ਮਜ਼ਦੂਰਾਂ ਨੇ ਜੰਮੂ-ਕੱਟੜਾ ਹਾਈਵੇਅ ਦਾ ਕੰਮ ਬੰਦ ਕਰਵਾਇਆ
ਪੱਤਰ ਪ੍ਰੇਰਕ
ਕਰਤਾਰਪੁਰ, 10 ਸਤੰਬਰ
ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਮਜ਼ਦੂਰਾਂ ਦੇ ਬੁਨਿਆਦੀ ਮੁੱਦਿਆਂ ਨੂੰ ਹੱਲ ਕਰਵਾਉਣ ਲਈ ਤਹਿਸੀਲ ਪੱਧਰੀ ਧਰਨੇ ਮੁਜ਼ਾਹਰੇ ਕਰਨ ਸਬੰਧੀ ਬੇਜ਼ਮੀਨੇ ਮਜ਼ਦੂਰਾਂ ਦੀ ਲਾਮਬੰਦੀ ਕੀਤੀ ਜਾ ਰਹੀ ਹੈ। ਇਸ ਮੁਹਿੰਮ ਤਹਿਤ ਪਿੰਡ ਬੱਖੂਨੰਗਲ ਨੰਗਲ, ਪਾੜਾ ਪਿੰਡ ਵਿੱਚ ਮਜ਼ਦੂਰਾਂ ਦੀ ਰੈਲੀ ਕੀਤੀ ਗਈ। ਇਸ ਦੌਰਾਨ ਮਜ਼ਦੂਰਾਂ ਨੇ ਜੰਮੂ-ਕੱਟੜਾ ਐਕਸਪ੍ਰੈਸ ਹਾਈਵੇਅ ਦਾ ਪਿੰਡ ਦੇ ਛੱਪੜ ਵਿੱਚ ਚੱਲ ਰਿਹਾ ਕੰਮ ਬੰਦ ਕਰਵਾਇਆ। ਉਨ੍ਹਾਂ ਨੇ ਦੋਸ਼ ਲਾਇਆ ਕਿ ਸੂਬਾ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਦੀ ਸੇਵਾ ਵਿੱਚ ਬੱਖੂਨੰਗਲ ਨੰਗਲ ਕਲੋਨੀ ਦੇ ਦਲਿਤ ਘਰਾਂ ਦੇ ਗੰਦੇ ਪਾਣੀ ਦੇ ਨਿਕਾਸ ਲਈ ਬਿਸ਼ਰਾਮਪੁਰ ਬੱਸ ਅੱਡੇ ਨਜ਼ਦੀਕ ਬਣਿਆ ਛੱਪੜ ਹੀ ਹਾਈਵੇਅ ਕੱਢਣ ਲਈ ਵੇਚ ਦਿੱਤਾ ਅਤੇ ਗੰਦੇ ਪਾਣੀ ਦੇ ਨਿਕਾਸ ਲਈ ਕੋਈ ਵੀ ਬਦਲਵਾਂ ਪ੍ਰਬੰਧ ਨਹੀਂ ਕੀਤਾ। ਅੱਜ ਮੌਕੇ ’ਤੇ ਨਾਇਬ ਤਹਿਸੀਲਦਾਰ ਕਰਤਾਰਪੁਰ, ਬੀਡੀਪੀਓ ਜਲੰਧਰ ਪੱਛਮੀ ਸੇਵਾ ਸਿੰਘ ਅਤੇ ਕੰਪਨੀ ਦੇ ਅਧਿਕਾਰੀਆਂ ਨੇ ਬਦਲਵਾਂ ਪ੍ਰਬੰਧ ਜਲਦੀ ਕਰ ਕੇ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਯੂਨੀਅਨ ਆਗੂਆਂ ਨੇ ਕਿਹਾ ਕਿ ਇਸ ਛੱਪੜ ਵਿੱਚ ਕੰਪਨੀ ਪ੍ਰਬੰਧਕਾਂ ਦੀ ਕਥਿਤ ਅਣਗਹਿਲੀ ਕਾਰਨ ਬੋਰਵੈੱਲ ’ਚ ਫਸ ਕੇ ਮਰਨ ਵਾਲੇ ਮਜ਼ਦੂਰ ਸੁਰੇਸ਼ ਦੇ ਮਾਮਲੇ ਵਿੱਚ ਕਰਤਾਰਪੁਰ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਜ਼ਿੰਮੇਵਾਰਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ। ਉਥੇ ਹੀ ਪਾੜਾ ਪਿੰਡ ਵਿੱਚ ਰੈਲੀ ਉਪਰੰਤ ਪਿੰਡ ’ਚ ਮਾਰਚ ਕਰ ਕੇ ਸਰਪੰਚ ਅਸ਼ੋਕ ਕੁਮਾਰ ਨੂੰ ਲੋੜਵੰਦ ਲੋਕਾਂ ਨੂੰ ਪਲਾਟ ਦੇਣ ਤੇ ਲਾਲ ਲਕੀਰ ਵਿੱਚ ਰਹਿੰਦੇ ਲੋਕਾਂ ਨੂੰ ਰਜਿਸਟਰੀਆਂ ਕਰ ਕੇ ਦੇਣ ਲਈ ਗ੍ਰਾਮ ਸਭਾ ਇਜਲਾਸ ਬੁਲਾ ਕੇ ਮਤਾ ਪਾਸ ਕਰਨ ਦੀ ਮੰਗ ਕੀਤੀ।