ਕਰਤਾਰਪੁਰ ਨੇੜੇ ਹਾਦਸੇ ’ਚ ਦੋ ਨੌਜਵਾਨ ਹਲਾਕ
ਇਥੇ ਕੌਮੀ ਮਾਰਗ ’ਤੇ ਅੰਮ੍ਰਿਤਸਰ ਤੋਂ ਆ ਰਹੀ ਕਾਰ ਸਰੀਏ ਨਾਲ ਲੱਦੇ ਟਰੱਕ ਦੇ ਪਿੱਛੇ ਟਕਰਾਉਣ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ ਤੇ ਤਿੰਨ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ। ਸਿਵਲ ਹਸਪਤਾਲ ਕਰਤਾਰਪੁਰ ਦੇ ਡਾਕਟਰਾਂ ਨੇ ਦੋ ਨੌਜਵਾਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਤੇ ਤਿੰਨ ਜ਼ਖ਼ਮੀਆਂ ਨੂੰ ਇਲਾਜ ਲਈ ਜਲੰਧਰ ਦੇ ਹਸਪਤਾਲ ਰੈਫਰ ਕਰ ਦਿੱਤਾ। ਹਾਦਸੇ ਦੌਰਾਨ ਕਾਰ ਚਾਲਕ ਅਤੇ ਨਾਲ ਵਾਲੀ ਸੀਟ ’ਤੇ ਬੈਠੇ ਨੌਜਵਾਨ ਦੇ ਸਰੀਰ ’ਚੋਂ ਸਰੀਏ ਆਰ-ਪਾਰ ਹੋ ਗਏ ਹਨ। ਮ੍ਰਿਤਕ ਕਾਰ ਚਾਲਕ ਦੇ ਪਿਤਾ ਅਨਿਲ ਕੁਮਾਰ ਅਨੁਸਾਰ ਉਨ੍ਹਾਂ ਦਾ ਲੜਕਾ ਚਾਂਦ ਆਪਣੇ ਸਾਥੀ ਨਿਖਿਲ, ਸ਼ੁਭਮ, ਰੁਦਰ ਤੇ ਅਮਰੀਕ ਨਾਲ ਘਰੋਂ ਜਲੰਧਰ ਦੇ ਆਸ਼ਰਮ ਵਿੱਚ ਜਾਣ ਲਈ ਕਹਿ ਕੇ ਗਿਆ ਸੀ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਸਰੀਏ ਨਾਲ ਲੱਦੇ ਟਰੱਕ ਚਾਲਕ ਵੱਲੋਂ ਅਚਾਨਕ ਬਰੇਕ ਲਾਉਣ ਕਾਰਨ ਵਾਪਰਿਆ ਹੈ। ਥਾਣਾ ਕਰਤਾਰਪੁਰ ਦੇ ਮੁਖੀ ਇੰਸਪੈਕਟਰ ਰਮਨਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਚਾਂਦ ਪੁੱਤਰ ਅਨਿਲ ਕੁਮਾਰ ਤੇ ਨਿਖਿਲ ਪੁੱਤਰ ਮੁਕੇਸ਼ ਕੁਮਾਰ ਵਜੋਂ ਹੋਈ ਹੈ ਜਦਕਿ ਜ਼ਖ਼ਮੀਆਂ ਵਿੱਚ ਸ਼ੁਭਮ ਪੁੱਤਰ ਸੋਹਣ ਲਾਲ, ਅਮਰੀਕ ਪੁੱਤਰ ਮੱਖਣ ਸਿੰਘ ਅਤੇ ਰੁਦਰ ਪੁੱਤਰ ਰਕੇਸ਼ ਕੁਮਾਰ ਸਾਰੇ ਵਾਸੀ ਅੰਮ੍ਰਿਤਸਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਕੇਸ ਦਰਜ ਕਰ ਕੇ ਵਾਹਨ ਕਬਜ਼ੇ ’ਚ ਲੈ ਲਏ ਹਨ।