ਟੈਂਕਰ ਹਾਦਸਾ: ਚਾਰ ਹੋਰਾਂ ਨੇ ਦਮ ਤੋੜਿਆ, ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 7 ਹੋਈ
ਇਥੇ ਹੁੁਸ਼ਿਆਰਪੁਰ ਜਲੰਧਰ ਰੋਡ ’ਤੇ ਸ਼ੁੱਕਰਵਾਰ ਰਾਤ ਨੂੰ ਵਾਪਰੇ ਭਿਆਨਕ ਟੈਂਕਰ ਹਾਦਸੇ ਵਿਚ ਝੁਲਸਣ ਵਾਲੇ ਚਾਰ ਹੋਰ ਵਿਅਕਤੀਆਂ ਦੇ ਦਮ ਤੋੜਨ ਨਾਲ ਇਸ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਸੱਤ ਹੋ ਗਈ ਹੈ। ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਮਨਜੀਤ ਸਿੰਘ (60), ਵਿਜੇ (17), ਜਸਵਿੰਦਰ ਕੌਰ (65) ਅਤੇ ਅਰਾਧਨਾ ਵਰਮਾ (30) ਸਾਰੇ ਮੰਡਿਆਲਾ ਦੇ ਰਹਿਣ ਵਾਲੇ ਹਨ, ਦੀ ਰਾਤ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਮੌਤ ਹੋ ਗਈ। ਸਿਵਲ ਸਰਜਨ ਡਾ. ਪਵਨ ਕੁਮਾਰ ਨੇ ਕਿਹਾ ਕਿ ਇਹ ਚਾਰੇ ਜਣੇ, ਜੋ 90 ਫੀਸਦੀ ਤੋਂ ਵੱਧ ਝੁਲਸ ਗਏ ਸਨ, ਵੈਂਟੀਲੇਟਰ ਸਪੋਰਟ ’ਤੇ ਸਨ।
ਸ਼ੁੱਕਰਵਾਰ ਰਾਤ 10 ਵਜੇ ਦੇ ਕਰੀਬ, ਹੁਸ਼ਿਆਰਪੁਰ-ਜਲੰਧਰ ਰੋਡ ’ਤੇ ਮੰਡਿਆਲਾ ਅੱਡੇ ਨੇੜੇ ਇੱਕ ਪਿਕਅੱਪ ਵਾਹਨ ਨਾਲ ਟਕਰਾਉਣ ਤੋਂ ਬਾਅਦ ਐਲਪੀਜੀ ਟੈਂਕਰ ਨੂੰ ਅੱਗ ਲੱਗ ਗਈ ਸੀ। ਪੁਲੀਸ ਨੇ ਦੱਸਿਆ ਕਿ ਅੱਗ ਤੇਜ਼ੀ ਨਾਲ ਫੈਲੀ, ਜਿਸ ਨੇ ਆਸ-ਪਾਸ ਦੀਆਂ ਕਰੀਬ 15 ਦੁਕਾਨਾਂ ਅਤੇ ਘੱਟੋ-ਘੱਟ ਚਾਰ ਘਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਘਟਨਾ ਤੋਂ ਤੁਰੰਤ ਬਾਅਦ ਦੋ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 21 ਹੋਰ ਜ਼ਖਮੀ ਹੋ ਗਏ। ਸ਼ਨਿੱਚਰਵਾਰ ਨੂੰ ਇੱਕ ਹੋਰ ਵਿਅਕਤੀ ਨੇ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਦਮ ਤੋੜ ਦਿੱਤਾ ਸੀ।
