ਹੜ੍ਹਾਂ ਵਿੱਚ ਵਹਿ ਗਿਆ ਸੁਪਨਾ ਜਦੋਂ ਲੋਕਾਂ ਨੇ ਅੱਗੇ ਆ ਕੀਤਾ ਪੂਰਾ !
ਪੰਜਾਬ ਦੇ ਕੁਝ ਹਿੱਸਿਆਂ ਵਿੱਚ ਹਾਲ ਹੀ ਹੜ੍ਹਾਂ ਕਾਰਨ ਹੋਈ ਤਬਾਹੀ ਦੇ ਦਰਮਿਆਨ ਕਪੂਰਥਲਾ ਜ਼ਿਲ੍ਹੇ ਦੇ ਬਾਊਪੁਰ ਜਾਦਿਦ ਪਿੰਡ ਤੋਂ ਇੱਕ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਸਾਹਮਣੇ ਆਈ।
ਟ੍ਰਿਬਿਊਨ ਵੱਲੋਂ ਹਾਲ ਹੀ ਵਿੱਚ ਇਸ ਨੂੰ ਸਾਹਮਣੇ ਲਿਆਂਦਾ ਗਿਆ ਕਿ ਕਿਵੇਂ ਸੁਖਦੇਵ ਸਿੰਘ ਨਾਮਕ ਕਿਸਾਨ ਨੇ ਆਪਣੇ ਪੁੱਤਰ ਨਾਲ ਵਾਅਦਾ ਕੀਤਾ ਸੀ ਕਿ ਝੋਨੇ ਦੀ ਵਾਢੀ ਤੋਂ ਬਾਅਦ ਉਸ ਨੂੰ ਸਾਈਕਲ ਤੋਹਫ਼ੇ ਵਜੋਂ ਲੈ ਕੇ ਦੇਵੇਗਾ, ਪਰ ਹੜ੍ਹਾਂ ਦੇ ਪਾਣੀ ਨੇ ਉਸਦੀ ਤਿੰਨ ਏਕੜ ਖੇਤੀ ਵਾਲੀ ਜ਼ਮੀਨ ਨੂੰ ਤਬਾਹ ਕਰ ਦਿੱਤਾ ਅਤੇ ਉਨ੍ਹਾਂ ਦੇ ਘਰ ਨੂੰ ਨੁਕਸਾਨ ਪਹੁੰਚਾਇਆ ਤਾਂ ਉਹ ਵਾਅਦਾ ਇਸ ਪਾਣੀ ਵਿੱਚ ਵਹਿ ਗਿਆ ਹੀ ਜਾਪਦਾ ਸੀ।
ਸੁਖਦੇਵ ਨੇ ਦੱਸਿਆ,“ ਮੈਂ ਆਪਣੇ ਪੁੱਤਰ ਨੂੰ ਕਿਹਾ ਸੀ ਕਿ ਇੱਕ ਵਾਰ ਜਦੋਂ ਅਸੀਂ ਇਸ ਸਾਲ ਦੀ ਫ਼ਸਲ ਵੱਢ ਲਈ, ਤਾਂ ਮੈਂ ਉਸਨੂੰ ਇੱਕ ਸਾਈਕਲ ਖਰੀਦ ਕੇ ਦਿਆਂਗਾ।”
ਉਸਦਾ 10 ਸਾਲਾ ਪੁੱਤਰ ਸੁਖਦੀਪ ਸਿੰਘ, ਜੋ ਕਿ ਚੌਥੀ ਜਮਾਤ ਦਾ ਵਿਦਿਆਰਥੀ ਹੈ। ਲੰਮੇ ਸਮੇਂ ਤੋਂ ਆਪਣੇ ਸਹਿਪਾਠੀਆਂ ਵਾਂਗ ਸਕੂਲ ਜਾਣ ਲਈ ਸਾਈਕਲ ਦੀ ਇੱਛਾ ਰੱਖਦਾ ਸੀ, ਪਰ ਜਿਵੇਂ ਹੀ ਹੜ੍ਹ ਦੇ ਪਾਣੀ ਨੇ ਉਨ੍ਹਾਂ ਦੇ ਖੇਤਾਂ ਨੂੰ ਡੁੱਬਾ ਦਿੱਤਾ ਅਤੇ ਪਰਿਵਾਰ ਨੂੰ ਕਿਤੇ ਹੋਰ ਪਨਾਹ ਲੈਣ ਲਈ ਮਜਬੂਰ ਕੀਤਾ, ਉਹ ਸੁਪਨਾ ਪਹੁੰਚ ਤੋਂ ਬਾਹਰ ਜਾਪਿਆ।
ਹਾਲਾਂਕਿ ਜਦੋਂ ਟ੍ਰਿਬਿਊਨ ਦੀ ਤਾਜ਼ਾ ਰਿਪੋਰਟ ਵਿੱਚ ਪਰਿਵਾਰ ਦੀ ਇਸ ਸਥਿਤੀ ਨੂੰ ਬਿਆਨ ਕੀਤਾ ਗਿਆ ਤਾਂ ਪੂਰੇ ਖੇਤਰ ਤੋਂ ਮਦਦ ਦਾ ਹੜ੍ਹ ਆ ਗਿਆ। ਕਹਾਣੀ ਤੋਂ ਪ੍ਰਭਾਵਿਤ ਹੋ ਕੇ ਅੰਮ੍ਰਿਤਸਰ ਦੇ ਦਾਨੀ ਸੱਜਣ ਮੁੰਡੇ ਦੀ ਇੱਛਾ ਪੂਰੀ ਕਰਨ ਲਈ ਅੱਗੇ ਆਏ।
ਸੁਖਦੀਪ ਦੇ ਕੋਲ ਹੁਣ ਇੱਕ ਨਵੀਂ ਸਾਈਕਲ ਹੈ, ਜੋ ਉਸਨੂੰ ਹਮਦਰਦ ਲੋਕਾਂ ਵੱਲੋਂ ਤੋਹਫ਼ੇ ਵਜੋਂ ਦਿੱਤੀ ਗਈ ਹੈ।
ਮਦਦ ਕਰਨ ਆਏ ਲੋਕਾਂ ਵੱਲੋ ਹੜ੍ਹਾਂ ਕਾਰਨ ਹੋਏ ਨੁਕਸਾਨ ਤੋਂ ਉਭਰਨ ਲਈ ਪਰਿਵਾਰ ਨੂੰ ਵਿੱਤੀ ਸਹਾਇਤਾ ਵੀ ਦਿੱਤੀ ਗਈ।
ਲੋਕਾਂ ਦਾ ਧੰਨਵਾਦ ਕਰਦਿਆਂ ਸੁਖਦੇਵ ਸਿੰਘ ਨੇ ਕਿਹਾ,“ ਮੇਰੇ ਖੇਤ ਚਲੇ ਜਾਣ ਤੋਂ ਬਾਅਦ, ਮੈਂ ਆਪਣੇ ਪੁੱਤਰ ਨੂੰ ਕਿਹਾ ਕਿ ਸਾਈਕਲ ਸੰਭਵ ਨਹੀਂ ਹੋਵੇਗਾ। ਉਹ ਪਰੇਸ਼ਾਨ ਸੀ ਪਰ ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦੀ ਹਾਂ ਜੋ ਸਾਡੀ ਮਦਦ ਲਈ ਅੱਗੇ ਆਏ।”