ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਪੁਲੀਸ ਤੋਂ ਖ਼ਫ਼ਾ
ਇੱਥੇ ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਨੇ ਕਥਿਤ ਖਣਨ ਮਾਫੀਆ ਦੀ ਸ਼ਹਿ ’ਤੇ ਸੇਵਾਮੁਕਤ ਕੈਪਟਨ ਮਨੋਹਰ ਲਾਲ ’ਤੇ ਹੋਏ ਹਮਲੇ ਦੇ ਮਾਮਲੇ ’ਚ ਪੁਲੀਸ ਕਾਰਵਾਈ ’ਤੇ ਸਵਾਲ ਉਠਾਏ ਹਨ। ਸੰਘਰਸ਼ ਕਮੇਟੀ ਦੇ ਆਗੂਆਂ ਰਾਜੇਸ਼ ਕੁਮਾਰ, ਮਨੋਜ ਪਲਾਹੜ, ਸੁਸ਼ੀਲ ਕੁਮਾਰ, ਜੋਗਿੰਦਰ ਸਿੰਘ ਆਦਿ ਨੇ ਕਿਹਾ ਕਿ ਪੁਲੀਸ ਨੇ ਮਾਮਲੇ ਲੁੱਟ-ਖੋਹ ਦੀ ਘਟਨਾ ’ਚ ਤਬਦੀਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਸੰਘਰਸ਼ ਕਮੇਟੀ ਦੇ ਸਕੱਤਰ ਮਨੋਜ ਪਲਾਹੜ ’ਤੇ ਹੋਏ ਹਮਲੇ ਦੇ ਮਾਮਲੇ ’ਚ ਕੁਝ ਨਹੀਂ ਕੀਤਾ ਗਿਆ ਤੇ ਹੁਣ ਪਿਛਲੇ ਮਹੀਨੇ ਸੰਘਰਸ਼ ਕਮੇਟੀ ਦੇ ਖ਼ਜ਼ਾਨਚੀ ਮਨੋਹਰ ਲਾਲ ’ਤੇ ਹੋਏ ਹਮਲੇ ਨੂੰ ਵੀ ਅਣਗੌਲਿਆਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਮਗਰੋਂ ਲੋਕਾਂ ਨੇ ਤਲਵਾੜਾ-ਦੌਲਤਪੁਰ ਸੜਕ ਜਾਮ ਕਰ ਦਿੱਤੀ ਸੀ। ਉਸ ਸਮੇਂ ਪੁਲੀਸ ਨੇ ਧਰਨਾਕਾਰੀਆਂ ’ਤੇ ਪੁਲੀਸ ਬਲ ਦਾ ਪ੍ਰਯੋਗ ਕੀਤਾ। ਸੰਘਰਸ਼ ਕਮੇਟੀ ਦੇ 10 ਆਗੂਆਂ ਸਣੇ 150 ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ। ਹੁਣ ਪੁਲੀਸ ਇਸ ਮਾਮਲੇ ਨੂੰ ਲੁੱਟ ਖੋਹ ਦਾ ਮਾਮਲਾ ਕਰਾਰ ਦੇ ਕੇ ਚਾਰ ਮੁਲਜ਼ਮ ਗ੍ਰਿਫ਼ਤਾਰ ਕਰਨ ਦਾ ਦਾਅਵਾ ਕਰ ਰਹੀ ਹੈ। ਪੁਲੀਸ ਦੀ ਕਾਰਵਾਈ ਪ੍ਰਤੀ ਸਥਾਨਕ ਲੋਕਾਂ ’ਚ ਰੋਸ ਹੈ।
ਸਾਬਕਾ ਵਿਧਾਇਕ ਤੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਕੁਮਾਰ ਉਰਫ਼ ਡੋਗਰਾ ਨੇ ਵੀ ਪੁਲੀਸ ਕਾਰਵਾਈ ’ਤੇ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਕਿ ਘਟਨਾ ਸਮੇਂ ਲੁੱਟ-ਖੋਹ ਦੀ ਕੋਈ ਗੱਲ ਨਹੀਂ ਸੀ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਕਾਰਨ ਪੁਲੀਸ ਤੋਂ ਲੋਕਾਂ ਦਾ ