ਅੰਤਰ-ਰਾਜੀ ਨਸ਼ਾ ਤਸਕਰੀ ਵਿੱਚ ਸ਼ਾਮਲ ਦੋ ਮੁਲਜ਼ਮ ਗ੍ਰਿਫ਼ਤਾਰ
ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਕਮਿਸ਼ਨਰੇਟ ਪੁਲੀਸ ਜਲੰਧਰ ਨੇ ਇੰਟਰ-ਸਟੇਟ ਡਰੱਗ ਨੈੱਟਵਰਕ ਵਿੱਚ ਸ਼ਾਮਲ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਤੋਂ 205 ਗ੍ਰਾਮ ਕੋਕੀਨ, 2 ਕਿਲੋ ਚਰਸ, 20 ਗ੍ਰਾਮ ਆਈਸ, 22 ਗ੍ਰਾਮ ਐੱਲ ਐੱਸ ਡੀ ਗੋਲੀਆਂ, 2 ਨਾਜਾਇਜ਼ ਅਸਲੇ ਅਤੇ 5 ਰੌਂਦ ਬਰਾਮਦ ਕੀਤੇ। ਪੁਲੀਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਇਹ ਕਾਰਵਾਈ ਡੀ.ਸੀ.ਪੀ. (ਇਨਵੈਸਟੀਗੇਸ਼ਨ) ਮਨਪ੍ਰੀਤ ਸਿੰਘ ਢਿੱਲੋਂ, ਏ ਡੀ ਸੀ ਪੀ (ਇਨਵੈਸਟੀਗੇਸ਼ਨ) ਜਯੰਤ ਪੁਰੀ ਅਤੇ ਏ ਸੀ ਪੀ ਅਮਰਬੀਰ ਸਿੰਘ ਦੀ ਨਿਗਰਾਨੀ ਹੇਠ ਇੰਸਪੈਕਟਰ ਸੁਰਿੰਦਰ ਕੁਮਾਰ ਇੰਚਾਰਜ ਸੀ ਆਈ ਏ ਸਟਾਫ਼ ਜਲੰਧਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੀਤੀ ਗਈ। ਉਨ੍ਹਾਂ ਦੱਸਿਆ ਕਿ 14 ਨਵੰਬਰ ਨੂੰ ਸੀ ਆਈ ਏ ਸਟਾਫ਼ ਜਲੰਧਰ ਦੀ ਟੀਮ ਨਸ਼ਾ ਸਮੱਗਲਰਾਂ ਸਬੰਧੀ ਤਲਾਸ਼ੀ ਮੁਹਿੰਮ ਦੌਰਾਨ ਸਰਵਿਸ ਲੇਨ ਨੇੜੇ ਮੰਦਾਕਨੀ ਫਾਰਮ, ਜੀ.ਟੀ. ਰੋਡ ਫਗਵਾੜਾ ਜਲੰਧਰ ’ਤੇ ਮੌਜੂਦ ਸੀ। ਇਸ ਦੌਰਾਨ ਇੱਕ ਨੌਜਵਾਨ ਸਾਗਰ ਬੱਬਰ ਵਾਸੀ ਦਸਮੇਸ਼ ਨਗਰ, ਮਾਡਲ ਹਾਊਸ ਜਲੰਧਰ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕੀਤਾ ਗਿਆ। ਮੁਲਜ਼ਮ ਕੋਲੋਂ ਕੁੱਲ 200 ਗ੍ਰਾਮ ਕੋਕੀਨ, 2 ਕਿਲੋਗ੍ਰਾਮ ਚਰਸ, 20 ਗ੍ਰਾਮ ਆਈਸ, 22 ਗ੍ਰਾਮ ਐੱਲ ਐੱਸ ਡੀ ਗੋਲੀਆਂ ਅਤੇ ਪਿਸਤੌਲ .32 ਬੋਰ ਬਰਾਮਦ ਕੀਤੇ ਗਏ । ਕਾਰਵਾਈ ਦੌਰਾਨ ਉਸ ਦੇ ਸਾਥੀ ਧਰਮਾਂਸ਼ੂ ਉਰਫ ਲਵ ਵਾਸੀ ਬਸਤੀ ਸ਼ੇਖ, ਜਲੰਧਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਜਿਸ ਕੋਲੋਂ 5 ਗ੍ਰਾਮ ਕੋਕੀਨ ਅਤੇ ਰਿਵਾਲਵਰ .32 ਬੋਰ ਸਮੇਤ 5 ਰੌਂਦ ਮਿਲੇ। ਮੁਲਜ਼ਮਾਂ ਖਿਲਾਫ਼ ਮੁਕੱਦਮਾ ਥਾਣਾ ਰਾਮਾ ਮੰਡੀ ਵਿੱਚ ਦਰਜ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਸਾਗਰ ਬੱਬਰ ਖਿਲਾਫ ਐੱਨ ਡੀ ਪੀ ਐੱਸ. ਐਕਟ ਤਹਿਤ ਸੁੰਦਰ ਨਗਰ (ਹਿਮਾਚਲ ਪ੍ਰਦੇਸ਼) ਅਤੇ ਖਰੜ (ਮੁਹਾਲੀ) ਵਿੱਚ 2 ਕੇਸ ਪਹਿਲਾਂ ਤੋਂ ਦਰਜ ਹਨ ਜਦਕਿ ਧਰਮਾਂਸ਼ੂ ਉਰਫ ਲਵ ਖ਼ਿਲਾਫ਼ ਵੀ ਥਾਣਾ ਕੁਰਾਲੀ, ਮੁਹਾਲੀ ਵਿੱਚ ਐੱਨ ਡੀ ਪੀ ਐੱਸ ਐਕਟ ਤਹਿਤ ਕੇਸ ਦਰਜ ਹੈ। ਗ੍ਰਿਫ਼ਤਾਰ ਮੁਲਜ਼ਮ ਪੁਲੀਸ ਰਿਮਾਂਡ ‘ਤੇ ਹਨ ਅਤੇ ਪੁੱਛਗਿੱਛ ਜਾਰੀ ਹੈ, ਤਾਂ ਜੋ ਉਨ੍ਹਾਂ ਦੇ ਫੋਰਵਰਡ ਅਤੇ ਬੈਕਵਰਡ ਲਿੰਕੇਜ਼ ਦੀ ਪੂਰੀ ਜਾਣਕਾਰੀ ਹਾਸਲ ਕਰਕੇ ਇਸ ਪੂਰੇ ਡਰੱਗ ਨੈੱਟਵਰਕ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਜਾ ਸਕੇ।
