ਵੋਟ ਚੋਰ ਗੱਦੀ ਛੋੜ: ਕਾਂਗਰਸੀ ਆਗੂਆਂ ਨੇ 5000 ਫਾਰਮ ਸੂਬਾ ਪ੍ਰਧਾਨ ਨੂੰ ਸੌਂਪੇ
ਕਾਂਗਰਸ ਦੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਅਸ਼ਵਨ ਭੱਲਾ ਦੀ ਅਗਵਾਈ ’ਚ ਕਾਂਗਰਸੀ ਆਗੂ ਹਨੀ ਜੋਸ਼ੀ, ਦਵਿੰਦਰ ਬਿਗਲਾ ਅਤੇ ਕੈਂਥ ਜੰਟਾ ਨੇ ‘ਵੋਟ ਚੋਰ ਗੱਦੀ ਛੋੜ’ ਮੁਹਿੰਮ ਤਹਿਤ ਭਰੇ 5000 ਫਾਰਮ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸੌਂਪੇ। ਬਾਅਦ ਵਿਚ ਅਸ਼ਵਨ ਭੱਲਾ ਨੇ ਕਿਹਾ ਕਿ ਭਾਜਪਾ ਲੋਕਤੰਤਰ ਦਾ ਘਾਣ ਕਰਕੇ ਸੱਤਾ ਹਾਸਲ ਕਰਦੀ ਰਹੀ ਜਿਸ ਦੇ ਸਬੂਤ ਕਾਂਗਰਸ ਪਾਰਟੀ ਨੇ ਦੇਸ਼ ਵਾਸੀਆਂ ਦੇ ਸਾਹਮਣੇ ਰੱਖ ਦਿੱਤੇ। ਉਹਨਾਂ ਕਿਹਾ ਕਿ ਕੇਂਦਰ ਦੀ ਭਾਜਪਾ ਅਗਵਾਈ ਵਾਲੀ ਸਰਕਾਰ ਨੇ ਦੇਸ਼ ਦੇ ਸੰਵਿਧਾਨਕ ਸੰਗਠਨਾਂ ਨੂੰ ਪਿੰਜਰੇ ਦੇ ਤੋਤੇ ਬਣਾ ਕੇ ਦੇਸ਼ ਦੀ ਸੰਸਦੀ ਚੋਣ ਪ੍ਰਣਾਲੀ ਨੂੰ ਢਾਹ ਰਹੀ ਹੈ, ਜਿਸ ਨੂੰ ਦੇਸ਼ ਵਾਸੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਪੰਜਾਬ ਵਿੱਚ ਆਪ ਸਰਕਾਰ ਹਰ ਫਰੰਟ ’ਤੇ ਫੇਲ੍ਹ ਹੋ ਚੁੱਕੀ ਹੈ ਕਿਉਂਕਿ ਦਿੱਲੀ ਦੇ ਸੀਨੀਅਰ ਆਪ ਆਗੂ ਦੋਹਾਂ ਹੱਥਾਂ ਨਾਲ ਪੰਜਾਬ ਨੂੰ ਲੁੱਟ ਰਹੇ ਹਨ ਪਰ ਪੰਜਾਬ ਦੇ ਆਪ ਆਗੂ ਕੇਵਲ ਰਬੜ ਦੀਆਂ ਮੋਹਰਾਂ ਬਣਾ ਦਿੱਤੇ ਗਏ ਹਨ। ਉਨ੍ਹਾਂ ਕਿਹਾ ਪੰਜਾਬੀ ਹੁਣ ਪੰਜਾਬ ਦੀ ਵਾਗਡੋਰ ਕਾਂਗਰਸ ਦੇ ਹੱਥ ਦੇਣ ਲਈ ਲਾਮਬੰਦ ਹੋ ਰਹੇ ਹਨ।
ਕਰਤਾਰਪੁਰ ਹਲਕੇ ਵਿੱਚ ਮੁਹਿੰਮ ਨੂੰ ਭਰਵਾਂ ਹੁੰਗਾਰਾ
ਕਰਤਾਰਪੁਰ (ਗੁਰਨੇਕ ਸਿੰਘ ਵਿਰਦੀ): ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੱਲੋਂ ਦੇਸ਼ ਵਿਆਪੀ ਸ਼ੁਰੂ ਕੀਤੀ ਸੰਵਿਧਾਨ ਅਤੇ ਵੋਟ ਦੀ ਰਾਖੀ ਲਈ ਸ਼ੁਰੂ ਕੀਤੀ ‘ਵੋਟ ਚੋਰ ਗੱਦੀ ਛੋੜ’ ਮੁਹਿੰਮ ਤਹਿਤ ਵਿਧਾਨ ਸਭਾ ਹਲਕਾ ਕਰਤਾਰਪੁਰ ਦੇ ਇੰਚਾਰਜ ਰਜਿੰਦਰ ਸਿੰਘ ਨੇ ਸਾਢੇ 11 ਹਜ਼ਾਰ ਫਾਰਮ ਭਰ ਕੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਕੋਲ ਜਮ੍ਹਾਂ ਕਰਵਾਏ ਹਨ। ਰਜਿੰਦਰ ਸਿੰਘ ਨੇ ਦੱਸਿਆ ਕਿ ਪਿੰਡਾਂ ਦੇ ਕਾਂਗਰਸੀ ਵਰਕਰਾਂ ਦਾ ਫਾਰਮ ਭਰਨ ਦੀ ਮੁਹਿੰਮ ਲਈ ਭਾਰੀ ਉਤਸ਼ਾਹ ਹੈ ਤੇ ਕਾਂਗਰਸੀ ਵਰਕਰਾਂ ਨਾਲ ਮੀਟਿੰਗਾਂ ਕਰਕੇ ਫਾਰਮ ਭਰੇ ਜਾ ਰਹੇ ਹਨ। ਉਨ੍ਹਾਂ ਇਹ ਆਖਿਆ ਕਿਹਾ ਕਿ ਹਾਕਮ ਧਿਰ ਵਿਧਾਨ ਸਭਾ ਚੋਣਾਂ ਵੇਲੇ ਔਰਤਾਂ ਨਾਲ ਕੀਤੇ ਵਾਅਦੇ ਪੁਗਾਉਣ ’ਚ ਅਸਮਰਥ ਰਹੀ ਹੈ।