ਅੰਡਰਪਾਸ ਹੇਠ ਪਾਣੀ ਖੜ੍ਹਨ ਕਾਰਨ ਪ੍ਰੇਸ਼ਾਨੀ
ਸਥਾਨਕ ਜੀਟੀ ਰੋਡ ’ਤੇ ਜੇਸੀਟੀ ਮਿੱਲ ਸਾਹਮਣੇ ਕੌਮੀ ਮਾਰਗ ਹੇਠਾਂ ਬਣੇ ਅੰਡਰਪਾਸ ਦੀ ਸੜਕ ਮੀਂਹ ’ਚ ਬਰਸਾਤੀ ਨਾਲੇ ਦਾ ਰੂਪ ਧਾਰਨ ਕਰ ਜਾਂਦੀ ਹੈ। ਇਸ ਕਾਰਨ ਪੈਦਲ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਲਾਕ ਕਾਂਗਰਸ (ਸ਼ਹਿਰੀ) ਦੇ ਪ੍ਰਧਾਨ ਤੇ ਨਗਰ ਕੌਂਸਲਰ ਤਰਨਜੀਤ ਸਿੰਘ ਬੰਟੀ ਵਾਲੀਆ ਨੇ ਕਿਹਾ ਕਿ ਇਹ ਸਮੱਸਿਆ ਲਗਪਗ ਦੋ ਢਾਈ ਸਾਲਾਂ ਤੋਂ ਬਰਕਰਾਰ ਹੈ ਤੇ ਇਲਾਕਾ ਵਾਸੀ ਇਸ ਤੋਂ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਮੀਂਹ ਪੈਂਦਾ ਹੈ ਤਾਂ ਇਹ ਖਸਤਾ ਹਾਲਤ ਸੜਕ ਤੋਂ ਲੰਘਣਾ ਮੁਸ਼ਕਲ ਹੋ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਸੜਕ ਦੇ ਵਿਚਕਾਰ ਡੂੰਘੇ ਟੋਏ ਹਨ ਜੋ ਮੀਂਹ ’ਚ ਪਾਣੀ ਨਾਲ ਭਰੇ ਹੋਣ ਕਾਰਨ ਹਾਦਸਿਆਂ ਦਾ ਕਾਰਨ ਬਣ ਸਕਦੇ ਹਨ। ਉਨ੍ਹਾਂ ਕਿਹਾ ਕਿ ਪੁਲ ਦੇ ਆਲੇ-ਦੁਆਲੇ ਬਾਜ਼ਾਰ ਹੈ। ਫਲਾਂ ਤੇ ਸਬਜ਼ੀਆਂ ਦੀਆਂ ਰੇਹੜੀਆਂ-ਫੜੀਆਂ ਲੱਗਦੀਆਂ ਹਨ। ਇੱਥੇ ਲੋਕ ਖ਼ਰੀਦਦਾਰੀ ਲਈ ਆਉਂਦੇ-ਜਾਂਦੇ ਹਨ।
ਉਨ੍ਹਾਂ ਕਿਹਾ ਕਿ ਜੇ ਸਮੱਸਿਆ ਸਿਰਫ਼ ਬਰਸਾਤ ਹੋਣ ਤੱਕ ਸੀਮਤ ਹੋਵੇ ਤਾਂ ਵੀ ਠੀਕ ਸੀ ਪਰ ਇੱਥੇ ਲੋਕਾਂ ਨੂੰ ਕਈ ਦਿਨਾਂ ਤੱਕ ਖੜ੍ਹੇ ਰਹਿੰਦੇ ਪਾਣੀ ਕਾਰਨ ਦਿੱਕਤ ਆਉਂਦੀ ਹੈ। ਬਰਸਾਤ ਦੇ ਮੌਸਮ ਦੌਰਾਨ ਟੋਇਆਂ ਵਾਲੀ ਸੜਕ ’ਤੇ ਖੜ੍ਹੇ ਪਾਣੀ ਵਿੱਚ ਮੱਛਰ ਪੈਦਾ ਹੁੰਦੇ ਹਨ, ਜਿਸ ਨਾਲ ਡੇਂਗੂ ਅਤੇ ਮਲੇਰੀਆ ਵਰਗੀਆਂ ਬਿਮਾਰੀਆਂ ਦਾ ਖ਼ਤਰਾ ਪੈਦਾ ਹੁੰਦਾ ਹੈ। ਉਨ੍ਹਾਂ ਨਗਰ ਨਿਗਮ ਕਮਿਸ਼ਨਰ ਤੋਂ ਮੰਗ ਕੀਤੀ ਕਿ ਜਿਸ ਤਰ੍ਹਾਂ ਸ਼ੂਗਰ ਮਿੱਲ ਦੇ ਨੇੜੇ ਅੰਡਰਪਾਸ ਸੜਕ ਨੂੰ ਦੁਬਾਰਾ ਬਣਾਇਆ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਢੁਕਵਾਂ ਪ੍ਰਬੰਧ ਕੀਤਾ ਗਿਆ ਹੈ, ਉਸੇ ਤਰ੍ਹਾਂ ਇਸ ਖਸਤਾ ਹਾਲਤ ਅੰਡਰਪਾਸ ਸੜਕ ਨੂੰ ਵੀ ਦੁਬਾਰਾ ਬਣਾਇਆ ਜਾਵੇ।
ਸਮੱਸਿਆ ਦੂਰ ਕੀਤੀ ਜਾਵੇਗੀ: ਉੱਪਲ
ਮੇਅਰ ਰਾਮਪਾਲ ਉੱਪਲ ਨੇ ਦੱਸਿਆ ਕਿ ਇਹ ਪੁਲ ਭਾਵੇਂ ਰੇਲ ਵਿਭਾਗ ਦੇ ਖੇਤਰ ’ਚ ਆਉਂਦਾ ਹੈ ਪਰ ਇਹ ਮਾਮਲਾ ਸਾਡੇ ਧਿਆਨ ’ਚ ਆਇਆ ਹੈ। ਇਸ ਸਬੰਧੀ ਅਧਿਕਾਰੀਆਂ ਨਾਲ ਸਲਾਹ ਕਰ ਕੇ ਲੋਕਾਂ ਦੀ ਸਮੱਸਿਆ ਦੂਰ ਕੀਤੀ ਜਾਵੇਗੀ।