ਸੰਯੁਕਤ ਕਿਸਾਨ ਮੋਰਚੇ ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ
ਸਰਕਾਰ ’ਤੇ ਸਾਲ 2023 ’ਚ ਆਏ ਹਡ਼੍ਹਾਂ ਤੋਂ ਸਬਕ ਨਾ ਸਿੱਖਣ ਦੇ ਦੋਸ਼ ਲਾਏ
Advertisement
ਸੰਯੁਕਤ ਕਿਸਾਨ ਮੋਰਚੇ ਨੇ ਮੁਕੇਰੀਆਂ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ। ਇਸ ਮੌਕੇ ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਵੰਡੀ ਗਈ। ਇਸ ਸਬੰਧੀ ਕਿਸਾਨ ਮੋਰਚੇ ਦੇ ਆਗੂ ਅਮਰਜੀਤ ਕਾਨੂੰਗੋ, ਲਖਬੀਰ ਸਿੰਘ, ਡਾ. ਜਤਿੰਦਰ ਕਾਲੜਾ, ਸਵਰਨ ਸਿੰਘ, ਤਰਲੋਕ ਸਿੰਘ, ਰੋਸ਼ਨ ਖਾਨ, ਧਰਮਿੰਦਰ ਸਿੰਘ ਆਦਿ ਨੇ ਦਸਿਆ ਕਿ ਹਲੇੜ੍ਹ ਜਨਾਰਧਨ, ਮੋਤਲਾ, ਕੁੱਲ੍ਹੀਆਂ, ਕੌਲ਼ੀਆਂ, ਸਿੰਬਲੀ, ਮਹਿਤਾਬਪੁਰ ਆਦਿ ਪਿੰਡਾਂ ਦਾ ਦੌਰਾ ਕੀਤਾ ਗਿਆ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ’ਤੇ ਦੋ ਸਾਲ ਪਹਿਲਾਂ ਆਂਏ ਹੜ੍ਹਾਂ ਤੋਂ ਕੋਈ ਸਬਕ ਨਾ ਸਿੱਖਣ ਦੇ ਦੋਸ਼ ਲਾਏ। ਪਿੰਡ ਮੋਤਲਾ ਦੇ ਸਾਬਕਾ ਸਰਪੰਚ ਜਗਤਰਾਮ ਨੇ ਦਸਿਆ ਕਿ ਉਨ੍ਹਾਂ ਦੇ ਪਿੰਡ ਕੋਲ ਬਣਿਆ ਧੁੱਸੀ ਬੰਨ੍ਹ ਐਂਤਕੀ ਫਿਰ ਟੁੱਟ ਗਿਆ। ਪਿੰਡ ਦੀ ਮੁੱਖ ਲਿੰਕ ਸੜਕ ਹੜ੍ਹ ਦੇ ਪਾਣੀ ’ਚ ਰੁੜ੍ਹ ਗਈ।
ਆਗੂਆਂ ਨੇ ਹੜ੍ਹ ਪੀੜਤ ਪਿੰਡਾਂ ਦਾ ਦੌਰਾ ਕਰਨ ਉਪਰੰਤ ਸਰਕਾਰ ਤੋਂ ਬਿਆਸ ਦਰਿਆ ’ਚ ਆਈ ਸਿਲਟ ਨੂੰ ਚੈਨਲਾਈਜ਼ ਕਰਨ, ਪਿੰਡ ਮੋਤਲਾ ਤੋਂ ਧਨੋਆ ਤੱਕ ਜ਼ਮੀਨ ਐਕੁਆਇਰ ਕਰਕੇ ਧੁੱਸੀ ਬੰਨ੍ਹ ਬਣਾਉਣ, ਪ੍ਰਤੀ ਏਕੜ ਇੱਕ ਲੱਖ ਰੁਪਏ ਯਕਮੁਸ਼ਤ ਰਾਹਤ ਦੇਣ, ਡਿੱਗੇ ਮਕਾਨਾਂ ਦੀ ਰਿਪੇਅਰ ਜਾਂ ਨਵੇਂ ਬਣਾਉਣ ਲਈ ਮਦਦ ਅਤੇ ਪ੍ਰਤੀ ਏਕੜ ਮੁਆਵਜ਼ੇ ਦੇ ਸੱਤਵੇਂ ਹਿੱਸੇ ਬਰਾਬਰ ਮਜ਼ਦੂਰ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਇਸ ਮੌਕੇ ਖੜਕ ਸਿੰਘ, ਜਸਵੰਤ ਸਿੰਘ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਪੰਜਾਬ ਦੇ ਵਾਲੰਟੀਅਰਾਂ ਨੇ ਹੜ੍ਹ ਪੀੜ੍ਹਤਾਂ ਲਈ ਰਾਹਤ ਸਮੱਗਰੀ ਅਤੇ ਪਸ਼ੂਆਂ ਲਈ ਹਰੇ ਚਾਰੇ ਤੇ ਤੂੜੀ ਦਾ ਪ੍ਰਬੰਧ ਕੀਤਾ।
Advertisement
Advertisement