ਮੰਡ ਖੇਤਰ ’ਚ ਹਾਲਾਤ ਹੋਰ ਵਿਗੜੇ
ਪੌਂਗ ਡੈਮ ਤੋਂ ਕਰੀਬ ਦੋ ਲੱਖ ਕਿਊਸਿਕ ਪਾਣੀ ਛੱਡਣ ਕਾਰਨ ਦਰਿਆ ਬਿਆਸ ’ਚ ਵਧੇ ਪਾਣੀ ਦੇ ਪੱਧਰ ਕਾਰਨ ਮੰਡ ਖੇਤਰ ’ਚ ਹੜ੍ਹ ਦੇ ਹਾਲਾਤ ਹੋਰ ਵੀ ਗੰਭੀਰ ਹੋ ਗਏ ਹਨ। ਇਸ ਸਥਿਤੀ ਨੂੰ ਦੇਖਦਿਆਂ ਪ੍ਰਸ਼ਾਸਨ ਵੱਲੋਂ ਹਾਈ ਅਲਰਟ ਜਾਰੀ ਕਰ ਕੇ ਪਿੰਡਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਪ੍ਰਸ਼ਾਸਨ ਵੱਲੋਂ ਫ਼ੌਜ ਦੀਆਂ ਦੋ ਗੱਡੀਆਂ ਬਾਊਪੁਰ ਪੁਲ ’ਤੇ ਭੇਜੀਆਂ ਗਈਆਂ ਹਨ। ਮੰਡ ਖੇਤਰ ’ਚ ਪਾਣੀ ਦੇ ਤੇਜ਼ ਵਹਾਅ ਕਾਰਨ ਰਾਮਪੁਰ ਗੋਰੇ ’ਚ ਤਿੰਨ ਹੋਰ ਪਰਿਵਾਰ ਬਲਜੀਤ ਸਿੰਘ, ਬਖਤੌਰ ਸਿੰਘ ਅਤੇ ਗੁਰ ਨਿਸ਼ਾਨ ਸਿੰਘ ਦੇ ਘਰ ਵੀ ਢਹਿ-ਢੇਰੀ ਹੋ ਗਏ ਹਨ। ਕਿਸਾਨ ਆਗੂ ਬਾਊਪੁਰ ਵੱਲੋਂ ਉਨ੍ਹਾਂ ਦੇ ਪਰਿਵਾਰਾਂ ਨੂੰ ਸਾਮਾਨ ਸਣੇ ਸੁਰੱਖਿਤ ਥਾਵਾਂ ’ਤੇ ਪਹੁੰਚਾਇਆ ਗਿਆ।
ਪ੍ਰਸ਼ਾਸਨ ਵੱਲੋਂ ਲਗਾਈਆਂ ਐੱਸ ਡੀ ਆਰ ਐੱਫ ਦੀਆਂ ਟੀਮਾਂ ਲਗਾਤਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾ ਰਹੀਆਂ ਹਨ। ਮੰਡ ਖੇਤਰ ਦੇ ਕਿਸਾਨ ਆਗੂ ਲੋਕਾਂ ਤੇ ਪਸ਼ੂਆਂ ਨੂੰ ਵੱਡੇ ਬੇੜੇ ਰਾਹੀਂ ਬਾਹਰ ਕੱਢ ਰਹੇ ਹਨ। ਦਰਿਆ ’ਚ ਪਾਣੀ ਦਾ ਪੱਧਰ ਵਧਣ ਕਾਰਨ ਤੇ ਸਾਰੇ ਆਰਜ਼ੀ ਬੰਨ੍ਹ ਟੁੱਟਣ ਕਾਰਨ ਪਾਣੀ ਧੁੱਸੀ ਬੰਨ੍ਹ ਨੂੰ ਵੀ ਲੱਗ ਗਿਆ ਹੈ। ਇਸ ਕਾਰਨ ਜਿਹੜੇ ਪਿੰਡ ਪਾਣੀ ਦੀ ਮਾਰ ਤੋਂ ਬਚੇ ਸਨ, ਉਨ੍ਹਾਂ ਨੂੰ ਵੀ ਖ਼ਤਰਾ ਪੈਦਾ ਹੋ ਗਿਆ ਹੈ।
ਆਹਲੀ ਵਾਲਾ ਬੰਨ੍ਹ ਟੁੱਟਣ ਤੋਂ ਉਪਰੰਤ ਛੋਟੇ-ਛੋਟੇ ਹੋਰ ਜਿਹੜੇ ਵੀ ਬੰਨ੍ਹ ਕਿਸਾਨਾਂ ਨੇ ਲਗਾਏ ਸਨ, ਟੁੱਟ ਗਏ ਹਨ। ਗੋਇੰਦਵਾਲ ਸਾਹਿਬ ਵਾਲੇ ਪੁਲ ’ਤੇ ਪਾਣੀ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਚੁੱਕਾ ਹੈ ਲੋਕ ਬੰਨ੍ਹ ਬਚਾਉਣ ਦੀ ਕੋਸ਼ਿਸ਼ ’ਚ ਲੱਗੇ ਹੋਏ ਹਨ। ਲੋਕਾਂ ਨੇ ਕਿਹਾ ਕਿ ਜੇ ਦੁਬਾਰਾ ਮੀਂਹ ਪਿਆ ਤਾਂ ਸਭ ਕੁਝ ਤਬਾਹ ਹੋ ਜਾਵੇਗਾ।
ਲੋਕਾਂ ਨੇ ਕਿਹਾ ਕਿ ਪਾਣੀ ਦੇ ਲਗਾਤਾਰ ਵਧ ਰਹੇ ਪੱਧਰ ਕਾਰਨ ਪਸ਼ੂਆਂ ਦਾ ਦਰਦ ਵੀ ਦੇਖਿਆ ਨਹੀਂ ਰਿਹਾ ਹੈ।
ਮੰਡ ਖੇਤਰ ਦੇ ਲੋਕ ਤੁਰੰਤ ਸੁਰੱਖਿਅਤ ਥਾਵਾਂ ’ਤੇ ਜਾਣ: ਡੀਸੀ
ਡੀਸੀ ਕਪੂਰਥਲਾ ਅਮਿਤ ਕੁਮਾਰ ਪੰਚਾਲ ਨੇ ਬਿਆਸ ਦਰਿਆ ’ਚ ਪਾਣੀ ਦਾ ਪੱਧਰ ਵਧਣ ਦੇ ਮੱਦੇਨਜ਼ਰ ਪ੍ਰਭਾਵਿਤ ਮੰਡ ਖੇਤਰ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੁਰੱਖਿਅਤ ਥਾਵਾਂ ’ਤੇ ਪੁੱਜਣ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਐੱਸ ਡੀ ਆਰ ਐੱਫ ਦੀਆਂ ਟੀਮਾਂ ਲੱਗੀਆਂ ਹੋਈਆਂ ਹਨ, ਜਿਸ ਲਈ ਲੋਕ ਟੀਮਾਂ ਦੀ ਸਹਾਇਤਾ ਲੈਣ। ਉਨ੍ਹਾਂ ਦੱਸਿਆ ਕਿ ਹੰਗਾਮੀ ਹਾਲਾਤ ਵਿੱਚ ਲੋਕਾਂ ਲਈ ਸੁਲਤਾਨਪੁਰ ਲੋਧੀ ਦੇ ਲੱਖ ਵਰਿਆਂਹ ਦੇ ਸਰਕਾਰੀ ਸਕੂਲ ਤੇ ਢਿੱਲਵਾਂ ਦੇ ਮੰਡ ਖੇਤਰ ਦੇ ਲੋਕਾਂ ਲਈ ਮੰਡ ਕੂਕਾ ਦੇ ਗੁਰਦੁਆਰੇ ਵਿੱਚ ਰਾਹਤ ਕੇਂਦਰ ਬਣਾਏ ਗਏ ਹਨ।
ਚਾਲੀ ਪਸ਼ੂਆਂ ਨੂੰ ਸੁਰੱਖਿਅਤ ਥਾਂ ਪਹੁੰਚਾਇਆ
ਪ੍ਰਸ਼ਾਸਨ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ’ਚੋਂ ਪਸ਼ੂਆਂ ਨੂੰ ਬੇੜਿਆਂ ਦੀ ਮਦਦ ਨਾਲ ਸੁਰੱਖਿਅਤ ਥਾਵਾਂ ’ਤੇ ਲਿਜਾਇਆ ਜਾ ਰਿਹਾ ਹੈ। ਡੀਸੀ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਅੱਜ 40 ਤੋਂ ਵੱਧ ਪਸ਼ੂਆਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਪਸ਼ੂ ਪਾਲਣ ਵਿਭਾਗ ਦੇ ਡਾਕਟਰਾਂ ਦੀਆਂ ਟੀਮਾਂ ਦੀ ਮਦਦ ਨਾਲ ਪਸ਼ੂਆਂ ਦੀ ਜਾਂਚ ਤੋਂ ਇਲਾਵਾ ਲੋੜੀਂਦੀਆਂ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ।
ਐੱਸਡੀਆਰਐੱਫ ਦੀਆਂ ਟੀਮਾਂ ਵੱਲੋਂ ਢਿੱਲਵਾਂ ਖੇਤਰ ’ਚ ਰਾਹਤ ਕਾਰਜ ਜਾਰੀ
ਭੁਲੱਥ (ਦਲੇਰ ਸਿੰਘ ਚੀਮਾ): ਬਿਆਸ ਦਰਿਆ ਵਿੱਚ ਵਧੇ ਪਾਣੀ ਕਾਰਨ ਸਬ-ਡਿਵੀਜ਼ਨ ਭੁਲੱਥ ਦੇ ਕਈ ਪਿੰਡਾਂ ਵਿੱਚ ਹੜ੍ਹ ਆਉਣ ਕਾਰਨ ਐੱਸ ਡੀ ਆਰ ਐੱਫ ਦੀਆਂ ਟੀਮਾਂ ਵੱਲੋਂ ਢਿਲਵਾਂ ਖੇਤਰ ’ਚ ਰਾਹਤ ਕਾਰਜ ਜਾਰੀ ਹਨ। ਐੱਸ ਡੀ ਐੱਮ ਡੈਵੀ ਗੋਇਲ ਨੇ ਦੱਸਿਆ ਕਿ ਨੀਵੇਂ ਥਾਵਾਂ ’ਤੇ ਰਹਿ ਰਹੇ ਲੋਕਾਂ ਨੂੰ ਤੁਰੰਤ ਪ੍ਰਭਾਵ ਨਾਲ ਸੁਰੱਖਿਅਤ ਥਾਂ ’ਤੇ ਆਉਣ ਦੀ ਅਪੀਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕ ਕੰਟਰੋਲ ਰੂਮ ਨੰਬਰ 62800-49331, 01822-231990 ਤੇ 01822-271829 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਰਈਆ ਨੇੜੇ ਕਈ ਪਿੰਡਾਂ ’ਚ ਭਰਿਆ ਪਾਣੀ
ਰਈਆ (ਦਵਿੰਦਰ ਸਿੰਘ ਭੰਗੂ): ਇੱਥੇ ਅੱਜ ਸ਼ਾਮ ਪੰਜ ਵਜੇ ਬਿਆਸ ਦਰਿਆ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ। ਧੁੱਸੀ ਬੰਨ੍ਹ ਦੇ ਅੰਦਰ ਖੇਤਾਂ ਵਿਚਲੀ ਫ਼ਸਲ ਪਾਣੀ ਵਿੱਚ ਡੁੱਬ ਚੁੱਕੀ ਹੈ। ਕਈ ਹੋਰ ਪਿੰਡਾਂ ਨੂੰ ਵੀ ਨੁਕਸਾਨ ਪੁੱਜਿਆ ਹੈ। ਡੇਰਾ ਰਾਧਾ ਸੁਆਮੀ ਬਿਆਸ ਨੂੰ ਜਾਂਦੀ ਸੜਕ ’ਤੇ ਵੀ ਪਾਣੀ ਆਉਣਾ ਸ਼ੁਰੂ ਹੋ ਚੁੱਕਾ ਹੈ। ਪਿੰਡ ਕੋਟ ਮਹਿਤਾਬ, ਵਜ਼ੀਰ ਭੁੱਲਰ, ਬੁੱਢਾ ਥੇਹ, ਸੇਰੋਂ ਬਾਘਾ, ਸਮੇਤ ਕਈ ਪਿੰਡਾ ਦੇ ਖੇਤਾਂ ਵਿਚ ਪਾਣੀ ਭਰ ਚੁੱਕਾ ਹੈ।
ਯੂਬੀਡੀਸੀ ਨਹਿਰ ’ਤੇ ਲੋਹੇ ਦੇ ਗੇਟ ਲਾਏ
ਪਠਾਨਕੋਟ (ਐੱਨ ਪੀ ਧਵਨ): ਜ਼ਿਲ੍ਹਾ ਪਠਾਨਕੋਟ ਦੇ ਜ਼ਿਆਦਾਤਰ ਖੇਤਰ ਹੜ੍ਹ ਦੀ ਮਾਰ ਹੇਠ ਹਨ। ਅੱਜ ਮੌਸਮ ਠੀਕ ਹੋਣ ਤੋਂ ਬਾਅਦ ਲੋਕਾਂ ਨੂੰ ਥੋੜ੍ਹੀ ਰਾਹਤ ਮਿਲੀ ਹੈ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਗੁਲਪੁਰ ਸਿੰਬਲੀ ਵਿੱਚ ਯੂਬੀਡੀਸੀ ਨਹਿਰ ਵਿੱਚ ਲਗਾਏ ਜਾ ਰਹੇ ਗੇਟਾਂ ਦੇ ਕਾਰਜਾਂ ਦਾ ਨਿਰੀਖਣ ਕੀਤਾ। ਇੱਥੇ ਕੱਲ੍ਹ ਪਾੜ ਪੈ ਗਿਆ ਸੀ। ਮੰਤਰੀ ਕਟਾਰੂਚੱਕ ਨੇ ਕਿਹਾ ਕਿ ਮਾਧੋਪੁਰ ਤੋਂ ਪਾਣੀ ਓਵਰਫਲੋਅ ਹੋ ਕੇ ਨਹਿਰਾਂ ਅੰਦਰ ਚੱਲਿਆ ਗਿਆ।