ਅਫਸਰਸ਼ਾਹੀ ਦੀ ਜਵਾਬਦੇਹੀ ਤੈਅ ਕਰਨ ਨਾਲ ਹੀ ਸਿਸਟਮ ਸੁਧਰੇਗਾ: ਸੀਚੇਵਾਲ
ਪੰਜਾਬ ਨੂੰ ਨਵਾਂ ਮੋੜ ਦੇਣ ਵਾਲੀ ਪਵਿੱਤਰ ਵੇਈਂ ਦੀ 25ਵੀਂ ਵਰ੍ਹੇਗੰਢ ਮੌਕੇ ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਦੀ ਆਈਏਐੱਸ ਤੇ ਪੀਸੀਐੱਸ ਅਧਿਕਾਰੀਆਂ ਨੂੰ ਜਵਾਬਦੇਹ ਬਣਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਿਸਟਮ ਵਿੱਚ ਉਦੋਂ ਹੀ ਸੁਧਾਰ ਹੋਵੇਗਾ ਜਦੋਂ ਇੰਨ੍ਹਾਂ ਅਫਸਰਾਂ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ 70 ਸਾਲਾਂ ਤੋਂ ਵਿਗੜੇ ਸਿਸਟਮ ਨੂੰ ਜਿਹੜਾ ਜੰਗਾਲ ਲੱਗ ਚੁੱਕਾ ਹੈ ਉਸ ਨੂੰ ਲਾਉਣਾ ਜ਼ਰੂਰੀ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਜਦੋਂ ਮਸ਼ੀਨ ਨੂੰ ਦਰੁਸਤ ਕਰ ਦਿੱਤਾ ਜਾਂਦਾ ਹੈ ਤਾਂ ਉਹ ਉਦੋਂ ਹੀ ਦੌੜਨ ਲੱਗ ਪੈਂਦੀ ਹੈ। ਕਾਰਸੇਵਾ ਦੀ 25 ਵੀਂ ਵਰ੍ਹੇਗੰਢ ਮੌਕੇ ਕਰਵਾਏ ਗਏ ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੀ ਉਚੇਚੇ ਤੌਰ ’ਤੇ ਪਹੁੰਚੇ। ਸੰਤ ਬਲਬੀਰ ਸਿੰਘ ਸੀਚੇਵਾਲ ਨੇ 25ਵੀਂ ਵਰ੍ਹੇਗੰਢ ਦੀਆਂ ਸੰਗਤਾਂ ਨੂੰ ਮੁਬਾਰਕਾਂ ਦਿੰਦਿਆ ਕਿਹਾ ਕਿ ਇਹ ਉਨ੍ਹਾਂ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ ਕਿ 165 ਕਿਲੋਮੀਟਰ ਲੰਮੀ ਵੇਈਂ ਸਾਫ਼ ਵੱਗਣ ਲੱਗ ਪਈ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਅਮਿਤ ਪੰਚਾਲ, ਐਸਐਸਪੀ ਗੌਰਵ ਤੂਰਾ ਅਤੇ ਐੱਸਡੀਐੱਮ ਅਲਕਾ ਕਾਲੀਆ ਹਾਜ਼ਰ ਸਨ। ਧਾਰਮਿਕ ਤੇ ਸਮਾਜਿਕ ਸਖਸ਼ੀਅਤਾਂ ਵਿੱਚ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ, ਸੰਤ ਲੀਡਰ ਸਿੰਘ, ਸੰਤ ਗੁਰਮੇਜ ਸਿੰਘ, ਸੰਤ ਪ੍ਰਗਟ ਨਾਥ, ਸੰਤ ਬਲਦੇਵ ਕ੍ਰਿਸ਼ਨ ਸਿੰਘ, ਸੰਤ ਬਲਵਿੰਦਰ ਸਿੰਘ ਖਡੂਰ ਸਾਹਿਬ, ਸੰਤ ਬਲਰਾਜ ਸਿੰਘ ਜਿਾਅਣ ਵਾਲੇ, ਵੈਦ ਪਰਮਜੀਤ ਸਿੰਘ ਭੱਟੀ, ਨਿਹੰਗ ਸਿੰਘ ਜੱਥੇਬੰਦੀਆਂ, ਸੱਜਣ ਸਿੰਘ ਚੀਮਾ ਆਦਿ ਹਾਜ਼ਰ ਸਨ।
ਇਸ ਮੌਕੇ ਸਾਬਕਾ ਰਾਸ਼ਟਰਪਤੀ ਡਾ. ਏਪੀਜੇ ਅਬਦੁਲ ਕਲਾਮ ਨੂੰ ਯਾਦ ਕਰਦਿਆ ਸੰਤ ਸੀਚੇਵਾਲ ਨੇ ਕਿਹਾ ਕਿ ਉਹ ਦੋ ਵਾਰ ਸੁਲਤਾਨਪੁਰ ਲੋਧੀ ਇਸੇ ਕਰਕੇ ਆਏ ਸਨ ਕਿ ਉਹ ਵੇਈਂ ਦੀ ਕਾਰ ਸੇਵਾ ਨਾਲ ਦਿੱਲੋਂ ਜੁੜੇ ਹੋਏ ਸਨ।