ਟਿਊਬਵੈੱਲਾਂ ਤੋਂ ਤਾਰਾਂ ਚੋਰੀ ਕਰਨ ਵਾਲੇ ਕਾਬੂ
ਪੁਲੀਸ ਨੇ ਚੋਰੀ ਦੀਆਂ 4 ਕਿੱਲੋ ਮੋਟਰ ਦੀਆ ਤਾਰਾਂ, ਤਾਂਬਾ ਅਤੇ ਮੋਟਰਸਾਈਕਲ ਬਰਾਮਦ ਕਰ ਕੇ ਦੋ ਵਿਅਕਤੀਆਂ ਨੂੰ ਗਿਫ਼ਤਾਰ ਕੀਤਾ ਹੈ। ਇੰਸਪੈਕਟਰ ਸਿਕੰਦਰ ਸਿੰਘ ਨੇ ਦੱਸਿਆ ਕਿ ਹਰਜੀਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਰੁੜਕੀ ਜੋ ਪਿੰਡ ਰੁੜਕੀ ਵਿੱਚ ਠੇਕੇ ’ਤੇ ਜ਼ਮੀਨ ਵਾਹੁੰਦਾ ਹੈ। ਉਸ ਦੀ ਮੋਟਰ ਦੀਆਂ ਤਾਰਾਂ ਤੋੜ ਕੇ ਕੋਈ ਨਾਮਾਲੂਮ ਵਿਅਕਤੀ ਚੋਰੀ ਕਰ ਕੇ ਲੈ ਗਿਆ ਹੈ। ਉਸ ਨੂੰ ਪਤਾ ਲੱਗਾ ਕਿ ਉਸ ਦੀ ਮੋਟਰ ਦੀਆ ਤਾਰਾਂ ਪਾਲਾ ਵਾਸੀ ਪਿੰਡ ਘੁੜਕਾ ਤੇ ਸੁਨੀਲ ਹਾਲ ਵਾਸੀ ਕੋਟ ਰਾਣੀ ਜ਼ਿਲ੍ਹਾ ਕਪੂਰਥਲਾ ਨੇ ਚੋਰੀ ਕੀਤੀਆਂ ਹਨ। ਉਸ ਦੀ ਜ਼ਮੀਨ ਦੇ ਨਾਲ ਲਗਦੀਆ ਮੋਟਰਾਂ ਪਲਵਿੰਦਰ ਸਿੰਘ, ਕੁਲਵਿੰਦਰ ਸਿੰਘ, ਅਮਰਜੀਤ ਸਿੰਘ, ਮੰਗਾ, ਬਾਗਾ ਵਾਸੀਆਨ ਪਿੰਡ ਰੁੜਕੀ ਤੇ ਜਸਵੰਤ ਸਿੰਘ ਵਾਸੀ ਸੁੰਨੜਾ ਖ਼ੁਰਦ ਜਮਸ਼ੇਰ ਦੀਆਂ ਵੀ ਇਨ੍ਹਾਂ ਨੇ ਮੋਟਰਾਂ ਦੀਆ ਤਾਰਾਂ ਚੋਰੀ ਕੀਤੀਆ ਹਨ। ਏ.ਐੱਸ.ਆਈ ਅਮਨਦੀਪ ਚੌਂਕੀ ਇੰਚਾਰਜ ਰੁੜਕਾ ਕਲ੍ਹਾ ਨੇ ਮੁਕੱਦਮਾ ਦਰਜ ਕਰਕੇ ਪਾਲਾ ਵਾਸੀ ਪਿੰਡ ਘੁੜਕਾ ਤੇ ਸੁਨੀਲ ਹਾਲ ਵਾਸੀ ਕੋਟ ਰਾਣੀ ਜ਼ਿਲ੍ਹਾ ਕਪੂਰਥਲਾ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੇ ਕਬਜ਼ੇ ਵਿੱਚੋਂ 4 ਕਿੱਲੋ ਤਾਰਾਂ ਤਾਂਬਾ ਸਮੇਤ ਮੋਟਰ ਸਾਈਕਲ ਬਰਾਮਦ ਕੀਤਾ ਗਿਆ ਹੈ ਤੇ ਹੋਰ ਪੁੱਛਗਿੱਛ ਜਾਰੀ ਹੈ।