ਹੜ੍ਹਾਂ ਬਾਰੇ ਵ੍ਹਾਈਟ ਪੇਪਰ ਜਾਰੀ ਹੋਵੇ: ਦਵਿੰਦਰ ਸ਼ਰਮਾ
ਹੜ੍ਹਾਂ ਦੀ ਮਾਰ ਹੇਠ ਆਏ ਬਾਊਪੁਰ ਮੰਡ ਇਲਾਕੇ ਦੇ ਪੀੜਤ ਕਿਸਾਨਾਂ ਨੂੰ ਮਿਲਣ ਪਹੁੰਚੇ ਅਰਥਸ਼ਾਸਤਰੀ ਡਾ. ਦਵਿੰਦਰ ਸ਼ਰਮਾ ਨੇ ਕਿਹਾ ਕਿ ਹੜ੍ਹਾਂ ਕਾਰਨ ਪੰਜਾਬ ਵਿੱਚ ਹੋਈ ਤਬਾਹੀ ਬਾਰੇ ਵ੍ਹਾਈਟ ਪੇਪਰ ਜਾਰੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹੜ੍ਹ ਇੰਨੇ ਭਿਆਨਕ ਸਨ ਕਿ ਪੰਜਾਨ ਦਾ ਵੱਡੇ ਪੱਧਰ ’ਤੇ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ। ਉਨ੍ਹਾਂ ਇਸ ਹੜ੍ਹ ਨੂੰ ਮਨੁੱਖ ਗ਼ਲਤੀ ਆਖਦਿਆਂ ਵ੍ਹਾਈਟ ਪੇਪਰ ਜਾਰੀ ਕਰਨਾ ਜ਼ਰੂਰੀ ਹੈ। ਇਸ ਵਿੱਚ ਕੇਂਦਰ ਸਰਕਾਰ, ਬੀ ਬੀ ਐੱਮ ਬੀ ਅਤੇ ਚਾਰ ਸੂਬਿਆਂ ਦੀਆਂ ਸਰਕਾਰਾਂ ਦੀ ਭੂਮਿਕਾ ਦਾ ਸੱਚ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ।
ਡਾ. ਸ਼ਰਮਾ ਨੇ ਬੀ ਬੀ ਐੱਮ ਬੀ ਦੀ ਭੂਮਿਕਾ ’ਤੇ ਉਂਗਲ ਧਰਦਿਆਂ ਕਿਹਾ ਕਿ ਜਦੋਂ ਅਪਰੈਲ ਵਿੱਚ ਮੀਂਹ ਜ਼ਿਆਦਾ ਪੈਣ ਦੀਆਂ ਰਿਪੋਰਟਾਂ ਆ ਰਹੀਆਂ ਸਨ ਤਾਂ ਡੈਮਾਂ ਨੂੰ ਖਾਲੀ ਕਰਨ ਦੀ ਪ੍ਰਕਿਰਿਆ ਕਿਉਂ ਨਹੀਂ ਸ਼ੁਰੂ ਕੀਤੀ ਗਈ। ਉਨ੍ਹਾਂ ਪੰਜਾਬ ਦੇ ਲੋਕਾਂ ਤੇ ਖ਼ਾਸ ਕਰ ਕੇ ਕਿਸਾਨ ਜਥੇਬੰਦੀਆਂ ਨੂੰ ਸੱਦਾ ਦਿੱਤਾ ਕਿ ਉਹ ਬੀ ਬੀ ਐੱਮ ਬੀ ਦੇ ਚੇਅਰਮੈਨ ਦੀ ਜਵਾਬਦੇਹੀ ਮੰਗਣ। ਜੇ ਇਸ ਵਾਰ ਚੇਅਰਮੈਨ ਬਚ ਕੇ ਨਿਕਲ ਗਿਆ ਤਾਂ ਫਿਰ ਹੜ੍ਹਾਂ ਨਾਲ ਹੋਣ ਵਾਲੀ ਤਬਾਹੀ ਲਈ ਕਿਸੇ ਨੂੰ ਵੀ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਡਾ. ਸ਼ਰਮਾ ਨੇ ਕਿਹਾ ਕਿ ਬੀ ਬੀ ਐੱਮ ਬੀ ਦੇ ਚੇਅਰਮੈਨ ਨੂੰ ਅਸਤੀਫ਼ਾ ਦੇ ਕੇ ਲਾਂਭੇ ਹੋਣਾ ਚਾਹੀਦਾ ਹੈ।
ਉਨ੍ਹਾਂ ਹੜ੍ਹ ਪੀੜਤ ਇੱਕ ਪਰਿਵਾਰ ਨਾਲ ਗੱਲਬਾਤ ਵੀ ਕੀਤੀ ਤੇ ਉਨ੍ਹਾਂ ਦੇ ਝੋਨੇ ਅਤੇ ਘਰ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ।
ਹਰੀਕੇ ਪੱਤਣ ’ਚ ਗਾਰ ਕੱਢਣੀ ਜ਼ਰੂਰੀ: ਸੀਚੇਵਾਲ
ਬਾਊਪੁਰ ਮੰਡ ਦੇ ਹੜ੍ਹ ਪ੍ਰਭਾਵਿਤ ਇਲਾਕੇ ਦਾ ਲੁਧਿਆਣੇ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣੀ ਨੇ ਦੌਰਾ ਕੀਤਾ ਤੇ ਪੀੜਤ ਪਰਿਵਾਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਹੜ੍ਹ ਪੀੜਤਾਂ ਲਈ ਅਰਦਾਸ ਵੀ ਕੀਤੀ। ਇਸ ਉਪਰੰਤ ਉਹ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਕਿਸ਼ਤੀ ਰਾਹੀਂ ਸਾਂਗਰਾ ਪਿੰਡ ਪਹੁੰਚੇ। ਸੰਤ ਸੀਚੇਵਾਲ ਨੇ ਕਿਹਾ ਕਿ ਜਦੋਂ ਤੱਕ ਹਰੀਕੇ ਪੱਤਣ ਦੀ ਡੀ-ਸਿਲਟਿੰਗ ਨਹੀਂ ਹੁੰਦੀ, ਇਲਾਕਾ ਹੜ੍ਹਾਂ ਦੀ ਮਾਰ ਸਹਿੰਦਾ ਰਹੇਗਾ। ਉਨ੍ਹਾਂ ਕਿਹਾ ਕਿ ਹਰੀਕੇ ਹੈਡ ਵਰਕਸ ਬਣਨ ਤੋਂ ਬਾਅਦ ਕਦੇ ਵੀ ਗਾਰ ਨਹੀਂ ਕੱਢੀ ਗਈ। ਇਸ ਕਰ ਕੇ ਬਿਆਸ ਦਰਿਆ ਦਾ ਪੱਧਰ ਉੱਚਾ ਹੋ ਗਿਆ ਹੈ। ਇਸ ਮੌਕੇ ਡਾ. ਦਵਿੰਦਰ ਸ਼ਰਮਾ ਨੇ ਕਿਹਾ ਕਿ ਜਦੋਂ ਪੀੜਤ ਪਰਿਵਾਰ ਉੱਚੀ ਥਾਂ ’ਤੇ ਘਰ ਬਣਾਉਂਦੇ ਹੋਏ ਵੀ ਪਾਣੀ ਵਿੱਚ ਡੁੱਬ ਜਾਂਦੇ ਹਨ ਤਾਂ ਇਹ ਉਨ੍ਹਾਂ ਦੀ ਗ਼ਲਤੀ ਨਹੀਂ, ਸਗੋਂ ਪ੍ਰਬੰਧਕੀ ਨਾਕਾਮੀ ਹੈ। ਇਲਾਕੇ ਦੇ ਵਸਨੀਕਾਂ ਨੇ ਸਰਕਾਰ ਤੋਂ ਦਰਿਆ ਦੀ ਡੂੰਘਾਈ ਤੇ ਚੌੜਾਈ ਵਧਾ ਕੇ ਹੜ੍ਹਾਂ ਦੇ ਸਥਾਈ ਹੱਲ ਦੀ ਮੰਗ ਕੀਤੀ।