ਪਰਾਲੀ ਸਾੜਨ ’ਤੇ ਕੇਸਾਂ ਦਾ ਡੱਟਵਾਂ ਵਿਰੋਧ ਕਰੇਗਾ ਸੰਯੁਕਤ ਕਿਸਾਨ ਮੋਰਚਾ: ਅਜਨਾਲਾ
ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਡਾ. ਸਤਨਾਮ ਸਿੰਘ ਅਜਨਾਲਾ, ਜਤਿੰਦਰ ਸਿੰਘ ਛੀਨਾ, ਧਨਵੰਤ ਸਿੰਘ ਖਤਰਾਏ ਕਲਾਂ, ਸਵਿੰਦਰ ਸਿੰਘ ਮੀਰਾਂਕੋਟ ਨੇ ਸਾਂਝੇ ਬਿਆਨ ਰਾਹੀਂ ਪ੍ਰਸ਼ਾਸਨ ਵੱਲੋਂ ਕਿਸਾਨਾਂ ਤੇ ਪਰਾਲੀ ਸਾੜਨ ਦੇ ਕੇਸ ਕਰਨ ਤੇ ਜੁਰਮਾਨੇ ਲਾਉਣ ਦਾ ਸਖ਼ਤ ਨੋਟਿਸ ਲੈਂਦਿਆਂ ਐਲਾਨ ਕੀਤਾ ਕਿ ਸੰਯੁਕਤ ਕਿਸਾਨ ਮੋਰਚਾ ਇਸ ਕਾਰਵਾਈ ਦਾ ਡੱਟਵਾਂ ਵਿਰੋਧ ਕਰੇਗਾ।
ਉਨ੍ਹਾਂ ਕਿਹਾ ਕਿ ਇਹ ਕਾਰਵਾਈ ਛੋਟੇ ਤੇ ਸੀਮਾਂਤ ਕਿਸਾਨਾਂ ਨਾਲ ਸਿੱਧਾ ਧੱਕਾ ਹੈ ਕਿਉਂਕਿ ਪਰਾਲੀ ਨੂੰ ਸੰਭਾਲਣ ਲਈ ਮਸ਼ੀਨਰੀ ਦਾ ਪ੍ਰਬੰਧ ਕਰਨਾ ਉਨ੍ਹਾਂ ਦੇ ਵਿਤੋਂ ਬਾਹਰ ਹੈ ਤੇ ਸਰਕਾਰ ਮਸ਼ੀਨਰੀ ਮੁਹੱੱਈਆ ਕਰਵਾ ਨਹੀਂ ਰਹੀ।
ਉਨ੍ਹਾਂ ਹੋਰ ਕਿਹਾ ਕਿ ਇਸ ਵਾਰ ਬੇਮੌਸਮੀ ਬਾਰਸ਼ ਕਾਰਨ ਵੀਹ ਫ਼ੀਸਦ ਝਾੜ ਘੱਟ ਗਿਆ ਹੈ ਅਤੇ ਉੱਤੋਂ ਹੜ੍ਹਾਂ ਕਾਰਨ ਕਿਸਾਨਾਂ ਨੂੰ ਦੋਹਰੀ ਮਾਰ ਪਈ ਹੈ ਅਤੇ ਤੀਜਾ ਅਫ਼ਸਰਸ਼ਾਹੀ ਕਿਸਾਨਾਂ ’ਤੇ ਕੇਸ ਦਰਜ ਕਰ ਰਹੀ ਹੈ।
ਉਨ੍ਹਾਂ ਪੰਜਾਬ ਸਰਕਾਰ ਦੇ ਪੱਖਪਾਤੀ ਵਤੀਰੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਨੇ ਕਾਰਖਾਨੇਦਾਰਾਂ ਦੇ ਪ੍ਰਦੂਸ਼ਣ ਨੂੰ ਅਪਰਾਧ ਮੁਕਤ ਕਰ ਦਿੱਤਾ ਹੈ ਤੇ ਗ਼ਰੀਬ ਕਿਸਾਨਾਂ ’ਤੇ ਕੇਸ ਪਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਰਹਿੰਦ-ਖੂੰਹਦ ਦਾ ਪ੍ਰਦੂਸ਼ਣ ਵਿੱਚ ਸਿਰਫ਼ ਅੱਠ ਫ਼ੀਸਦ ਹਿੱਸਾ ਹੈ ਤੇ 92ਵੇਂ ਫ਼ੀਸਦ ਪ੍ਰਦੂਸ਼ਣ ਫੈਲਾਉਣ ਵਾਲੇ ਕਾਰਖਾਨੇਦਾਰਾਂ, ਵਾਹਨਾਂ ਤੇ ਉਸਾਰੀ ਕਾਰਜਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਹੈ।