ਚਾਰਾ ਮੰਡੀ ਲੰਬਾ ਪਿੰਡ ਤੇ ਲਾਇਲਪੁਰ ਖਾਲਸਾ ਸਕੂਲ ਗਰਾਊਂਡ ’ਚ ਲੱਗੇਗੀ ਆਰਜ਼ੀ ਪਟਾਕਾ ਮਾਰਕੀਟ
ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹਰ ਸਾਲ ਦੀਵਾਲੀ ਦੇ ਤਿਉਹਾਰ ਮੌਕੇ ਪਟਾਖਾ ਮਾਰਕੀਟ ਬਰਲਟਨ ਪਾਰਕ ਵਿੱਚ ਲਗਾਈ ਜਾਂਦੀ ਹੈ ਪਰ ਇਸ ਸਾਲ ਉੱਥੇ ਪਟਾਕਾ ਮਾਰਕੀਟ ਨਹੀਂ ਲਗਾਈ ਜਾ ਸਕਦੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਮਿਸ਼ਨਰ ਨਗਰ ਨਿਗਮ, ਜਲੰਧਰ ਵੱਲੋਂ ਢੁੱਕਵੀਆਂ ਥਾਵਾਂ ਦੀ ਫਿਜ਼ੀਬਿਲਟੀ/ਮੌਕਾ ਦੇਖਣ ਉਪਰੰਤ ਰਿਪੋਰਟ ਪੇਸ਼ ਕੀਤੀ ਗਈ, ਜਿਸ ਨੂੰ ਮੁੱਖ ਰੱਖਦਿਆਂ ਆਰਜ਼ੀ ਪਟਾਕਾ ਮਾਰਕੀਟ ਲਈ ਚਾਰਾ ਮੰਡੀ ਲੰਬਾ ਪਿੰਡ ਅਤੇ ਲਾਇਲਪੁਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਗਰਾਊਂਡ ਨਕੋਦਰ ਰੋਡ ਨਿਰਧਾਰਤ ਕੀਤੇ ਗਏ ਹਨ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਸਬੰਧਤ ਅਥਾਰਟੀਆਂ ਨੂੰ ਪਟਾਕਾ ਮਾਰਕੀਟ ਲਈ ਨਿਰਧਾਰਿਤ ਇਨ੍ਹਾਂ ਥਾਵਾਂ ’ਤੇ ਐਕਸਪਲੋਸਿਵ ਰੂਲਜ਼, 2008 ਤਹਿਤ ਗਾਈਡਲਾਈਨਜ਼ ਦੀ ਪਾਲਣਾ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ। ਉਨ੍ਹਾਂ ਪੁਲੀਸ ਕਮਿਸ਼ਨਰ ਜਲੰਧਰ, ਕਮਿਸ਼ਨਰ ਨਗਰ ਨਿਗਮ, ਜਲੰਧਰ ਅਤੇ ਫਾਇਰ ਅਫ਼ਸਰ, ਜਲੰਧਰ ਨੂੰ ਇਨ੍ਹਾਂ ਸਥਾਨਾਂ ’ਤੇ ਸੁਰੱਖਿਆ ਪੱਖੋਂ ਅਤੇ ਹੋਰ ਲੋੜੀਂਦੇ ਇੰਤਜ਼ਾਮ ਉਦਯੋਗ ਅਤੇ ਕਾਮਰਸ ਵਿਭਾਗ ਦੇ ਪੱਤਰ ਰਾਹੀਂ ਜਾਰੀ ਹਦਾਇਤਾਂ ਅਨੁਸਾਰ ਕਰਨਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।