ਡੀ ਏ ਵੀ ਕਾਲਜ ’ਚ ਅਧਿਆਪਕ ਦਿਵਸ ਮਨਾਇਆ
ਐੱਸ ਐੱਲ ਬਾਵਾ ਡੀ ਏ ਵੀ ਕਾਲਜ ਬਟਾਲਾ ਦੇ ਪ੍ਰਿੰਸੀਪਲ ਪ੍ਰੋ. (ਡਾ.) ਵਰਿੰਦਰ ਭਾਟੀਆ ਦੀ ਪ੍ਰਧਾਨਗੀ ਅਤੇ ਵਿਦਿਆਰਥੀ ਭਲਾਈ ਦੇ ਡੀਨ ਪ੍ਰੋ. ਸੁਨੀਲ ਜੇਟਲੀ ਦੀ ਨਿਗਰਾਨੀ ਹੇਠ ਅਧਿਆਪਕ ਦਿਵਸ ਮਨਾਇਆ। ਸਮਾਗਮ ਵਿੱਚ ਅਧਿਆਪਨ ਅਤੇ ਗ਼ੈਰ-ਅਧਿਆਪਨ ਸਟਾਫ਼ ਨੇ ਆਪਣੇ ਵਿਚਾਰਾਂ ਰਾਹੀਂ ਆਪਣੇ ਅਧਿਆਪਕਾਂ ਪ੍ਰਤੀ ਸਤਿਕਾਰ ਪ੍ਰਗਟਾਇਆ। ਪ੍ਰਿੰਸੀਪਲ ਡਾ. ਭਾਟੀਆ ਨੇ ਅਧਿਆਪਕ ਦਿਵਸ ਦੀ ਮੁਬਾਰਕਵਾਦ ਦਿੰਦਿਆਂ ਅਧਿਆਪਕ ਵਰਗ ਨੂੰ ਰਾਸ਼ਟਰ ਦੇ ਨਿਰਮਾਤਾ ਦੱਸਿਆ। ਉਨ੍ਹਾਂ ਕਿਹਾ ਕਿ ਆਦਰਸ਼ ਅਧਿਆਪਕ ਸਾਡੇ ਜੀਵਨ ਵਿੱਚ ਵਿਸ਼ੇਸ਼ ਭੂਮਿਕਾ ਨਿਭਾਉਂਦੇ ਹਨ, ਉਹ ਸਾਨੂੰ ਅਗਿਆਨਤਾ ਦੇ ਹਨੇਰੇ ਵਿੱਚੋਂ ਗਿਆਨ ਦੀ ਰੌਸ਼ਨੀ ਵੱਲ ਲੈ ਜਾਂਦੇ ਹਨ। ਇਸ ਮੌਕੇ ਵਿਦਿਆਰਥੀ ਭਲਾਈ ਭੀਨ ਪ੍ਰੋ. ਸੁਨੀਲ ਜੇਤਲੀ ਨੇ ਵੀ ਵਿਚਾਰ ਰੱਖੇ। ਸਮਾਗਮ ਵਿੱਚ ਪ੍ਰੋ. ਕਿਰਨ ਬਾਲਾ, ਪ੍ਰੋ. ਸੰਜੀਵ ਕੌਸ਼ਲ, ਪ੍ਰੋ. ਰਾਜੀਵ ਮਹਿਤਾ , ਡਾ. ਨਵੀਨ ਚੰਦ, ਪ੍ਰੋ. ਅਮਨਪ੍ਰੀਤ, ਪ੍ਰੋ. ਸਲੋਨੀ ਤੋਂ ਇਲਾਵਾ ਸੁਰਜੀਤ ਕੁਮਾਰ, ਵਿਜੇ ਕੁਮਾਰ ਆਦਿ ਨੇ ਵੀ ਵਿਚਾਰ ਰੱਖੇ। -ਪੱਤਰ ਪ੍ਰੇਰਕ
ਹੜ੍ਹ ਪੀੜਤਾਂ ਦੀ ਸਹਾਇਤਾ ਕੀਤੀ ਜਾਵੇਗੀ: ਕਿਸ਼ਨਕੋਟ
ਬਟਾਲਾ: ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਨੇ ਅੱਜ ਬਲਾਕ ਪ੍ਰਧਾਨਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਆਖਿਆ ਕਿ ਆਪੋ-ਆਪਣੇ ਬਲਾਕਾਂ ਅਧੀਨ ਆਉਂਦੇ ਪਿੰਡਾਂ ਦੇ ਲੋਕਾਂ ਨੂੰ ਜਾਇਜ਼ ਕੰਮ ਕਰਵਾਉਣ ਲਈ ਦਫ਼ਤਰਾਂ ’ਚ ਕੋਈ ਮੁਸ਼ਕਲ ਨਹੀਂ ਆਉਣੀ ਚਾਹੀਦੀ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰੀ ਵਿਭਾਗ ’ਚ ਜਿੱਥੇ ਕਿਸੇ ਕੰਮ ’ਚ ਅੜਚਨ ਆਵੇ ਤਾਂ ਤੁਰੰਤ ਉਨ੍ਹਾਂ ਨਾਲ ਸੰਪਰਕ ਕੀਤਾ ਜਾਵੇ। ਵਿਧਾਇਕ ਨੇ ਹੜ੍ਹ ਪੀੜਤ ਪਰਿਵਾਰਾਂ ਦੀ ਵੱਧ ਤੋਂ ਵੱਧ ਸਹਾਇਤਾ ਕਰਨ ’ਤੇ ਜ਼ੋਰ ਦਿੱਤਾ। ਇਸ ਮੌਕੇ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਸ੍ਰੀ ਹਰਗੋਬਿੰਦਪੁਰ, ਜਥੇਦਾਰ ਠਾਕੁਰ ਸਿੰਘ ਊਧਨਵਾਲ, ਸਤਿੰਦਰ ਸਿੰਘ ਦਕੋਹਾ, ਡਾ. ਟਰਿੰਦਰ ਸਿੰਘ ਚੀਮਾ ਖੁੱਡੀ, ਦਵਿੰਦਰ ਸਿੰਘ ਮਿਸ਼ਰਪੁਰਾ, ਨੀਲਮ ਘੁਮਾਣ, ਹਨੀ ਦਿਓਲ, ਇਕਬਾਲ ਸਿੰਘ ਭੋਮਾ, ਸੁਖਦੇਵ ਸਿੰਘ ਭਾਮ, ਰਵਿੰਦਰ ਸਿੰਘ ਜੱਜ ਸਣੇ ਹੋਰ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ
ਸਰਕਾਰ ’ਤੇ ਅਣਗੌਲਿਆਂ ਕਰਨ ਦੇ ਦੋਸ਼
ਤਰਨ ਤਾਰਨ: ਮੁਲਾਜ਼ਮ ਤੇ ਪੈਨਸ਼ਨਰਜ਼ ਦੇ ਮਸਲਿਆਂ ਨੂੰ ਅਣਗੌਲਿਆਂ ਕਰਨ ਖ਼ਿਲਾਫ਼ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੀ ਜ਼ਿਲ੍ਹਾ ਇਕਾਈ ਨੇ ਨੌਸ਼ਹਿਰਾ ਪੰਨੂੰਆਂ ਵਿੱਚ ਮੀਟਿੰਗ ਕਰ ਕੇ ਸੂਬਾ ਸਰਕਾਰ ਦੀ ਨਿਖੇਧੀ ਕੀਤੀ| ਬਲਦੇਵ ਸਿੰਘ ਸਰਪੰਚ ਅਤੇ ਮੇਜਰ ਸਿੰਘ ਪੰਨੂੰ ਦੀ ਪ੍ਰਧਾਨਗੀ ਹੇਠ ਕੀਤੀ ਮੀਟਿੰਗ ਨੂੰ ਸੂਬਾ ਆਗੂ ਗੁਰਪ੍ਰੀਤ ਸਿੰਘ ਗੰਡੀਵਿੰਡ, ਆਗੂ ਜਗੀਰ ਸਿੰਘ ਜੱਗੀ, ਅਵਤਾਰ ਕ੍ਰਿਸ਼ਨ, ਮੋਹਨ ਸਿੰਘ, ਹਰਪ੍ਰੀਤ ਸਿੰਘ, ਬਲਵਿੰਦਰ ਸਿੰਘ ਨੰਦਪੁਰ, ਦਵਿੰਦਰ ਸਿੰਘ ਸਣੇ ਹੋਰਨਾਂ ਨੇ ਸੰਬੋਧਨ ਕੀਤਾ| ਸ੍ਰੀ ਗੰਡੀਵਿੰਡ ਨੇ ਸਰਕਾਰ ਵੱਲੋਂ ਵਾਰ ਵਾਰ ਮੀਟਿੰਗਾਂ ਬੁਲਾ ਕੇ ਮੁਲਤਵੀ ਕਰਨ ’ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਸਰਕਾਰ ਅਜਿਹਾ ਕਰ ਕੇ ਖ਼ੁਦ ਟਕਰਾਅ ਵਾਲਾ ਮਾਹੌਲ ਸਿਰਜ ਰਹੀ ਹੈ| ਉਨ੍ਹਾਂ ਸਰਕਾਰ ਨੂੰ ਮੁਲਾਜ਼ਮਾਂ ਦੀਆਂ ਮੰਗਾਂ ਮੰਨੇ ਜਾਣ ਦੀ ਅਪੀਲ ਕੀਤੀ| ਮੁਲਾਜ਼ਮ ਆਗੂ ਗੰਡੀਵਿੰਡ ਨੇ ਹੜ੍ਹ ਪੀੜਤ ਲੋਕਾਂ ਦੀ ਮਦਦ ਲਈ ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਆਪਣੀ ਇਕ ਦਿਨ ਦੀ ਤਨਖ਼ਾਹ/ਪੈਨਸ਼ਨ ਮੁੱਖ ਮੰਤਰੀ ਰਾਹਤ ਫੰਡ ਵਿੱਚ ਭੇਜਣ ਦਾ ਐਲਾਨ ਕੀਤਾ| -ਪੱਤਰ ਪ੍ਰੇਰਕ
ਛੇ ਪਿੰਡ ਗੋਦ ਲਵੇਗੀ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ
