ਬਜ਼ੁਰਗ ਜੋੜੇ ਦੇ ਮਕਾਨ ਦੀ ਛੱਤ ਡਿੱਗੀ
ਅਜਨਾਲਾ ਹਲਕੇ ਦੇ ਪਿੰਡ ਘੋਨੇਵਾਲ ਦੇ ਗ਼ਰੀਬ ਬਜ਼ੁਰਗ ਜੋੜੇ ਦੇ ਕੱਚੇ ਮਕਾਨ ਦੀ ਛੱਤ ਡਿੱਗ ਗਈ। ਅਜੀਤ ਸਿੰਘ (75) ਅਤੇ ਉਨ੍ਹਾਂ ਦੀ ਪਤਨੀ ਲਖਵਿੰਦਰ ਕੌਰ (70) ਮੁਸ਼ਕਿਲ ਨਾਲ ਆਪਣਾ ਗੁਜ਼ਾਰਾ ਕਰਦੇ ਹਨ। ਉਨ੍ਹਾਂ ਦੇ ਦੋ ਪੁੱਤਰ ਕਈ ਸਾਲ ਪਹਿਲਾਂ ਫ਼ੌਤ ਹੋ ਗਏ ਸਨ ਅਤੇ ਧੀ ਵਿਆਹੀ ਹੋਈ ਹੈ। ਇਸ ਮਕਾਨ ’ਚ ਉਹ ਇਕੱਲੇ ਹੀ ਰਹਿ ਰਹੇ ਸਨ। ਹੜ੍ਹਾਂ ਕਾਰਨ ਉਨ੍ਹਾਂ ਦੀ ਧੀ ਵੀ ਅਜਨਾਲਾ ਦੇ ਭਿੰਡੀ ਪਿੰਡ ਵਿੱਚ ਪਾਣੀ ’ਚ ਫਸੀ ਹੋਣ ਕਾਰਨ ਉਨ੍ਹਾਂ ਕੋਲ ਨਹੀਂ ਆ ਸਕੀ।
ਅਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਦੋ ਕਮਰਿਆਂ ਵਾਲੇ ਕੱਚੇ ਮਕਾਨ ਦੀ ਛੱਤ ਮੀਂਹ ਅਤੇ ਹੜ੍ਹਾਂ ਕਾਰਨ ਡਿੱਗ ਗਈ ਹੈ। ਦੂਜੇ ਕਮਰੇ ਦੀ ਛੱਤ ਵੀ ਡਿੱਗਣ ਦੇ ਕੰਢੇ ਸੀ। ਇਸ ਦੌਰਾਨ ਇਲਾਕੇ ’ਚ ਹੋਈ ਤਬਾਹੀ ਕਾਰਨ ਉਨ੍ਹਾਂ ਦਾ ਆਪਣੀ ਧੀ ਨਾਲ ਵੀ ਸੰਪਰਕ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਘਰ ਦੇ ਇੱਕ ਛੋਟੇ ਕਮਰੇ ’ਤੇ ਤਰਪਾਲ ਕੇ ਮੀਂਹ ਤੋਂ ਬਚਾਇਆ ਹੈ।
ਇਸ ਦੌਰਾਨ ਕੁਝ ਸਮਾਜਸੇਵੀ ਬਲਜੀਤ ਸਿੰਘ, ਸਾਹਿਲਪ੍ਰੀਤ ਸਿੰਘ, ਕਸ਼ਮੀਰ ਸਿੰਘ ਅਤੇ ਜੋਧਾ ਬਜ਼ੁਰਗ ਜੋੜੇ ਦੀ ਮਦਦ ਲਈ ਆਏ ਹਨ। ਉਨ੍ਹਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਘਰ ਦੀ ਉਸਾਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੀੜਤ ਲੋਕਾਂ ਦੀ ਸਿਆਸੀ ਆਗੂ ਸਾਰ ਨਹੀਂ ਲੈ ਰਹੇ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਬਜ਼ੁਰਗ ਜੋੜੇ ਦੀ ਮਦਦ ਦੀ ਅਪੀਲ ਕੀਤੀ ਹੈ।
