ਸਵਾਰੀਆਂ ਨਾਲ ਭਰੇ ਆਟੋ ਤੇ ਕਾਰ ਦੀ ਟੱਕਰ; ਤਿੰਨ ਹਲਾਕ
ਸਰਬਜੀਤ ਗਿੱਲ
ਫਿਲੌਰ, 25 ਜੂਨ
ਸਥਾਨਕ ਨਵਾਂ ਸ਼ਹਿਰ ਰੋਡ ’ਤੇ ਪਿੰਡ ਬੁਰਜ ਪੁਖਤਾ ਵਿੱਚ ਆਟੋ ਅਤੇ ਕਾਰ ’ਚ ਹੋਈ ਭਿਆਨਕ ਟੱਕਰ ਦੌਰਾਨ ਤਿੰਨ ਜਣਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ’ਚ ਇੱਕ ਬੱਚੇ ਸਣੇ ਚਾਰ ਜਣੇ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਜਲੰਧਰ ਭੇਜ ਦਿੱਤਾ ਗਿਆ।
ਸਵਾਰੀਆਂ ਨਾਲ ਭਰਿਆ ਆਟੋ ਝੰਡੀ ਪੀਰ ਕਡਿਆਣਾ ਤੋਂ ਫਿਲੌਰ ਵੱਲ ਆ ਰਿਹਾ ਸੀ ਤਾਂ ਫਿਲੌਰ ਨੇੜੇ ਪਿੰਡ ਬੁਰਜ ਪੁਖਤਾ, ਛਿਛੋਵਾਲ ਵਿੱਚ ਉਸ ਦੀ ਇੱਕ ਕਾਰ ਨਾਲ ਟੱਕਰ ਹੋ ਗਈ, ਜਿਸ ਕਾਰਨ ਆਟੋ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਵਿੱਚ ਸਵਾਰ ਰਾਣੀ, ਸੁਨੀਤਾ ਅਤੇ ਮਨਜੀਤ ਸਿੰਘ ਵਾਸੀ ਝੰਡੀ ਪੀਰ ਕੰਡਿਆਣਾ ਦੀ ਮੌਕੇ ’ਤੇ ਮੌਤ ਹੋ ਗਈ। ਹਾਦਸੇ ’ਚ ਇੱਕ ਬੱਚੇ ਤੋਂ ਇਲਾਵਾ ਤਿੰਨ ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਜ਼ਖ਼ਮੀ ਨਿਰਮਲ, ਅਮਰ ਚੰਦ, ਮੁਖਤਿਆਰ ਨੂੰ ਸਥਾਨਕ ਸਿਵਲ ਹਸਪਤਾਲ ’ਚ ਇਲਾਜ ਲਈ ਦਾਖ਼ਲ ਕਰਵਾ ਦਿੱਤਾ ਗਿਆ। ਇਸ ਸਬੰਧੀ ਡਾ. ਨੀਰਜ ਸੋਢੀ ਨੇ ਦੱਸਿਆ ਕਿ ਬੱਚੇ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ ਅਤੇ ਬਾਕੀ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ। ਪੁਲੀਸ ਵੀ ਮੌਕੇ ’ਤੇ ਪਹੁੰਚ ਗਈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
ਜ਼ਖ਼ਮੀਆਂ ਨੂੰ ਹਸਪਤਾਲ ਪੁੱਜਦਾ ਕਰਨ ਲਈ ਸਮਾਜ ਸੇਵੀ ਅਤੇ ਕਾਰੋਬਾਰੀ ਮਤਵਿੰਦਰ ਸਿੰਘ ਸੋਨੂੰ ਨੇ ਕਾਫੀ ਉਦਮ ਕੀਤਾ। ਉਨ੍ਹਾਂ ਕਿਹਾ ਕਿ ਹਾਦਸਾ ਹੋਣ ਉਪਰੰਤ ਕੁੱਝ ਲੋਕ ਹਾਦਸੇ ਦੀ ਵੀਡੀਓ ਬਣਾਉਦੇ ਰਹੇ ਪਰ ਕਿਸੇ ਨੇ ਵੀ ਜ਼ਖਮੀਆਂ ਦੀ ਮਦਦ ਨਹੀਂ ਕੀਤੀ।