ਸੜਕ ਹਾਦਸੇ ’ਚ ਦੋ ਨੌਜਵਾਨ ਹਲਾਕ; ਇੱਕ ਜ਼ਖ਼ਮੀ
ਜਾਣਕਾਰੀ ਮੁਤਾਬਕ ਇਹ ਤਿੰਨੇ ਪਰਵਾਸੀ ਨੌਜਵਾਨ ਸਨ, ਜੋ ਫਰਨੀਚਰ ਅਤੇ ਰੰਗ-ਰੋਗਨ ਦਾ ਕੰਮ ਕਰਦੇ ਸਨ। ਰਾਤ ਕਰੀਬ ਨੌਂ ਵਜੇ ਇਹ ਤਿੰਨੇ ਨੋਜਵਾਨ ਆਪਣੇ ਮੋਟਰਸਾਈਕਲ ’ਤੇ ਹਾਜ਼ੀਪੁਰ ਵਾਲੇ ਪਾਸਿਓਂ ਦਸੂਹਾ ਵੱਲ ਆ ਰਹੇ ਸਨ। ਇਸ ਦੌਰਾਨ ਤੇਜ਼ ਰਫਤਾਰ ਫਾਰਚੂਨਰ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋ ਮੋਟਰਸਾਈਕਲ ਸਵਾਰ ਮੌਕੇ ’ਤੇ ਦਮ ਤੋੜ ਗਏ। ਹਨੇਰੇ ਦਾ ਲਾਹਾ ਲੈਂਦਿਆਂ ਫਾਰਚੂਨਰ ਸਵਾਰ ਮੌਕੇ ਤੋਂ ਫਰਾਰ ਹੋ ਗਿਆ। ਇਸ ਸਬੰਧੀ ਏਐੱਸਆਈ ਗੁਰਬਚਨ ਸਿੰਘ ਨੇ ਦੱਸਿਆ ਕਿ ਚਸ਼ਮਦੀਦਾਂ ਨੇ ਫਾਰਚੂਨਰ ਦਾ ਨੰਬਰ ਨੋਟ ਕਰਵਾ ਦਿੱਤਾ ਹੈ ਅਤੇ ਮਾਮਲਾ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ।
ਸੜਕ ਦੀ ਮੁਰੰਮਤ ਕਰਵਾਉਣ ਦੀ ਮੰਗ
ਕਸਬਾ ਘੋਗਰਾ ਦੇ ਵਸਨੀਕਾਂ ਨੇ ਦੱਸਿਆ ਕਿ ਘੋਗਰਾ-ਹਾਜ਼ੀਪੁਰ ਰੋਡ ਖਸਤਾ ਹਾਲ ਹੋਣ ਪਿਛਲੇ ਕੁਝ ਮਹਿਨਿਆਂ ਤੋਂ ਲਗਾਤਾਰ ਹਾਦਸੇ ਵਾਪਰ ਰਹੇ ਹਨ। ਉਨ੍ਹਾਂ ਦੱਸਿਆ ਸੜਕ ਵਿਚਕਾਰ ਵੱਡੇ ਅਤੇ ਡੂੰਘੇ ਟੋਏ ਪਏ ਹੋਏ ਹਨ ਜੋ ਮੀਂਹ ਪੈਣ ਕਾਰਨ ਭਰ ਜਾਂਦੇ ਹਨ, ਜਿਸ ਕਾਰਨ ਜਾਨਲੇਵਾ ਹਾਦਸੇ ਵਾਪਰ ਰਹੇ ਹਨ। ਉਨ੍ਹਾਂ ਹਲਕਾ ਵਿਧਾਇਕ ਐਡਵੋਕੇਟ ਕਰਮਬੀਰ ਘੁੰਮਣ ਤੋਂ ਮੰਗ ਕੀਤੀ ਕਿ ਸੜਕ ਦੀ ਮੁਰੰਮਤ ਕਰਵਾ ਕਰੇ ਹਾਦਸਿਆਂ ਤੋਂ ਨਿਜਾਤ ਦਿਵਾਈ ਜਾਵੇ।