ਵੋਟ ਚੋਰੀ: ਕਾਂਗਰਸ ਵੱਲੋਂ ਫਗਵਾੜਾ ’ਚ ਹਸਤਾਖਰ ਮੁਹਿੰਮ ਸ਼ੁਰੂ
ਕੇਂਦਰੀ ਲੀਡਰਸ਼ਿਪ ਦੀਆਂ ਹਦਾਇਤਾਂ ’ਤੇ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਤੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਿਰਦੇਸ਼ਾਂ ਹੇਠ ਵਿੱਢੀ ਮੁਹਿੰਮ ‘ਵੋਟ ਚੋਰ-ਗੱਦੀ ਛੋੜ’ ਤਹਿਤ ਕਾਂਗਰਸ ਪਾਰਟੀ ਵਲੋਂ ਅੱਜ ਫਗਵਾੜਾ ਵਿੱਚ ਹਸਤਾਖਰ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।
ਇਸ ਦੌਰਾਨ ਮੁਹਿੰਮ ਸ਼ੁਰੂ ਕਰਦੇ ਹੋਏ ਜ਼ਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਘਰ- ਘਰ ’ਚ ਪਹੁੰਚ ਕਰਕੇ ਲੋਕਾਂ ਨੂੰ ਵੋਟਾਂ ਦੀ ਹੋ ਰਹੀ ਚੋਰੀ ਬਾਰੇ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਨੇ ਪੈਂਫਲੈੱਟ ਜਾਰੀ ਕਰਦਿਆਂ ਭਾਰਤ ਦੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਪੜ੍ਹਨ ਯੋਗ ਵੋਟਰ ਸੂਚੀ ਨੂੰ ਫੋਟੋਆਂ ਸਮੇਤ ਜਨਤਕ ਜਾਂਚ ਲਈ ਉਪਲਬਧ ਕਰਵਾਇਆ ਜਾਵੇ। ਹਰੇਕ ਚੋਣ ਤੋਂ ਪਹਿਲਾਂ ਫੋਟੋਆਂ ਸਣੇ ਮਿਟਾਈਆਂ ਤੇ ਜੋੜੀਆਂ ਗਈਆਂ ਵੋਟਰ ਸੂਚੀਆਂ ਨੂੰ ਜਨਤਕ ਤੌਰ ’ਤੇ ਜਾਰੀ ਕਰਨਾ ਯਕੀਨੀ ਬਣਾਇਆ ਜਾਵੇ। ਗਲਤ ਢੰਗ ਨਾਲ ਮਿਟਾਈ ਗਈ ਵੋਟ ਸਬੰਧੀ ਪਹੁੰਚ ਯੋਗ ਸ਼ਿਕਾਇਤ ਨਿਵਾਰਣ ਪ੍ਰਣਾਲੀ ਬਣਾਈ ਜਾਵੇ।
ਧਾਲੀਵਾਲ ਨੇ ਕਿਹਾ ਕਿ ਆਖਰੀ ਸਮੇਂ ’ਤੇ ਵੋਟਾਂ ਨੂੰ ਮਿਟਾਉਣ ਜਾਂ ਜੋੜਨ ਤੋਂ ਬਚਿਆ ਜਾਣਾ ਚਾਹੀਦਾ ਹੈ ਤੇ ਇੱਕ ਸਪੱਸ਼ਟ ਕੱਟ-ਆਫ ਮਿਤੀ ਦਾ ਐਲਾਨ ਬਹੁਤ ਪਹਿਲਾਂ ਕਰ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਯੋਜਨਾਬੱਧ ਤਰੀਕੇ ਨਾਲ ਵੋਟਰਾਂ ਨੂੰ ਦਬਾਉਣ ਦੀ ਕੋਸ਼ਿਸ਼ ’ਚ ਸ਼ਾਮਿਲ ਅਧਿਕਾਰੀਆਂ/ਏਜੰਟਾਂ ’ਤੇ ਕੇਸ ਚਲਾ ਕੇ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਇਸ ਮੌਕੇ ਡਾ. ਰਮਨ ਸ਼ਰਮਾ, ਦਲੀਪ ਕੁਮਾਰ ਲਾਡੀ ਸਾਬਕਾ ਸਰਪੰਚ ਕਾਂਸ਼ੀ ਨਗਰ, ਸੁਨੀਲ ਪਾਂਡੇ, ਯੋਗੇਸ਼ ਕੋਂਲ, ਦਲਜੀਤ ਸਿੰਘ ਨੰਬਰਦਾਰ ਮਾਈਉਪੱਟੀ ਆਦਿ ਹਾਜਰ ਸਨ।