ਤਰਨ ਤਾਰਨ ਜ਼ਿਮਨੀ ਚੋਣ: ਅਕਾਲੀ ਦਲ ਵਾਰਸ ਪੰਜਾਬ ਦਾ ਉਮੀਦਵਾਰ ਅਕਾਲ ਤਖ਼ਤ ’ਤੇ ਨਤਮਸਤਕ
ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਾਲੇ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਤਰਨ ਤਾਰਨ ਜਿਮਨੀ ਚੋਣ ਵਾਸਤੇ ਐਲਾਨੇ ਗਏ ਉਮੀਦਵਾਰ ਮਨਦੀਪ ਸਿੰਘ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋ ਕੇ ਹਲਕੇ ਵਿੱਚ ਆਪਣੇ ਚੋਣ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ। ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਵਿਖੇ ਗੁਰੂ ਚਰਨਾ ਵਿਚ ਸਫਲਤਾ ਲਈ ਅਰਦਾਸ ਕੀਤੀ। ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਮਨਦੀਪ ਸਿੰਘ ਨੂੰ ਜ਼ਿਮਨੀ ਚੋਣ ਵਾਸਤੇ ਉਮੀਦਵਾਰ ਬਣਾਉਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ ਦਲ) ਵੱਲੋਂ ਵੀ ਉਸ ਨੂੰ ਸਮਰਥਨ ਦਿੱਤਾ ਗਿਆ ਹੈ।
ਮਨਦੀਪ ਸਿੰਘ ਜੇਲ੍ਹ ’ਚ ਬੰਦ ਸੰਦੀਪ ਸਿੰਘ ਉਰਫ਼ ਸੰਨੀ ਦਾ ਵੱਡਾ ਭਰਾ ਹੈ, ਜੋ ਕਿ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਦੇ ਦੋਸ਼ ਹੇਠ ਜੇਲ੍ਹ ਵਿੱਚ ਹੈ। ਮਨਦੀਪ ਸਿੰਘ ਅਤੇ ਉਸ ਦੇ ਪਰਿਵਾਰ ਨੇ ਜ਼ਿਮਨੀ ਚੋਣ ਵਾਸਤੇ ਚੋਣ ਪ੍ਰਚਾਰ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਇੱਥੇ ਸ੍ਰੀ ਅਕਾਲ ਤਖਤ ਵਿਖੇ ਮੱਥਾ ਟੇਕਿਆ ਗਿਆ ਤੇ ਅਰਦਾਸ ਕੀਤੀ ਗਈ ਹੈ। ਇਸ ਮੌਕੇ ਪਾਰਟੀ ਦੇ ਆਗੂ ਬਾਪੂ ਤਰਸੇਮ ਸਿੰਘ, ਸੰਸਦ ਮੈਂਬਰ ਸਰਬਜੀਤ ਸਿੰਘ, ਸ਼ਮਸ਼ੇਰ ਸਿੰਘ ਪਧਰੀ ਤੇ ਹੋਰ ਨੁਮਾਇੰਦੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਮਨਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਕੋਈ ਰਾਜਨੀਤਕ ਪਰਿਵਾਰ ਨਹੀਂ ਹੈ, ਉਹ ਇੱਕ ਸਧਾਰਨ ਪਰਿਵਾਰ ਹਨ ਅਤੇ ਆਪਣਾ ਕਾਰੋਬਾਰ ਕਰਦੇ ਹਨ, ਪਰ ਸਰਕਾਰ ਦੀਆਂ ਵਧੀਕੀਆਂ ਦੇ ਖਿਲਾਫ ਉਨ੍ਹਾਂ ਨੂੰ ਰਾਜਨੀਤਕ ਮੈਦਾਨ ਵਿੱਚ ਉਤਰਨਾ ਪਿਆ ਹੈ। ਬਾਪੂ ਤਰਸੇਮ ਸਿੰਘ ਨੇ ਆਖਿਆ ਕਿ ਜ਼ਿਮਨੀ ਚੋਣ ਵਾਸਤੇ ਸੰਗਤ ਵੱਲੋਂ ਵੱਡਾ ਸਮਰਥਨ ਮਿਲ ਰਿਹਾ ਹੈ। ਮਨਦੀਪ ਸਿੰਘ ਦੇ ਨਾਲ ਸਮੂਹ ਪੰਥਕ ਜਥੇਬੰਦੀਆਂ ਖੜ੍ਹੀਆਂ ਹਨ।