ਪੁਲੀਸ ਯਾਦਗਾਰੀ ਦਿਵਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ
ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਬਹਾਦਰ ਪੁਲੀਸ ਮੁਲਾਜ਼ਮਾਂ ਦੇ ਸਨਮਾਨ ਵਿਚ ਪੁਲੀਸ ਲਾਈਨ ਹੁਸ਼ਿਆਰਪੁਰ ਵਿਖੇ 66ਵਾਂ ਪੁਲੀਸ ਯਾਦਗਾਰੀ ਦਿਵਸ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਐੱਸ ਐੱਸ ਪੀ ਸੰਦੀਪ ਕੁਮਾਰ ਮਲਿਕ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਪੰਜਾਬ ਪੁਲੀਸ ਨੂੰ ਇਕ ਬੇਮਿਸਾਲ ਫੋਰਸ ਦੱਸਿਆ, ਜਿਸ ਨੇ ਸ਼ਾਂਤੀ ਅਤੇ ਸੰਕਟ ਦੋਵਾਂ ਦੌਰਾਨ ਬੇਜੋੜ ਸਮਰਪਣ ਨਾਲ ਦੇਸ਼ ਦੀ ਸੇਵਾ ਕੀਤੀ।
ਉਨ੍ਹਾਂ ਦੱਸਿਆ ਕਿ ਸਤੰਬਰ 1981 ਤੋਂ ਲੈ ਕੇ ਹੁਣ ਤੱਕ ਪੰਜਾਬ ਪੁਲੀਸ ਨੇ ਡਿਊਟੀ ਦੌਰਾਨ 1802 ਅਧਿਕਾਰੀਆਂ ਦਾ ਬਲੀਦਾਨ ਦਿੱਤਾ ਹੈ, ਜਿਸ ਵਿਚ ਇਕੱਲੇ ਇਸ ਸਾਲ ਦੇ ਹੀ ਤਿੰਨ ਪੁਲੀਸ ਕਰਮਚਾਰੀ ਸ਼ਾਮਿਲ ਹਨ। ਐੱਸ ਐੱਸ ਪੀ ਮਲਿਕ ਨੇ ਕਿਹਾ ਕਿ ਇਨ੍ਹਾਂ ਸ਼ਹੀਦਾਂ ਕਾਰਨ ਹੀ ਅੱਜ ਅਸੀਂ ਚੈਨ ਦੀ ਨੀਂਦ ਸੌਂ ਰਹੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਦੀ ਬਹਾਦਰੀ, ਹਿੰਮਤ ਅਤੇ ਅੱਤਵਾਦ ਨੂੰ ਜੜ੍ਹੋਂ ਪੁੱਟ ਸੁੱਟਣ ਦੀ ਵਚਨਬੱਧਤਾ ਦੀ ਮਾਣਮੱਤੀ ਵਿਰਾਸਤ ਹੈ ਅਤੇ ਸੂਬੇ ਵਿਚ ਸ਼ਾਂਤੀ ਅਤੇ ਭਾਈਚਾਰਕ ਸਾਂਝ ਕਾਇਮ ਰੱਖਣ ’ਚ ਪੰਜਾਬ ਪੁਲੀਸ ਦਾ ਯੋਗਦਾਨ ਬੇਮਿਸਾਲ ਹੈ।
ਇਸ ਦੌਰਾਨ ਪੁਲਿਸ ਸ਼ਹੀਦਾਂ ਦੇ ਸਮਾਰਕ ਵਿਖੇ ਯਾਦਗਾਰੀ ਪਰੇਡ ਹੋਈ, ਜਿੱਥੇ ਪੁਲੀਸ ਸ਼ਹੀਦਾਂ ਦੇ ਨਾਮ ਪੜ੍ਹੇ ਗਏ, ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ। ਸਮਾਗਮ ਤੋਂ ਬਾਅਦ ਐੱਸ ਐੱਸ ਪੀ ਨੇ ਪੁਲੀਸ ਸ਼ਹੀਦਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ, ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਨ੍ਹਾਂ ਨੂੰ ਪੰਜਾਬ ਸਰਕਾਰ ਅਤੇ ਪੁਲੀਸ ਵਿਭਾਗ ਵੱਲੋਂ ਨਿਰੰਤਰ ਸਹਿਯੋਗ ਦਾ ਭਰੋਸਾ ਦਿੱਤਾ।