ਜ਼ਿਕਰਯੋਗ ਹੈ ਕਿ ਲਗਾਤਾਰ ਮੀਂਹ ਅਤੇ ਹੜ੍ਹਾਂ ਨੇ ਅਜਨਾਲਾ ਸਬ-ਡਿਵੀਜ਼ਨ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਇਸ ਕਾਰਨ ਤਿੰਨ ਮੌਤਾਂ ਹੋ ਗਈਆਂ ਹਨ ਅਤੇ ਇੱਕ ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। 23,000 ਏਕੜ ਜ਼ਮੀਨ ਵਿੱਚ ਫ਼ਸਲਾਂ ਤਬਾਹ ਹੋ ਗਈ ਹਨ ਜਦੋਂਕਿ ਕਰੀਬ 100 ਪਿੰਡ ਪਾਣੀ ਵਿੱਚ ਡੁੱਬ ਗਏ ਹਨ।
ਹਾਜ਼ੀਪੁਰ ਵਿੱਚ ਮਨਰੇਗਾ ਮਜ਼ਦੂਰ ਦੇ ਮਕਾਨ ਦੀ ਛੱਤ ਡਿੱਗੀ
ਗੜ੍ਹਸ਼ੰਕਰ (ਜੋਗਿੰਦਰ ਕੁੱਲੇਵਾਲ): ਇਲਾਕੇ ’ਚ ਕਈ ਦਿਨਾਂ ਤੋਂ ਪੈ ਰਹੇ ਮੀਹ ਕਾਰਨ ਗੜ੍ਹਸ਼ੰਕਰ ਅਧੀਨ ਆਉਂਦੇ ਪਿੰਡ ਹਾਜ਼ੀਪੁਰ ਵਿੱਚ ਸਰਬਜੀਤ ਕੌਰ ਦੇ ਮਕਾਨ ਦੀ ਛੱਤ ਡਿੱਗ ਗਈ। ਉਸ ਨੇ ਦੱਸਿਆ ਕਿ ਉਹ ਘਰ ਵਿੱਚ ਇਕੱਲੀ ਰਹਿੰਦੀ ਹੈ। ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਉਹ ਮਨਰੇਗਾ ਦਾ ਕੰਮ ਕਰ ਕੇ ਘਰ ਦਾ ਗੁਜ਼ਾਰਾ ਕਰਦੀ ਹੈ। ਮੀਹਾਂ ਕਾਰਨ ਕੰਮਕਾਰ ਠੱਪ ਪਏ ਹਨ ਜਿਸ ਕਾਰਨ ਉਸ ਨੂੰ ਘਰ ਦਾ ਗੁਜ਼ਾਰਾ ਕਰਨਾ ਔਖਾ ਹੋਇਆ ਪਿਆ ਹੈ। ਉਸ ਨੇ ਕਿਹਾ ਕਿ ਇਸ ਹਾਲਤ ’ਚ ਉਸ ਲਈ ਮਕਾਨ ਬਣਾਉਣਾ ਮੁਸ਼ਕਲ ਹੈ। ਉਸ ਨੇ ਪ੍ਰਸ਼ਾਸਨ ਅਤੇ ਸਮਾਜ ਸੇਵੀਆਂ ਤੋਂ ਮਦਦ ਦੀ ਮੰਗ ਕੀਤੀ ਹੈ। ਉਸ ਨੇ ਕਿਹਾ ਕਿ ਪ੍ਰਸ਼ਾਸਨ ਉਸ ਲਈ ਕੰਮ ਦਾ ਪ੍ਰਬੰਧ ਕਰੇ। ਜਾਣਕਾਰੀ ਅਨੁਸਾਰ ਪਹਿਲਾਂ ਵੀ ਕਿਸੇ ਦਾਨੀ ਸੱਜਣ ਨੇ ਹੀ ਉਸ ਨੂੰ ਘਰ ਬਣਾ ਕੇ ਦਿੱਤਾ ਗਿਆ ਸੀ।