ਸੁਖਬੀਰ ਬਾਦਲ ਵੱਲੋਂ ਸੁਲਤਾਨਪੁਰ ਲੋਧੀ ਦੇ ਹੜ੍ਹ ਮਾਰੇ ਇਲਾਕਿਆਂ ਦਾ ਦੌਰਾ
‘ਸੂਬੇ ’ਚ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਭਰਪਾਈ ਲਈ ਪੰਜਾਬ ਸਰਕਾਰ ਨੂੰ ਠੋਸ ਕਦਮ ਚੁੱਕ ਕੇ ਲੋਕਾਂ ਦਾ ਇਸ ਮੁਸ਼ਕਿਲ ਘੜੀ ’ਚ ਸਾਥ ਦੇਣਾ ਚਾਹੀਦਾ ਹੈ।’ ਇਹ ਪ੍ਰਗਟਾਵਾ ਅੱਜ ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੁਲਤਾਨਪੁਰ ਲੋਧੀ ਵਿਖੇ ਦੌਰੇ ਦੌਰਾਨ ਕੀਤਾ।
ਉਨ੍ਹਾਂ ਹੜ੍ਹ ਪ੍ਰਭਾਵਿਤ ਇਲਾਕੇ ਦੇ ਲੋਕਾਂ ਨਾਲ ਗੱਲਬਾਤ ਕੀਤੀ ਤੇ ਕਿਹਾ ਕਿ ਜਿੱਥੋਂ ਤੱਕ ਅੱਖਾਂ ਦੇਖ ਸਕਦੀਆਂ ਹਨ, ਬਿਆਸ ਦਰਿਆ ਦੇ ਕੰਢੇ ਪੂਰਾ ਇਲਾਕਾ ਡੁੱਬਿਆ ਹੋਇਆ ਹੈ, ਕਿਸਾਨਾਂ ਦੀਆਂ ਹਜ਼ਾਰਾਂ ਏਕੜ ਜ਼ਮੀਨ ’ਤੇ ਉਗਾਈਆਂ ਗਈਆਂ ਫਸਲਾਂ ਤਬਾਹ ਹੋ ਗਈਆਂ ਹਨ। ਉਨ੍ਹਾਂ ਕਿਹਾ,‘ਪੰਜਾਬ ਸਰਕਾਰ ਕੋਲ 800 ਕਰੋੜ ਰੁਪਏ ਦਾ ਆਫ਼ਤ ਰਾਹਤ ਫੰਡ ਹੈ ਤੇ ਜਦੋਂ ਅਸੀਂ ਸੱਤਾ ’ਚ ਹੁੰਦੇ ਸੀ, ਅਸੀਂ ਆਫ਼ਤ ਰਾਹਤ ਫੰਡ ’ਚੋਂ ਤੁਰੰਤ ਪੈਸੇ ਕੱਢਵਾ ਕੇ ਲੋਕਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕਰਦੇ ਸੀ ਤੇ ਜ਼ਮੀਨੀ ਪੱਧਰ ’ਤੇ ਕੰਮ ਕਰਦੇ ਸੀ ਪਰ ਇਸ ਦੇ ਉਲਟ ਇੱਥੋਂ ਦੇ ਲੋਕ ਆਪਣੀਆਂ ਜੇਬ੍ਹਾਂ ’ਚੋਂ ਪੈਸੇ ਲਗਾ ਕੇ ਪ੍ਰਬੰਧ ਕਰ ਰਹੇ ਹਨ।’ ਉਨ੍ਹਾਂ ਕਿਹਾ ਕਿ ਸਰਕਾਰਾਂ ਕੋਲ ਬਹੁਤ ਤਾਕਤ ਹੈ ਤੇ ਇਸ ਸਮੇਂ ਸਿੰਜਾਈ ਵਿਭਾਗ ਦੀ ਪੂਰੀ ਮਸ਼ੀਨਰੀ ਨੂੰ ਇੱਥੇ ਤਾਇਨਾਤ ਕਰਨ ਅਤੇ ਮੁਫ਼ਤ ਪੈਸੇ ਦੇ ਕੇ ਮੁਆਵਜ਼ਾ ਦੇਣ ਅਤੇ ਹੋਰ ਜ਼ਰੂਰੀ ਸਹੂਲਤਾਂ ਪ੍ਰਦਾਨ ਕਰਨ ਦੀ ਬਹੁਤ ਲੋੜ ਹੈ ਜਦਕਿ ਇਨ੍ਹਾਂ ਇਲਾਕਿਆਂ ’ਚ ਸਿੰਚਾਈ ਵਿਭਾਗ ਦੀ ਕੋਈ ਵੀ ਹਰਕਤ ਦਿਖਾਈ ਨਹੀਂ ਦੇ ਰਹੀ।
ਉਨ੍ਹਾਂ ਕਿਹਾ ਕਿ ਉਹ ਤੇ ਉਨ੍ਹਾਂ ਦੀ ਪਾਰਟੀ ਇਸ ਔਖੀ ਘੜ੍ਹੀ ’ਚ ਲੋਕਾਂ ਦੀ ਮੱਦਦ ਲਈ ਡੱਟ ਕੇ ਖੜ੍ਹੇ ਹਨ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਪ ਪ੍ਰਧਾਨ ਬਲਦੇਵ ਸਿੰਘ ਕਲਿਆਣ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਪ੍ਰੀਤ ਕੌਰ ਰੂਹੀ, ਇੰਜੀਨੀਅਰ ਸਵਰਨ ਸਿੰਘ, ਸੀਨੀਅਰ ਆਗੂ ਸੁਖਦੇਵ ਸਿੰਘ ਨਾਨਕਪੁਰ, ਸੀਨੀਅਰ ਆਗੂ ਕਰਨਜੀਤ ਸਿੰਘ ਆਹਲੀ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਵੀ ਮੌਜੂਦ ਸਨ।