ਪਾਣੀ ਦੀ ਨਿਕਾਸੀ ਕਾਰਨ ਦੋ ਪੰਚਾਇਤਾਂ ਆਹਮੋ-ਸਾਹਮਣੇ
ਦੱਸਣਯੋਗ ਹੈ ਕਿ ਪਿੰਡ ਬਡਿਆਲ ਵਿੱਚ ਦੂਸ਼ਿਤ ਪਾਣੀ ਲਈ ਕੋਈ ਛੱਪੜ ਨਾ ਹੋਣ ਕਾਰਨ ਦੂਸ਼ਿਤ ਪਾਣੀ ਸੜਕਾਂ ’ਤੇ ਆਉਣ ਲੱਗਾ ਸੀ। ਹਲਕਾ ਵਿਧਾਇਕ ਸਣੇ ਪੰਚਾਇਤੀ ਅਧਿਕਾਰੀਆਂ ਵੱਲੋਂ ਮੌਕਾ ਦੇਖਣ ਉਪਰੰਤ ਅਧਿਕਾਰੀਆਂ ਨੇ ਇਹ ਪਾਣੀ ਸੜਕ ਦੇ ਨਾਲ-ਨਾਲ ਲਿਜਾ ਕੇ ਪਿੰਡ ਅਰਗੋਵਾਲ ਦੇ ਚੋਅ ਵਿੱਚ ਕਰਨ ਲਈ ਆਖਿਆ ਸੀ, ਜਿਸ ਦਾ ਅਰਗੋਵਾਲ ਵਾਸੀਆਂ ਨੇ ਵਿਰੋਧ ਕੀਤਾ।
ਪਿੰਡ ਅਰਗੋਵਾਲ ਦੇ ਸਰਪੰਚ ਸੁਖਵਿੰਦਰ ਸਿੰਘ ਅਤੇ ਵਸਨੀਕਾਂ ਨੇ ਕਿਹਾ ਕਿ ਨਿਯਮਾਂ ਅਨੁਸਾਰ ਕਿਸੇ ਵੀ ਪਿੰਡ ਦੇ ਦੂਸ਼ਿਤ ਪਾਣੀ ਦੀ ਨਿਕਾਸੀ ਕਿਸੇ ਹੋਰ ਪਿੰਡ ਦੇ ਰਕਬੇ ਰਾਹੀਂ ਨਹੀਂ ਕੀਤੀ ਜਾ ਸਕਦੀ ਪਰ ਪਿੰਡ ਬਡਿਆਲ ਦੀ ਪੰਚਾਇਤ ਵੱਲੋਂ ਪਿੰਡ ਦਾ ਦੂਸ਼ਿਤ ਪਾਣੀ ਅਰਗੋਵਾਲ ਦੇ ਰਕਬੇ ਵਿੱਚ ਪਾਇਆ ਜਾ ਰਿਹਾ ਹੈ, ਜਿਸ ਖਿਲਾਫ਼ ਪਿੰਡ ਵਾਸੀਆਂ ’ਚ ਰੋਸ ਹੈ।
ਪਿੰਡ ਵਾਸੀਆਂ ਦੇ ਭਰਵੇਂ ਇਕੱਠ ’ਚ ਗ੍ਰਾਮ ਪੰਚਾਇਤ ਨੇ ਮਤਾ ਪਾਸ ਕਰਕੇ ਚਿਤਾਵਨੀ ਦਿੱਤੀ ਕਿ ਬਡਿਆਲ ਪੰਚਾਇਤ ਦੂਸ਼ਿਤ ਪਾਣੀ ਦੀ ਨਿਕਾਸੀ ਆਪਣੇ ਪਿੰਡ ’ਚ ਕਰੇ। ਜੇਕਰ ਪਿੰਡ ਬਡਿਆਲ ਦਾ ਦੂਸ਼ਿਤ ਪਾਣੀ ਅਰਗੋਵਾਲ ਦੇ ਰਕਬੇ ਵਿੱਚ ਪਾਇਆ ਗਿਆ ਤਾਂ ਉਸ ਨੂੰ ਰੋਕਣ ਮੌਕੇ ਪੈਦਾ ਹੋਣ ਵਾਲੇ ਤਣਾਅ ਅਤੇ ਕਿਸੇ ਅਣਸੁਖਾਵੀਂ ਘਟਨਾ ਵਾਪਰਣ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਅਤੇ ਬਡਿਆਲ ਪੰਚਾਇਤ ਦੀ ਹੋਵੇਗੀ। ਇਸ ਮੌਕੇ ਹਰਦੀਪ ਸਿੰਘ ਭੁੱਟੋ, ਰਾਜਿੰਦਰ ਸਿੰਘ, ਹਰਦੀਪ ਸਿੰਘ, ਹਰਦੀਪ ਸਿੰਘ, ਨਰਿੰਦਰ ਸਿੰਘ ,ਅਮਰਜੀਤ ਸਿੰਘ, ਹਰਿੰਦਰ ਸਿੰਘ, ਰਸ਼ਪਾਲ ਸਿੰਘ, ਮਨੀ ਸਿੰਘ, ਬਲਜਿੰਦਰ ਸਿੰਘ, ਬਲਜੀਤ ਸਿੰਘ, ਜਸਕਰਨ ਸਿੰਘ, ਮਨਜੀਤ ਸਿੰਘ, ਸਿਮਰਨਜੀਤ ਸਿੰਘ, ਜਰਨੈਲ ਸਿੰਘ, ਸਰਬਜੀਤ ਸਿੰਘ, ਅਮਰੀਕ ਸਿੰਘ, ਦਲਵੀਰ ਸਿੰਘ, ਗੁਰਪ੍ਰੀਤ ਸਿੰਘ, ਤਰਸੇਮ ਸਿੰਘ, ਹਰਪ੍ਰੀਤ ਸਿੰਘ, ਇੰਦਰਜੀਤ ਸਿੰਘ ਅਤੇ ਬਖਸ਼ੀਸ਼ ਸਿੰਘ ਹਾਜ਼ਰ ਸਨ।
ਹਦਾਇਤਾਂ ਅਨੁਸਾਰ ਪਾਇਆ ਪਾਣੀ: ਸਰਪੰਚ
ਪਿੰਡ ਬਡਿਆਲ ਦੇ ਸਰਪੰਚ ਲਖਵੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਵਿੱਚ ਦੂਸ਼ਿਤ ਪਾਣੀ ਦੀ ਨਿਕਾਸੀ ਲਈ ਕੋਈ ਛੱਪੜ ਨਹੀਂ ਹੈ ਅਤੇ ਸੜਕਾਂ ਦੇ ਨਾਲ ਉਸਾਰੀਆਂ ਹੋਣ ਕਾਰਨ ਜ਼ਿਆਦਾਤਰ ਨਿਕਾਸੀ ਨਾਲੇ ਬੰਦ ਹੋ ਜਾਣ ਕਰਕੇ ਪਾਣੀ ਦੀ ਨਿਕਾਸੀ ਨਹੀਂ ਸੀ ਹੋ ਰਹੀ। ਓਵਰਫਲੋਅ ਹੋਣ ਕਰਕੇ ਸੜਕਾਂ ’ਤੇ ਫਿਰਦੇ ਦੂਸ਼ਿਤ ਪਾਣੀ ਕਾਰਨ ਪਿੰਡ ਵਾਸੀਆਂ ਤੇ ਰਾਹਗੀਰਾਂ ਦੀ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ, ਬੀਡੀਪੀਓ ਭੂੰਗਾ ਸਣੇ ਹੋਰ ਅਧਿਕਾਰੀਆਂ ਨੇ ਨਿਕਾਸੀ ਦਾ ਪਾਣੀ ਸੜਕ ਦੇ ਨਾਲ-ਨਾਲ ਲਿਜਾ ਕੇ ਅਰਗੋਵਾਲ ਦੇ ਚੋਅ ਵਿੱਚ ਪਾਉਣ ਲਈ ਆਖਿਆ ਸੀ। ਇਸੇ ਹਦਾਇਤ ’ਤੇ ਹੀ ਪਿੰਡ ਦਾ ਪਾਣੀ ਅਰਗੋਵਾਲ ਦੇ ਚੋਅ ਵਿੱਚ ਪਾਇਆ ਗਿਆ ਹੈ।