ਅਕਾਲੀ ਸਰਕਾਰ ਬਣਨ ’ਤੇ ਸਮਾਜ ਭਲਾਈ ਸਕੀਮਾਂ ਬਹਾਲ ਕਰਾਂਗੇ: ਸੁਖਬੀਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਏ ਜਾ ਰਹੇ ਬਾਬਾ ਬੁੱਢਾ ਸਾਹਿਬ ਹਸਪਤਾਲ ਨੂੰ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਦਾ ਸੈਂਟਰ ਬਣਾਇਆ ਜਾਵੇਗਾ ਤੇ ਇਹ ਉਹੀ ਸਹੂਲਤਾਂ ਪ੍ਰਦਾਨ ਕਰੇਗਾ ਜੋ ਯੂਨੀਵਰਸਿਟੀ ਵੱਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਅਕਾਲੀ ਦਲ ਦੇ ਪ੍ਰਧਾਨ ਨੇ ਤਰਨ ਤਾਰਨ ਤੋਂ ਪਾਰਟੀ ਦੇ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੇ ਹੱਕ ਵਿਚ ਬੂਥ ਪੱਧਰੀ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਲਕੇ ਦੇ ਲੋਕਾਂ ਦੀ ਮੰਗ ’ਤੇ ਹਸਪਤਾਲ ਨੂੰ ਅਪਗ੍ਰੇਡ ਕੀਤਾ ਗਿਆ ਹੈ। ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਏ ਪੀ ਸਿੰਘ ਨੇ ਕਿਹਾ ਹਸਪਤਾਲ ਨੂੰ ਨਾ ਸਿਰਫ ਅਪ੍ਰਗ੍ਰੇਡ ਕੀਤਾ ਜਾਵੇਗਾ ਬਲਕਿ ਮਰੀਜ਼ਾਂ ਨੂੰ ਲੋੜੀਂਦੀਆਂ ਸਾਰੀਆਂ ਦਵਾਈਆਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਅਗਲੇ ਸਮੈਸਟਰ ਤੋਂ ਨਰਸਿੰਗ ਕਾਲਜ ਵੀ ਸ਼ੁਰੂ ਕੀਤਾ ਜਾਵੇਗਾ ਜਿਹੜਾ ਇਲਾਕੇ ਦੀਆਂ ਲੜਕੀਆਂ ਵਾਸਤੇ ਬਹੁਤ ਲਾਹੇਵੰਦ ਸਾਬਤ ਹੋਵੇਗਾ, ਇਸ ਦੌਰਾਨ ਬੂਥ ਪੱਧਰੀ ਮੀਟਿੰਗ ਵਿਚ ਵੱਡੀ ਗਿਣਤੀ ਵਿਚ ਔਰਤਾਂ ਤੇ ਨੌਜਵਾਨ ਸ਼ਾਮਲ ਹੋਏ। ਸ੍ਰੀ ਬਾਦਲ ਨੇ ਕਿਹਾ ਕਿ ਸਰਕਾਰ ਸਿਰ ਪਹਿਲਾਂ ਹੀ ਹਰ ਔਰਤ ਦਾ 45-45 ਹਜ਼ਾਰ ਰੁਪਿਆ ਬਕਾਇਆ ਹੈ ਕਿਉਂਕਿ ਪਿਛਲੇ ਚਾਰ ਸਾਲਾਂ ਤੋਂ ਉਨ੍ਹਾਂ ਦਿੱਤੀ ਜਾਂ ਵਾਲੀ ਰਾਸ਼ੀ ਔਰਤਾਂ ਨੂੰ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਸਾਰੀਆਂ ਸਮਾਜ ਭਲਾਈ ਸਕੀਮਾਂ ਬਹਾਲ ਕਰਾਂਗੇ ਤੇ ਕੱਚੇ ਮਕਾਨਾਂ ਵਿਚ ਰਹਿੰਦੇ ਸਾਰੇ ਗਰੀਬ ਲੋਕਾਂ ਨੂੰ ਪੱਕੇ ਮਕਾਨ ਅਲਾਟ ਕੀਤੇ ਜਾਣਗੇ| ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਗੁਲਜ਼ਾਰ ਸਿੰਘ ਰਣੀਕੇ, ਗੌਰਵ ਵਲਟੋਹਾ, ਇਕਬਾਲ ਸਿੰਘ ਸੰਧੂ, ਅਲਵਿੰਦਰ ਸਿੰਘ ਪੱਖੋਕੇ ਮੌਜੂਦ ਸਨ।