ਦਰਿਆ ’ਚ ਰੁੜ੍ਹਿਆ ਸੁਫਨਿਆਂ ਦਾ ਮਹਿਲ
ਇਲਾਕੇ ’ਚ ਵਗਦੇ ਦਰਿਆਵਾਂ ਵਿੱਚ ਆਇਆ ਹੜ੍ਹਾਂ ਦਾ ਪਾਣੀ ਸ਼ਾਂਤ ਹੋ ਗਿਆ ਹੈ। ਹੜ੍ਹਾਂ ਕਾਰਨ ਦਰਿਆਵਾਂ ’ਚ ਆਏ ਰੇਤ ਕਾਰਨ ਕਈ ਥਾਈਂ ਪਾਣੀ ਨੇ ਆਪਣੇ ਵਹਿਣ ਬਦਲ ਲਏ ਹਨ ਅਤੇ ਕਈ ਥਾਈਂ ਦਰਿਆ ਵਿੱਚ ਹੜ੍ਹਾਂ ਦੇ ਪਾਣੀ ਕਾਰਨ ਦਰਿਆਵਾਂ ਦੇ ਕਿਨਾਰਿਆਂ ਨੂੰ ਨੁਕਸਾਨ ਪੁੱਜਾ ਹੈ। ਇਸ ਕਾਰਨ ਨੇੜਲੀਆਂ ਜ਼ਮੀਨਾਂ ਅਤੇ ਘਰਾਂ ਨੂੰ ਨੁਕਸਾਨ ਪੁੱਜ ਰਿਹਾ ਹੈ। ਸੁਲਤਾਨਪੁਰ ਇਲਾਕੇ ਵਿੱਚ ਬਿਆਸ ਦਰਿਆ ਮਿਲਖਾ ਸਿੰਘ ਦੇ ਘਰ ਨਾਲ ਖਹਿ ਕੇ ਲੰਘ ਰਿਹਾ ਹੈ। ਇਸ ਕਾਰਨ ਹੁਣ ਤਾਂ ਹਾਲਾਤ ਇਹ ਹੋ ਗਏ ਹਨ ਕਿ ਦਰਿਆ ਮਿਲਖਾ ਸਿੰਘ ਦੇ ਘਰ ਦਾ ਅੱਧੇ ਨਾਲ ਵੱਧ ਵਿਹੜਾ ਰੋੜ੍ਹ ਕੇ ਲੈ ਗਿਆ ਹੈ। ਦਰਿਆ ਵੱਲੋਂ ਘਰ ਨੂੰ ਲਾਏ ਜਾ ਰਹੇ ਖੋਰੇ ਕਾਰਨ ਟੱਬਰ ਦੇ ਜੀਆਂ ਵਿੱਚ ਏਨਾ ਸਹਿਮ ਹੈ ਕਿ ਉਹ ਰਾਤ ਨੂੰ ਘਰ ਦੀ ਛੱਤ ਹੇਠ ਨਹੀਂ ਸੌਂਦੇ। ਜ਼ਿਕਰਯੋਗ ਹੈ ਕਿ ਇਸ ਘਰ ਵਿੱਚ ਪੀੜਤ ਪਰਿਵਾਰ ਬੱਚਿਆਂ ਸਣੇ ਕੁੱਲ 12 ਜੀਅ ਰਹਿੰਦੇ ਸਨ ਜੋ ਹੁਣ ਬੇਘਰੇ ਹੋਣ ਵਾਲੇ ਹੋ ਚੁੱਕੇ ਹਨ। ਸੰਕਟ ਵਿੱਚ ਫਸੇ ਇਸ ਘਰ ਦੇ ਮੈਂਬਰਾਂ ਨੂੰ ਧਰਵਾਸ ਦੇਣ ਲਈ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਉਚੇਚੇ ਤੌਰ ’ਤੇ ਪਹੁੰਚੇ।
ਬਿਆਸ ਦਰਿਆ ਦੇ ਬਦਲੇ ਵਹਿਣ ਨੇ ਬਾਊਪੁਰ ਮੰਡ ਇਲਾਕੇ ਦੇ ਪਿੰਡ ਰਾਮਪੁਰਾ ਗੌਹਰਾ ਦੀ ਹੋਂਦ ਲਗਪਗ ਖ਼ਤਮ ਹੋ ਚੁੱਕੀ ਹੈ। ਇਸ ਪਿੰਡ ਦੇ 10 ਘਰ ਤਾਂ ਨੀਂਹਾਂ ਤਕ ਨੁਕਸਾਨੇ ਜਾ ਚੁੱਕੇ ਹਨ ਜਦੋਂਕਿ ਪੰਜ ਘਰਾਂ ਵਿੱਚ ਵੱਡੀਆਂ ਤਰੇੜਾਂ ਆ ਗਈਆਂ ਹਨ।
ਮਿਲਖਾ ਸਿੰਘ ਦੇ ਘਰ ਦੇ ਮੈਂਬਰ ਵਿਹੜੇ ਨਾਲ ਖਹਿ ਕੇ ਲੰਘਦੇ ਬਿਆਸ ਦਰਿਆ ਦੇ ਕਹਿਰ ਤੋਂ ਆਪਣਾ ਘਰ ਬਚਾਉਣ ਲਈ ਸਾਰੇ ਹੀਲੇ ਵਰਤ ਚੁੱਕੇ ਹਨ। ਦਰਿਆ ਦੀ ਮਾਰ ਅੱਗੇ ਗੋਡੇ ਟੇਕਦਿਆਂ ਪੀੜਤ ਪਰਿਵਾਰ ਨੇ ਘਰ ਦਾ ਸਾਮਾਨ ਬਚਾਉਣ ਲਈ ਆਖ਼ਰੀ ਯਤਨ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਨੇ ਕਮਰਿਆਂ ਦੇ ਤਾਕੀਆਂ ਅਤੇ ਦਰਵਾਜ਼ੇ ਉਤਾਰ ਲਏ ਹਨ। ਟਰਾਲੀਆਂ ਰਾਹੀਂ ਸਾਮਾਨ ਕਿਸ਼ਤੀ ਵਿੱਚ ਲੱਦ ਕੇ ਸੁਰੱਖਿਅਤ ਥਾਵਾਂ ਲਿਜਾ ਰਹੇ ਹਨ। ਘਰ ਦੀ ਬਜ਼ੁਰਗ ਮਾਤਾ ਨੇ ਦੱਸਿਆ ਕਿ ਉਨ੍ਹਾਂ ਨੇ ਕਰੀਬ ਤਿੰਨ ਸਾਲ ਪਹਿਲਾਂ ਹੀ ਘਰ ਬਣਾਇਆ ਸੀ। ਮਾਤਾ ਨੇ ਕਿਹਾ ਕਿ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਜ਼ਮੀਨ ਦਰਿਆ ਬੁਰਦ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦਾ ਘਰ ਉਜੜਦਾ ਦੇਖ ਕੇ ਕਾਲਜੇ ਦਾ ਰੁੱਗ ਭਰਿਆ ਜਾਂਦਾ ਹੈ।
ਬਜ਼ੁਰਗ ਮਾਤਾ ਨੇ ਦੱਸਿਆ ਕਿ ਦਰਿਆ ਦਾ ਬੰਨ੍ਹ ਬੰਨ੍ਹਣ ਲਈ ਲਾਏ ਬੋਰਿਆਂ ਕਾਰਨ ਦਰਿਆ ਦੇ ਵਹਿਣ ਦਾ ਰੁਖ਼ ਬਦਲ ਗਿਆ ਹੈ। ਇਹ ਹੁਣ ਉਨ੍ਹਾਂ ਦੇ ਨਵੇਂ ਬਣੇ ਘਰ ਨੂੰ ਖੋਰਾ ਲਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇੱਥੋਂ ਦੋ ਕਿਲੋਮੀਟਰ ਦੂਰ ਪਿੰਡ ਲੱਖ ਵਰ੍ਹਿਆ ਵਿੱਚ ਉਨ੍ਹਾਂ ਦਾ ਪੁਰਾਣਾ ਘਰ ਹੈ, ਉਹ ਹੁਣ ਆਪਣਾ ਸਾਮਾਨ ਉੱਥੇ ਲਿਜਾ ਰਹੇ ਹਨ।
ਪਰਿਵਾਰ ਦੀ ਮਦਦ ਲਈ ਦਾਨੀ ਅੱਗੇ ਆਉਣ: ਸੀਚੇਵਾਲ
ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਜਿਹੜੀ ਸਹਾਇਤਾ ਸਰਕਾਰੀ ਪੱਧਰ ’ਤੇ ਹੋਵੇਗੀ ਉਸ ਬਾਰੇ ਉਹ ਸੀਨੀਅਰ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕਰਨਗੇ। ਉਨ੍ਹਾਂ ਦਾਨੀ ਸੱਜਣਾਂ ਨੂੰ ਵੀ ਅਪੀਲ ਕੀਤੀ ਕਿ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਹੜ੍ਹਾਂ ਨੇ ਪੀੜਤ ਪਰਿਵਾਰ ਦੀ 18 ਏਕੜ ਜ਼ਮੀਨ ਵੀ ਤਬਾਹ ਕਰ ਦਿੱਤੀ ਹੈ ਅਤੇ ਝੋਨੇ ਦੀ ਸਾਰੀ ਫ਼ਸਲ ਨੁਕਸਾਨੀ ਗਈ ਹੈ।
