ਸੜਕ ਹਾਦਸਿਆਂ ਵਿੱਚ ਦੋ ਜਣੇ ਹਲਾਕ, ਦੋ ਜ਼ਖ਼ਮੀ
ਪੱਤਰ ਪ੍ਰੇਰਕ
ਫਗਵਾੜਾ, 17 ਨਵੰਬਰ
ਇੱਥੇ ਫਗਵਾੜਾ-ਹੁਸ਼ਿਆਰਪੁਰ ਰੋਡ ’ਤੇ ਇੱਕ ਖੜ੍ਹੀ ਗੱਡੀ ’ਚ ਦੋ ਮੋਟਰਸਾਈਕਲ ਵੱਜਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਜਦੋਂਕਿ ਇੱਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਮੁੱਢਲੀ ਸਹਾਇਤਾ ਮਗਰੋਂ ਡਾਕਟਰਾ ਨੇ ਜਲੰਧਰ ਰੈੱਫ਼ਰ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣੇਦਾਰ ਜਸਪਾਲ ਸਿੰਘ ਨੇ ਦੱਸਿਆ ਕਿ ਦੋ ਮੋਟਰਸਾਈਕਲਾਂ ’ਤੇ ਸਵਾਰ ਨੌਜਵਾਨ ਜਾ ਰਹੇ ਅੱਗੇ ਖੜ੍ਹੀ ਗੱਡੀ ਨਾਲ ਜਾ ਟਕਰਾਏ। ਇਸ ਕਾਰਨ ਇਹ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਇੱਥੇ ਇੱਕ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਵਲੋਂ ਜਲੰਧਰ ਰੈੱਫਰ ਕਰ ਦਿੱਤਾ ਗਿਆ ਜਦੋਂਕਿ ਇੱਕ ਵਿਅਕਤੀ ਦੀ ਹਸਪਤਾਲ ਪੁੱਜਣ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਸਿਵਲ ਹਸਪਤਾਲ ਵਿੱਚ ਡਿਊਟੀ ’ਤੇ ਤਾਇਨਾਤ ਡਾਕਟਰ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਅਮਰਜੀਤ ਵਾਸੀ ਚੱਕਪ੍ਰੇਮਾ ਫਗਵਾੜਾ ਵਜੋਂ ਹੋਈ ਹੈ ਜਦੋਂਕਿ ਜ਼ਖਮੀ ਦੀ ਪਛਾਣ ਅਮਰਜੀਤ ਵਾਸੀ ਖਲਵਾੜਾ ਵਜੋਂ ਹੋਈ ਹੈ।
ਇਸੇ ਦੌਰਾਨ ਪੱਦੀ ਜ਼ਗੀਰ ਲਾਗੇ ਵਾਪਰੇ ਇੱਕ ਸੜਕੀ ਹਾਦਸੇ ’ਚ ਇੱਕ ਨੌਜਵਾਨ ਦੀ ਮੌਤ ਹੋ ਗਈ ਜਦੋਂਕਿ ਇੱਕ ਗੰਭੀਰ ਜ਼ਖਮੀ ਹੋ ਗਿਆ। ਸਿਵਲ ਹਸਪਤਾਲ ’ਚ ਡਿਊਟੀ ’ਤੇ ਤਾਇਨਾਤ ਡਾ. ਨਰੇਸ਼ ਕੁੰਦਰਾ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਪਛਾਣ ਸੰਨੀ ਕੁਮਾਰ ਵਜੋਂ ਹੋਈ ਹੈ ਜਦਕਿ ਜ਼ਖਮੀ ਦੀ ਪਛਾਣ ਸੁਨੀਲ ਕੁਮਾਰ ਉਰਫ਼ ਸ਼ੈਟੀ ਵਾਸੀ ਗੁਰਾਇਆ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਹ ਦੋਵੇਂ ਨੌਜਵਾਨ ਫ਼ਾਇਨਾਂਸ ਕੰਪਨੀ ’ਚ ਕੁਲੈਕਸ਼ਨ ਦਾ ਕੰਮ ਕਰਦੇ ਹਨ ਤੇ ਗੜੇ ਵਾਲਾ ਮੋੜ ਮੁੜਨ ਲੱਗੇ ਸਨ ਤਾਂ ਇਨ੍ਹਾਂ ਦੀ ਟਰੈਕਟਰ ਨਾਲ ਟੱਕਰ ਹੋ ਗਈ ਜਿਸ ਦੌਰਾਨ ਇੱਕ ਦੀ ਮੌਤ ਹੋ ਗਈ। ਘਟਨਾ ਸਬੰਧੀ ਪੁਲੀਸ ਨੂੰ ਸੂਚਨਾ ਦੇ ਦਿੱਤੀ ਗਈ ਹੈ।