੱਲ ਆ ਰਹੀ ਸੀ ਕਿ ਪਿੰਡ ਗੋਗੋਂ ਨੇੜੇ ਪਹੁੰਚਣ ’ਤੇ ਕਿਸੇ ਕਾਰਨ ਬੇਕਾਬੂ ਹੋ ਗਈ। ਗੱਡੀ ਸੜਕ ਦੇ ਦੂਜੇ ਪਾਸੇ ਇੱਕ ਘਰ ਦੀ ਕੰਧ ਨਾਲ ਬੁਰੀ ਤਰ੍ਹਾਂ ਜਾ ਟਕਰਾਈ, ਜਿਸ ਕਾਰਨ ਵਾਪਰੇ ਭਿਆਨਕ ਹਾਦਸੇ ’ਚ ਚਾਲਕ ਸਣੇ ਗੱਡੀ ’ਚ ਸਵਾਰ ਪੰਜੇ ਜਣੇ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਪਿੰਡ ਵਾਸੀਆਂ ਨੇ ਰਾਹਗੀਰਾਂ ਦੀ ਮਦਦ ਨਾਲ ਸਿਵਲ ਹਸਪਤਾਲ ਗੜ੍ਹਸ਼ੰਕਰ ਪਹੁੰਚਾਇਆ। ਡਾਕਟਰਾਂ ਦੇ ਦੱਸਣ ਅਨੁਸਾਰ ਜ਼ਖ਼ਮਾਂ ਦੀ ਤਾਬ ਨਾਲ ਝੱਲਦਿਆਂ ਇੱਕ ਮਹਿਲਾ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਰਾਹ ’ਚ ਮੌਤ ਹੋ ਗਈ, ਜਿਸ ਦੀ ਪਛਾਣ ਪਰਮਜੀਤ ਕੌਰ (50) ਪਤਨੀ ਬਲਵੀਰ ਸਿੰਘ ਪਿੰਡ ਘਾਗੋਂ ਰੋੜਾਂ ਵਾਲੀ ਵਜੋਂ ਹੋਈ, ਜਦ ਕਿ ਗੰਭੀਰ ਜ਼ਖ਼ਮੀਆਂ ਵਿੱਚ ਰਾਜਵੀਰ ਪਤਨੀ ਜਸਵਿੰਦਰ ਸਿੰਘ, ਬਬੀਤਾ (30) ਪਤਨੀ ਰਾਹੁਲ, ਹੈਪੀ (30) ਪੁੱਤਰ ਬਲਵੀਰ ਸਿੰਘ ਅਤੇ ਪ੍ਰਿੰਸ ਕੁਮਾਰ ਉਮਰ ਕਰੀਬ (32) ਨੂੰ ਅਗਲੇਰੇ ਇਲਾਜ ਲਈ ਰੈਫਰ ਕਰ ਦਿੱਤਾ ਗਿਆ।
ਮਿਲੀ ਜਾਣਕਾਰੀ ਅਨੁਸਾਰ ਸਾਰੇ ਗੱਡੀ ਸਵਾਰ ਪਿੰਡ ਘਾਗੋਂ ਰੋੜਾਂ ਵਾਲੀ ਤਹਿਸੀਲ ਗੜ੍ਹਸ਼ੰਕਰ ਦੇ ਵਸਨੀਕ ਦੱਸੇ ਜਾਂਦੇ ਹਨ। ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਦੇ ਪਰਖਚੇ ਉੱਡ ਗਏ ਅਤੇ ਗੋਗੋਂ ਵਾਸੀ ਪਰਮਜੀਤ ਪੰਮਾ ਦੇ ਘਰ ਦੀਆਂ ਕੰਧਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ।