ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਨੇ ਧਰਨਾ ਲਗਾਇਆ
ਧਰਨੇ ਨੂੰ ਸੰਬੋਧਨ ਕਰਦਿਆ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ ਤੇ ਇਲਾਕਾ ਸਕੱਤਰ ਸੁਖਜਿੰਦਰ ਲਾਲੀ, ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਜਸਕਰਨ ਕੰਗ ਅਤੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾ ਪ੍ਰੈਸ ਸਕੱਤਰ ਗਿਆਨ ਸੈਦਪੁਰੀ ਨੇ ਧਰਨੇ ਨੂੰ ਸੰਬੋਧਨ ਕਰਦਿਆ ਹੜ੍ਹਾਂ ਲਈ ਸੂਬਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਹੜ੍ਹਾਂ ਦੀ ਰੋਕਥਾਮ ਲਈ ਅਗਾਊਂ ਪ੍ਰਬੰਧ ਕੀਤੇ ਹੁੰਦੇ ਤਾਂ ਪੰਜਾਬੀਆਂ ਦੇ ਹੋਏ ਇੰਨੇ ਵੱਡੇ ਨੁਕਸਾਨ ਨੂੰ ਰੋਕਿਆ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਵੱਲੋਂ ਹੜ੍ਹ ਪੀੜਤਾਂ ਦੇ ਖਰਾਬੇ ਲਈ ਕੀਤੇ ਰਾਹਤ ਐਲਾਨ ਵਿੱਚ ਮਜ਼ਦੂਰਾਂ ਨੂੰ ਬਿਲਕੁਲ ਬਾਹਰ ਰੱਖ ਕੇ ਆਪਣਾ ਮਜ਼ਦੂਰ ਤੇ ਦਲਿਤ ਵਿਰੋਧੀ ਚਿਹਰਾ ਨੰਗਾ ਕਰ ਲਿਆ। ਉਨ੍ਹਾਂ ਕਿਹਾ ਕਿ ਬੇਜ਼ਮੀਨੇ ਮਜ਼ਦੂਰਾਂ ਨਾਲ ਜਾਤ-ਪਾਤ ਦਾ ਵਿਤਕਰਾ ਕਰਕੇ ਆਪ ਸਰਕਾਰ ਦਲਿਤ ਵਿਰੋਧੀ ਸਾਬਿਤ ਹੋ ਚੁੱਕੀ ਹੈ।
ਧਰਨੇ ਦੌਰਾਨ ਜਦੋਂ ਧਰਨਾਕਾਰੀਆਂ ਦੀ ਗੱਲਬਾਤ ਸੁਣੇ ਤੋਂ ਬਗੈਰ ਹੀ ਐੱਸ ਡੀ ਐੱਮ ਦਫਤਰ ਵਿੱਚੋਂ ਖਿਸਕਣ ਲੱਗੇ ਤਾਂ ਧਰਨਾਕਾਰੀਆਂ ਨੇ ਗੱਡੀ ਰੋਕ ਕੇ ਐੱਸ ਡੀ ਐੱਮ ਨੂੰ ਮੰਗ ਪੱਤਰ ਲੈਣ ਲਈ ਮਜਬੂਰ ਕਰ ਦਿੱਤਾ। ਇਸ ਦੌਰਾਨ ਧਰਨਾਕਾਰੀਆਂ ਨੇ ਐੱਸ ਡੀ ਐੱਮ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਇਕੱਠ ਵਿਚ ਮੰਗ ਪੱਤਰ ਲੈਣ ਉਪਰੰਤ ਐੱਸ ਡੀ ਐੱਮ ਸ਼ਾਹਕੋਟ ਸ਼ੁਭੀ ਆਂਗਰਾ ਨੇ ਮਜ਼ਦੂਰ ਆਗੂਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੇ ਮਸਲੇ ਹੱਲ ਕਰਨ ਦਾ ਭਰੋਸਾ ਦਿਤਾ। ਮਜ਼ਦੂਰ ਆਗੂਆਂ ਨੇ ਮਜ਼ਦੂਰਾਂ ਨੂੰ ਸੱਦਾ ਦਿਤਾ ਕਿ ਮੰਗਾਂ ਦੀ ਪ੍ਰਾਪਤੀ ਲਈ ਉਨ੍ਹਾਂ ਨੂੰ ਜਥੇਬੰਦ ਹੋ ਕੇ ਸੰਘਰਸ਼ਾਂ ਦੇ ਮੈਦਾਨ ਵਿਚ ਆਉਣਾ ਪਵੇਗਾ। ਮੰਗਲਜੀਤ ਪੰਡੋਰੀ, ਗੁਰਬਖਸ਼ ਕੌਰ, ਰੀਨਾ, ਹਰਜੋਤ ਸਿੰਘ, ਨਿਰਮਲ ਮਲਸੀਆਂ, ਤਾਰਾ ਸਿੰਘ ਅਤੇ ਕੇਵਲ ਦਾਨੇਵਾਲ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ।
ਮਜ਼ਦੂਰ ਜਥੇਬੰਦੀਆਂ ਵੱਲੋਂ ਤਹਿਸੀਲ ਕੰਪਲੈਕਸ ਸ਼ਾਹਕੋਟ ਵਿਚ ਲਗਾਏ ਧਰਨੇ ਵਿਚ ਸ਼ਾਮਿਲ ਖੇਤ ਮਜ਼ਦੂਰ-ਫੋਟੋ.ਖੋਸਲਾ