ਹੜਤਾਲੀ ਕਰਮਚਾਰੀਆਂ ਨੇ ਕੀਤਾ ਸਰਕਾਰ ਦਾ ਪਿੱਟ ਸਿਆਪਾ
ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਇਕ ਪਾਸੇ ਜਿੱਥੇ ਸ਼ਹਿਰ ਵਾਸੀ ਸਰਕਾਰ ਨੂੰ ਕੋਸ ਰਹੇ ਹਨ, ਉੱਥੇ ਹੜਤਾਲੀ ਕਰਮਚਾਰੀਆਂ ਨੇ ਵੀਰਵਾਰ ਨੂੰ ਆਪ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸਿਆਪਾ ਕੀਤਾ। ਨਗਰ ਨਿਗਮ ਦੇ ਦਫ਼ਤਰ ਚ ਹੜਤਾਲ ’ਤੇ ਬੈਠੇ ਕਰਮਚਾਰੀਆਂ ਨੂੰ ਮਿਲਣ ਜਦੋਂ ਸਥਾਨਕ ਵਿਧਾਇਕ ਬ੍ਰਹ ਸ਼ੰਕਰ ਜਿੰਪਾ ਤੇ ਮੇਅਰ ਸੁਰਿੰਦਰ ਕੁਮਾਰ ਪਹੁੰਚੇ ਤਾਂ ਕਰਮਚਾਰੀਆਂ ਨੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਲਾਰਿਆਂ ਤੋਂ ਸਿਵਾਏ ਕੁਝ ਨਹੀਂ ਕਰਦੀ। ਮੁਲਾਜ਼ਮਾਂ ਨੇ ਚਿਤਾਵਨੀ ਦਿੱਤੀ ਕਿ ਇਸ ਵਾਰ ਉਨ੍ਹਾਂ ਦਾ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ।
ਪਿਛਲੇ 8 ਦਿਨ ਤੋਂ ਸਫ਼ਾਈ ਸੇਵਕ ਅਤੇ ਸੀਵਰ ਕਰਮਚਾਰੀ ਹੜਤਾਲ ’ਤੇ ਬੈਠੇ ਹਨ ਜਿਸ ਕਰਕੇ ਸ਼ਹਿਰ ਵਿੱਚ ਥਾਂ-ਥਾਂ ਗੰਦਗੀ ਦੇ ਢੇਰ ਲੱਗ ਗਏ ਹਨ। ਕੂੜੇ ਤੋਂ ਬਦਬੂ ਆਉਣ ਕਰਕੇ ਸੜਕਾਂ ਤੋਂ ਲੰਘਣਾ ਔਖਾ ਹੋ ਗਿਆ ਹੈ। ਸ਼ਹਿਰ ਵਾਸੀ ਵੀ ਮੌਜੂਦਾ ਵਿਧਾਇਕ ਅਤੇ ਸਥਾਨਕ ਸਰਕਾਰ ਮੰਤਰੀ ਜੋ ਹੁਸ਼ਿਆਰਪੁਰ ਨਾਲ ਹੀ ਸਬੰਧਤ ਹਨ, ਨੂੰ ਕੋਸ ਰਹੇ ਹਨ ਕਿ ਉਹ ਗੱਲਬਾਤ ਰਾਹੀਂ ਮਸਲਾ ਹੱਲ ਨਹੀਂ ਕਰਵਾ ਸਕੇ। ਇਕ ਪਾਸੇ ਤਿਉਹਾਰ ਦਾ ਮੌਸਮ ਸ਼ੁਰੂ ਹੋ ਗਿਆ ਹੈ ਤੇ ਦੂਜੇ ਪਾਸੇ ਬਜ਼ਾਰਾਂ ’ਚ ਨਰਕ ਵਰਗਾ ਮਾਹੌਲ ਬਣਿਆ ਹੋਇਆ ਹੈ। ਸਫ਼ਾਈ ਨਾ ਹੋਣ ਕਰਕੇ ਬਿਮਾਰੀਆਂ ਫ਼ੈਲਣ ਦਾ ਖਤਰਾ ਮੰਡਰਾ ਰਿਹਾ ਹੈ। ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਹੜਤਾੜੀ ਮੁਲਾਜ਼ਮਾਂ ਦਾ ਮਸਲਾ ਛੇਤੀ ਤੋਂ ਛੇਤੀ ਹੱਲ ਕਰਵਾ ਕੇ ਸ਼ਹਿਰ ਦੀ ਸਫ਼ਾਈ ਕਰਵਾਈ ਜਾਵੇ।