ਜੰਗਲ ਤੇ ਖਣਨ ਮਾਫ਼ੀਆ ਵਿਰੁੱਧ ਸੰਘਰਸ਼ ਕਮੇਟੀ ਕਾਇਮ
ਅੱਜ ਇਥੇ ਕੰਢੀ ਪਿੰਡ ਰਤਨਪੁਰ ਵਿੱਚ ਸਥਾਨਕ ਪਿੰਡਾਂ ਰਤਨਪੁਰ, ਕਾਣੇਵਾਲ ਅਤੇ ਭਵਾਨੀਪੁਰ ਦੇ ਮੋਹਤਬਰਾਂ ਅਤੇ ਹੋਰ ਵਸਨੀਕਾਂ ਦਾ ਇਕੱਠ ਹੋਇਆ, ਜਿਸ ਵਿੱਚ ਹੱਦਬਸਤ ਨੰਬਰ 487 ਪਿੰਡ ਰਤਨਪੁਰ ਦੀ ਜ਼ਮੀਨ ਅਤੇ ਜੰਗਲ ਉੱਤੇ ਸਿਆਸੀ ਸ਼ਹਿ ਅਧੀਨ ਜੰਗਲ ਅਤੇ ਖਣਨ ਮਾਫੀਆ ਵਲੋਂ ਧੱਕੇ ਨਾਲ਼ ਕੀਤੇ ਜਾ ਰਹੇ ਕਬਜ਼ੇ ਅਤੇ ਕੁਦਰਤੀ ਧਰੋਹਰ ਦੀ ਬਰਬਾਦੀ ਦਾ ਗੰਭੀਰ ਨੋਟਿਸ ਲਿਆ ਗਿਆ। ਹਾਜ਼ਰ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਫੈ਼ੈਸਲਾ ਲਿਆ ਗਿਆ ਕਿ ਉਕਤ ਪਿੰਡਾਂ ਦੀ ਜ਼ਮੀਨ ਤੇ ਜੰਗਲ ’ਤੇ ਕਿਸੇ ਵੀ ਬਾਹਰੀ ਮਾਲਕ/ਪਾਰਟੀ ਨੂੰ ਨਾਜਾਇਜ਼ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ ਅਤੇ ਨਾ ਹੀ ਪਿੰਡ ਦੀ ਹਦੂਦ ਅੰਦਰ ਕੋਈ ਵੀ ਸਟੋਨ ਕਰੱਸ਼ਰ ਜਾਂ ਉਦਯੋਗਿਕ ਗਤੀਵਿਧੀਆ ਚਾਲੂ ਹੋਣ ਦਿਤੀਆਂ ਜਾਣਗੀਆਂ । ਇਸ ਮੌਕੇ ਗੱਲ ਕਰਦਿਆਂ ਕੁਲਦੀਪ ਸਿੰਘ ਅਤੇ ਮੁਲਾਜ਼ਮ ਆਗੂ ਰਾਮਜੀ ਦਾਸ ਚੌਹਾਨ ਨੇ ਕਿਹਾ ਕਿ ਬੀਤ ਦਾ ਇਹ ਇਲਾਕਾ ਕੁਦਰਤੀ ਤੌਰ ’ਤੇ ਰਮਣੀਕ ਖੇਤਰ ਵਜੋਂ ਜਾਣਿਆ ਜਾਂਦਾ ਹੈ ਪਰ ਨਾਜਾਇਜ਼ ਖਣਨ ਅਤੇ ਜੰਗਲਾਂ ਦੀ ਨਾਜਾਇਜ਼ ਕਟਾਈ ਨਾਲ ਇਲਾਕੇ ਦੇ ਕੁਦਰਤੀ ਭੂਗੋਲ ਵਿਗੜਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖਣਨ ਅਤੇ ਜੰਗਲ ਮਾਫੀਆ ਵਲੋਂ ਖੇਤਰ ਦੀ ਕੁਦਰਤੀ ਧਰੋਹਰ ਨੂੰ ਬਰਬਾਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਕਤ ਤਿੰਨਾਂ ਪਿੰਡਾਂ ਦੇ ਵਸਨੀਕਾਸ਼ ਵਲੋਂ ਵਾਤਾਵਰਨ ਦੀ ਇਸ ਬਰਬਾਦੀ ਵਿਰੁੱਧ ਇਕਜੁੱਟਤਾ ਦਾ ਪ੍ਰਦਰਸ਼ਨ ਕੀਤਾ ਗਿਆ ਹੈ ਅਤੇ ਜੇ ਇਲਾਕੇ ਦੀ ਵਣ ਸੰਪਤੀ ਨੂੰ ਬਰਬਾਦ ਕਰਨ ਅਤੇ ਆਪਣੇ ਨਿਜੀ ਫਾਇਦੇ ਲਈ ਇਸ ਇਲਾਕੇ ਦੀ ਕੁਦਰਤੀ ਧਰੋਹਰ ਦੀ ਨਜਾਇਜ ਚੁਕਾਈ ਨੂੰ ਬੰਦ ਨਾ ਕੀਤਾ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਅੱਜ ਦੇ ਇਕੱਠ ਵਿੱਚ ਤਿੰਨਾਂ ਪਿੰਡਾਂ ਦੇ ਵਸਨੀਕਾ ਵੱਲੋਂ ‘ਜ਼ਮੀਨ ਬਚਾਓ, ਪਿੰਡ ਬਚਾਓ’ ਸੰਘਰਸ਼ ਕਮੇਟੀ ਦਾ ਗਠਨ ਕੀਤਾ ਗਿਆ, ਜੋ ਕਿ ਅਗਲੇ ਐਕਸ਼ਨਾਂ ਦੀ ਵਿਉਂਤਬੰਦੀ ਅਤੇ ਹਰ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਅਤੇ ਸੰਘਰਸ਼ ਉਲੀਕਣ ਲਈ ਅਧਿਕਾਰਿਤ ਹੋਵੇਗੀ। ਸਾਰੇ ਨਗਰ ਨਿਵਾਸੀਆਂ ਨੇ ਉਕਤ ਕਮੇਟੀ ਨੂੰ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ। ਕਮੇਟੀ ਵਿੱਚ ਉੱਕਤ ਪਿੰਡਾਂ ਦੇ ਸਰਪੰਚਾਂ ਤੇ ਪੰਚਾਂ ਤੋਂ ਇਲਾਵਾ ਜਸਪਾਲ , ਪਵਨਜੀਤ, ਕੁਲਦੀਪ (ਦੀਪਾ), ਰਾਮਜੀ ਦਾਸ ਚੌਹਾਨ, ਗੁਰਦੇਵ ਰਾਜ ਨੰਬਰਦਾਰ, ਕ੍ਰਿਸ਼ਨਦੇਵ, ਬਲਵਿੰਦਰ (ਬਿੰਦੀ )ਰਾਮ ਸ਼ਾਹ, ਅਮਰ ਚੰਦ ਫੌਜੀ ,ਧਰਮ ਦਾਸ ਚੇਚੀ, ਸੁਰਿੰਦਰ ਪਾਲ, ਹਰਦਿਆਲ ,ਨੰਦ ਲਾਲ ,ਗੁਰਦਰਸ਼ਨ , ਪੰਮੀ ਪੰਚ ,ਅਮਰ ਚੰਦ, ਮੇਹਰ ਚੰਦ ਆਦਿ ਮੈਂਬਰਾਂ ਵਜੋਂ ਨਾਮਜ਼ਦ ਕੀਤੇ ਗਏ।
।