ਬੰਗਾ: ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਪੰਜਾਬ ਵੀ ਹੜ੍ਹ ਪੀੜਤਾਂ ਦੇ ਸਹਿਯੋਗ ਅਤੇ ਉੱਥੇ ਹੋਏ ਨੁਕਸਾਨ ਦੀ ਭਰਪਾਈ ਲਈ ਅੱਗੇ ਆਈ ਹੈ। ਫਾਊਂਡੇਸ਼ਨ ਵੱਲੋਂ ਪੀੜਤਾਂ ਦੇ ਮੁੜ ਬਸੇਬੇ ਵਜੋਂ ਕਰਤਾਰਪੁਰ ਸਾਹਿਬ ਕੋਰੀਡੋਰ ਨੇੜਲੇ ਸਰਹੱਦੀ ਇਲਾਕੇ ਦੇ ਛੇ ਪਿੰਡ ਗੋਦ ਲਏ ਜਾਣ ਦਾ ਫ਼ੈਸਲਾ ਲਿਆ ਗਿਆ ਹੈ। ਫਾਊਂਡੇਸ਼ਨ ਦੇ ਪ੍ਰਧਾਨ ਲਖਵਿੰਦਰ ਸਿੰਘ ਕਾਹਨੇ ਕੇ ਨੇ ਦੱਸਿਆ ਕਿ ਫਾਊਂਡੇਸ਼ਨ ਵੱਲੋਂ ਹੜ੍ਹਾਂ ਕਾਰਨ ਨੁਕਸਾਨੇ ਮਕਾਨ, ਮਾਰੇ ਗਏ ਪਸ਼ੂਆਂ, ਘਰ ਵਰਤੋਂ ਦੇ ਰੁੜ੍ਹੇ ਸਾਮਾਨ, ਤਬਾਹ ਹੋਏ ਖੇਤਾਂ ਅਤੇ ਹੋਰ ਕਿਸੇ ਕਿਸਮ ਦੇ ਨੁਕਸਾਨ ਆਦਿ ਪੱਖਾਂ ਦੇ ਆਧਾਰ ’ਤੇ ਸਬੰਧਤ ਧਿਰਾਂ ਦੀ ਆਰਥਿਕ ਸਹਾਇਤਾ ਕੀਤੀ ਜਾਵੇਗੀ। ਵਫ਼ਦ ਵਿੱਚ ਫਾਊਂਡੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਕਿਰਪਾਲ ਸਿੰਘ ਬਲਾਕੀਪੁਰ, ਖਜ਼ਾਨਚੀ ਲਖਵਿੰਦਰ ਸਿੰਘ ਕੱਤਰੀ ਤੇ ਸੀਨੀਅਰ ਮੈਂਬਰ ਦਰਬਾਰ ਸਿੰਘ ਧੌਲਾ ਵੀ ਸ਼ਾਮਲ ਸਨ। -ਪੱਤਰ ਪ੍ਰੇਰਕ
ਦਿਲਜੀਤ ਸਿੰਘ ਬੇਦੀ ਨਮਿਤ ਅੰਤਿਮ ਅਰਦਾਸ ਭਲਕੇ
ਅੰਮ੍ਰਿਤਸਰ: ਸਾਹਿਤਕਾਰ ਦਿਲਜੀਤ ਸਿੰਘ ਬੇਦੀ 30 ਅਗਸਤ ਨੂੰ ਆਕਾਲ ਚਲਾਣਾ ਕਰ ਗਏ ਸਨ। ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਜੀਵਨ ਮੈਂਬਰ ਸਨ। ਸ੍ਰੀ ਬੇਦੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਖ-ਵੱਖ ਜ਼ਿੰਮੇਵਾਰੀ ਵਾਲੇ ਅਹਿਮ ਅਹੁਦਿਆਂ ’ਤੇ ਸੇਵਾਵਾਂ ਨਿਭਾਉਂਦਿਆਂ ਗੁਰਦੁਆਰਿਆਂ ਦੇ ਪ੍ਰਬੰਧਾਂ ਵਿੱਚ ਪਾਰਦਰਸ਼ਤਾ ਲਿਆਂਦੀ। ਉਨ੍ਹਾਂ ਦੇ ਸਾਰਥਿਕ ਯਤਨਾਂ ਨਾਲ ਸਿੱਖ ਇਤਿਹਾਸ ਦੀ ਸੰਭਾਲ ਅਤੇ ਨਵੀਆਂ ਸਾਹਿਤਕ ਪਹਿਲ ਕਦਮੀਆਂ ਸ਼ੁਰੂ ਕੀਤੀਆਂ ਗਈਆਂ। ਉਨ੍ਹਾਂ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਰੋਹ 8 ਸਤੰਬਰ ਨੂੰ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਨਿਹੰਗ ਸਿੰਘ ਬੁੱਢਾ ਦਲ, ਅੰਮ੍ਰਿਤਸਰ ਵਿੱਚ ਹੋਵੇਗਾ। -ਪੱਤਰ ਪ੍ਰੇਰਕ