ਪੁਲੀਸ ਵੱਲੋਂ ਦਰਜ ਐਫਆਈਆਰ ਅਨੁਸਾਰ ਟੈਂਕਰ ਰਾਮ ਨਗਰ ਢੇਹਾ ਲਿੰਕ ਰੋਡ ਵੱਲ ਮੁੜ ਰਿਹਾ ਸੀ ਜਦੋਂ ਇਹ ਸਬਜ਼ੀ ਨਾਲ ਭਰੇ ਪਿਕਅੱਪ ਨਾਲ ਟਕਰਾ ਗਿਆ। ਦੋਵਾਂ ਵਾਹਨਾਂ ਨੂੰ ਅੱਗ ਲੱਗ ਗਈ। ਡਾ. ਪਵਨ ਕੁਮਾਰ ਨੇ ਕਿਹਾ ਕਿ ਘਟਨਾ ਤੋਂ ਤੁਰੰਤ ਬਾਅਦ, ਇੱਕ ਵਿਅਕਤੀ ਨੂੰ ਸਰਕਾਰੀ ਹਸਪਤਾਲ, ਹੁਸ਼ਿਆਰਪੁਰ ਵਿੱਚ ਮ੍ਰਿਤ ਲਿਆਂਦਾ ਗਿਆ, ਜਦੋਂ ਕਿ ਇੱਕ ਹੋਰ ਨੇ ਇੱਕ ਨਿੱਜੀ ਹਸਪਤਾਲ ਵਿੱਚ ਦਮ ਤੋੜ ਦਿੱਤਾ। ਤੀਜੇ ਵਿਅਕਤੀ ਦੀ ਮੌਤ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਜਾਂਦੇ ਸਮੇਂ ਹੋਈ।
ਸ਼ਨਿੱਚਰਵਾਰ ਸਵੇਰੇ, ਮੰਡਿਆਲਾ ਅਤੇ ਆਸ-ਪਾਸ ਦੇ ਪਿੰਡਾਂ ਦੇ ਸੈਂਕੜੇ ਵਸਨੀਕਾਂ ਨੇ ਘਟਨਾ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਮੁਆਵਜ਼ਾ ਅਤੇ ਕਾਰਵਾਈ ਦੀ ਮੰਗ ਕਰਦੇ ਹੋਏ, ਹੁਸ਼ਿਆਰਪੁਰ-ਜਲੰਧਰ ਸੜਕ ’ਤੇ ਤਿੰਨ ਘੰਟਿਆਂ ਤੋਂ ਵੱਧ ਸਮੇਂ ਲਈ ਆਵਾਜਾਈ ਰੋਕੀ ਰੱਖੀ। ਡਿਪਟੀ ਕਮਿਸ਼ਨਰ ਜੈਨ ਨੇ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿੱਤਾ ਕਿ ਜ਼ਖਮੀਆਂ ਦਾ ਪੰਜਾਬ ਸਰਕਾਰ ਦੀ ਫਰਿਸ਼ਤਾ ਯੋਜਨਾ ਤਹਿਤ ਮੁਫਤ ਇਲਾਜ ਕੀਤਾ ਜਾ ਰਿਹਾ ਹੈ।
ਪੰਜਾਬ ਦੇ ਕਈ ਮੰਤਰੀਆਂ ਅਤੇ ਸੰਸਦ ਮੈਂਬਰਾਂ ਸਮੇਤ ਹੋਰਨਾਂ ਸਿਆਸੀ ਪਾਰਟੀਆਂ ਦੇ ਆਗੂੂਆਂ ਨੇ ਪਾਰਟੀ ਸਫ਼ਾਂ ਤੋਂ ਉੱਪਰ ਉੱਠ ਕੇ ਹਸਪਤਾਲਾਂ ਵਿੱਚ ਜ਼ਖਮੀਆਂ ਦਾ ਹਾਲਚਾਲ ਪੁੱਛਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨਿੱਚਰਵਾਰ ਨੂੰ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਲਈ 2-2 ਲੱਖ ਰੁਪਏ ਅਤੇ ਜ਼ਖਮੀਆਂ ਦੇ ਮੁਫਤ ਇਲਾਜ ਦਾ ਐਲਾਨ ਕੀਤਾ ਸੀ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਵੀ ਹਾਦਸੇ ਵਿਚ ਗਈਆਂ ਜਾਨਾਂ ’ਤੇ ਦੁੱਖ ਜਤਾਇਆ ਹੈ।