ਰੇਲ ਗੱਡੀਆਂ ਹੇਠ ਆਉਣ ਕਾਰਨ ਦੋ ਜਣੇ ਹਲਾਕ
ਫਗਵਾੜਾ-ਜਲੰਧਰ ਰੇਲਵੇ ਲਾਈਨ ’ਤੇ ਦਰਦਨਾਕ ਹਾਦਸੇ ’ਚ ਲਗਪਗ 20 ਸਾਲ ਦੇ ਨੌਜਵਾਨ ਦੀ ਰੇਲ ਗੱਡੀ ਦੀ ਲਪੇਟ ’ਚ ਆਉਣ ਕਾਰਨ ਮੌਤ ਹੋ ਗਈ। ਸੂਚਨਾ ਮਿਲਦੇ ਹੀ ਜੀ.ਆਰ.ਪੀ. ਚੌਕੀ ਚਹੇੜੂ ਦੀ ਪੁਲੀਸ ਮੌਕੇ ’ਤੇ ਪਹੁੰਚੀ ਤੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਲਈ ਸਿਵਲ ਹਸਪਤਾਲ ਵਿੱਚ ਰੱਖ ਦਿੱਤਾ। ਜੀ.ਆਰ.ਪੀ. ਮੁਲਾਜ਼ਮ ਹਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਚਹੇੜੂ ਦੇ ਨੇੜੇ ਇਕ ਨੌਜਵਾਨ ਰੇਲ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਜਦੋਂ ਪੁਲੀਸ ਮੌਕੇ ’ਤੇ ਪਹੁੰਚੀ ਤਾਂ ਉਸ ਵੇਲੇ ਨੌਜਵਾਨ ਦੀ ਮੌਤ ਹੋ ਚੁੱਕੀ ਸੀ।ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਮਨੀਸ਼ ਕੁਮਾਰ ਰਾਮ ਪੁੱਤਰ ਬੋਦਨਾਨ ਰਾਮ ਵਾਸੀ ਮੁਹੱਲਾ ਸੁਭਾਸ਼ ਨਗਰ, ਲੁਧਿਆਣਾ ਵਜੋਂ ਹੋਈ ਹੈ। ਇਸੇ ਤਰ੍ਹਾਂ ਇਥੇ ਰੇਲਵੇ ਸਟੇਸ਼ਨ ਤੇ ਟਰੇਨ ਦੀ ਲਪੇਟ ’ਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਜਿਸ ਦੀ ਸੂਚਨਾ ਮਿਲਦੇ ਸਾਰ ਜੀ ਆਰ ਪੀ ਚੌਕੀ ਫਗਵਾੜਾ ਦੀ ਪੁਲੀਸ ਵਲੋਂ ਮੌਕੇ ’ਤੇ ਪਹੁੰਚ ਲਾਸ਼ ਨੂੰ ਸਿਵਲ ਹਸਪਤਾਲ ਵਿੱਚ ਰੱਖਵਾਇਆ ਗਿਆ। ਥਾਣੇਦਾਰ ਸ਼ਰਨਜੀਤ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਦਾਦਰ ਗੱਡੀ ’ਚ ਪਟਿਆਲਾ ਤੋਂ ਅੰਮ੍ਰਿਤਸਰ ਜਾ ਰਿਹਾ ਸੀ ਜਦੋਂ ਟਰੇਨ ਫਗਵਾੜਾ ਰੇਲਵੇ ਸਟੇਸ਼ਨ ’ਤੇ ਪੁੱਜੀ ਤਾਂ ਉਕਤ ਵਿਅਕਤੀ ਕਿਸੇ ਕੰਮ ਲਈ ਟਰੇਨ ਤੋਂ ਬਾਹਰ ਆਇਆ ਤੇ ਟਰੇਨ ਦੀ ਲਪੇਟ ’ਚ ਆ ਗਿਆ ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਸ ਦੌਰਾਨ ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਨਾਲ ਸਫ਼ਰ ਕਰ ਰਹੇ ਨੌਜਵਾਨਾਂ ਨੇ ਮ੍ਰਿਤਕ ਦਾ ਨਾਮ ਜਰਨੈਲ ਸਿੰਘ ਹੈ ਅਤੇ ਉਹ ਜ਼ਿਲ੍ਹਾ ਪਟਿਆਲਾ ਦਾ ਰਹਿਣ ਵਾਲਾ ਹੈ। ਪੁਲੀਸ ਵਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ।