ਕਰੰਟ ਲੱਗਣ ਕਾਰਨ ਦੋ ਮੌਤਾਂ
ਪੱਤਰ ਪ੍ਰੇਰਕ
ਫਗਵਾੜਾ, 31 ਜੁਲਾਈ
ਇੱਥੇ ਫਗਵਾੜਾ-ਜੰਡਿਆਲਾ ਸੜਕ ’ਤੇ ਪੈਂਦੇ ਪਿੰਡ ਲਖਨਪਾਲ ਵਿੱਚ ਬਿਜਲੀ ਦੇ ਟਰਾਂਸਫ਼ਾਰਮਰ ਦੀ ਮੁਰੰਮਤ ਕਰਨ ਗਏ ਇੱਕ ਕਰਮਚਾਰੀ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਲਖਵੀਰ ਚੰਦ ਵਾਸੀ ਚਾਹਲ ਕਲਾਂ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਇਹ ਵਿਅਕਤੀ ਹਦੀਆਬਾਦ ਸਬ ਡਿਵੀਜ਼ਨ ’ਚ ਪ੍ਰਾਈਵੇਟ ਤੌਰ ’ਤੇ ਤਾਇਨਾਤ ਸੀ। ਪਿਛਲੇ ਕਈ ਦਿਨਾਂ ਤੋਂ ਇਸ ਫੀਡਰ ’ਤੇ ਬਿਜਲੀ ਦੀ ਸਮੱਸਿਆ ਚੱਲ ਰਹੀ ਸੀ ਜਿਸ ਨੂੰ ਹੱਲ ਕਰਨ ਲਈ ਵਿਭਾਗ ਦੀ ਟੀਮ ਉੱਥੇ ਗਈ ਸੀ। ਸਵਿੱਚ ਕੱਟ ਕੇ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਜਦੋਂ ਇਹ ਵਿਅਕਤੀ ਟਰਾਂਸਫਾਰਮਰ ’ਤੇ ਚੜ੍ਹਿਆ ਤਾਂ ਉਸਨੂੰ ਕਰੰਟ ਲੱਗ ਗਿਆ ਜਿਸ ਨੂੰ ਗੰਭੀਰ ਹਾਲਤ ’ਚ ਇੱਥੇ ਨਿੱਜੀ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਸ਼ਹਿਰ ਦੇ ਸ਼ੀਸ਼ ਮਹਿਲ ਇਲਾਕੇ ਦੇ ਵਸਨੀਕ ਇੱਕ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਸੌਰਵ ਕੋਹਲੀ ਨਾਂ ਦਾ ਨੌਜਵਾਨ ਬੀਤੀ ਸ਼ਾਮ ਛਾਉਣੀ ਕਲਾਂ ’ਚ ਫਲੈਕਸ ਲਗਾਉਣ ਗਿਆ ਸੀ। ਇਸ ਦੌਰਾਨ ਬਿਜਲੀ ਦੀਆਂ ਤਾਰਾਂ ਨਾਲ ਐਂਗਲ ਦਾ ਸੰਪਰਕ ਹੋ ਗਿਆ ਅਤੇ ਉਸ ਵਿੱਚ ਕਰੰਟ ਆ ਗਿਆ।
ਗੰਭੀਰ ਹਾਲਤ ਵਿੱਚ ਸੌਰਵ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਵਾਰਡ ਦੇ ਕੌਂਸਲਰ ਪ੍ਰਦੀਪ ਕੁਮਾਰ ਤੇ ਭਾਜਪਾ ਆਗੂ ਸੁਰੇਸ਼ ਭਾਟੀਆ ਨੇ ਮ੍ਰਿਤਕ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਤੇ ਸਥਾਨਕ ਮੰਤਰੀ ਤੋਂ ਮੰਗ ਕੀਤੀ ਕਿ ਪੀੜਤ ਪਰਿਵਾਰ ਦੀ ਮਦਦ ਕੀਤੀ ਜਾਵੇ।