ਚੋਰਾਂ ਨੇ ਚੌਕੀਦਾਰ ਦਾ ਮੋਟਰਸਾਈਕਲ ਸਾੜਿਆ
ਪਿੰਡ ਮੁਠੱਡਾ ਖੁਰਦ ਦੀ ਸਹਿਕਾਰੀ ਬੈਂਕ ਦੀ ਗਰਿੱਲ ਤੋੜ ਕੇ ਚੋਰਾਂ ਨੇ ਬੈਂਕ ’ਚੋਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਕਰੀਬ ਸਾਢੇ ਬਾਰਾਂ ਵਜੇ ਦੋ ਚੋਰ ਅੰਦਰ ਦਾਖਲ ਹੋਏ, ਜਿਨ੍ਹਾਂ ਕੈਮਰਿਆਂ ਦੀਆਂ ਤਾਰਾਂ ਕੱਟ ਦਿੱਤੀਆਂ। ਜਾਣਕਾਰੀ ਮੁਤਾਬਕ ਕੈਮਰਿਆਂ ’ਚ ਦੋ ਚੋਰ ਹੀ ਧੁੰਦਲੇ ਜਿਹੇ ਦਿਖਾਈ ਦਿੱਤੇ। ਬੈਂਕ ਤੋਂ ਬਾਅਦ ਇਨ੍ਹਾਂ ਨਾਲ ਲੱਗਦੇ ਸੀਨੀਅਰ ਸੈਕੰਡਰੀ ਸਕੂਲ ’ਚ ਧਾਵਾ ਬੋਲਿਆ ਜਿੱਥੇ ਉਨ੍ਹਾਂ ਚੌਕੀਦਾਰ ਦੇ ਕਮਰੇ ਅੱਗੇ ਗਮਲੇ ਰੱਖ ਦਿੱਤੇ ਤਾਂ ਜੋ ਉਹ ਬਾਹਰ ਨਾ ਨਿਕਲ ਸਕੇ। ਚੋਰ ਇੱਥੋਂ ਇੱਕ ਐਂਪਲੀਫਾਇਰ ਲੈ ਗਏ ਅਤੇ ਜਾਂਦੇ ਵੇਲੇ ਚੌਕੀਦਾਰ ਦੇ ਮੋਟਰਸਾਈਕਲ ਨੂੰ ਅੱਗ ਲਗਾ ਗਏ ਜੋ ਪੂਰੀ ਤਰ੍ਹਾਂ ਸੜ ਗਿਆ। ਪਿੰਡ ਦੇ ਸਰਪੰਚ ਵੱਲੋਂ ਪੁਲੀਸ ਨੂੰ ਸੂਚਿਤ ਕੀਤਾ ਗਿਆ। ਪੁਲੀਸ ਨੇ ਮੌਕੇ ’ਤੇ ਪੁੱਜ ਕੇ ਪੜਤਾਲ ਆਰੰਭ ਦਿੱਤੀ। ਇਸ ਤੋਂ ਇਲਾਵਾ ਮੁਹੱਲੇ ’ਚ ਰਹਿੰਦੇ ਸੇਵਾਮੁਕਤ ਡੀਐੱਸਪੀ ਦੇ ਘਰ ਨੂੰ ਚੋਰ ਨਿਸ਼ਾਨਾ ਬਣਾਉਂਦਿਆਂ ਹਜ਼ਾਰਾਂ ਰੁਪਏ ਦਾ ਸਾਮਾਨ ਚੋਰੀ ਕਰ ਕੇ ਲੈ ਗਏ। ਸੇਵਾਮੁਕਤ ਡੀਐੱਸਪੀ ਵਿਕਰਮਜੀਤ ਸਿੰਘ ਆਪਣੀ ਪੁੱਤਰੀ ਪਾਸ ਅਮਰੀਕਾ ਗਏ ਹੋਏ ਹਨ ਅਤੇ ਪਿੱਛੇ ਘਰ ਨੂੰ ਤਾਲਾ ਲੱਗਾ ਸੀ। ਅੱਜ ਜਦੋਂ ਸਫ਼ਾਈ ਕਰਨ ਵਾਲੀ ਮਹਿਲਾ ਨੇ ਉਨ੍ਹਾਂ ਦੇ ਘਰ ਦੇ ਮੁੱਖ ਗੇਟ ਦਾ ਤਾਲਾ ਖੋਲ੍ਹ ਕੇ ਅੰਦਰ ਦੇਖਿਆ ਤਾਂ ਅੰਦਰੋਂ ਇੱਕ ਐੱਲਈਡੀ, ਇੱਕ ਮਿਨੀ ਹੋਮਥੀਏਟਰ ਅਤੇ 2 ਸਿਲੰਡਰ ਗਾਇਬ ਸਨ। ਚੋਰੀ ਦੀ ਸੂਚਨਾ ਡੀਐੱਸਪੀ ਦੇ ਰਿਸ਼ਤੇਦਾਰਾਂ ਨੇ ਪੁਲੀਸ ਨੂੰ ਦਿੱਤੀ। ਥਾਣੇਦਾਰ ਜਸਵਿੰਦਰ ਸਿੰਘ ਨੇ ਪਹੁੰਚ ਕੇ ਜਾਇਜ਼ਾ ਲਿਆ ਅਤੇ ਪੜਤਾਲ ਆਰੰਭ ਦਿੱਤੀ।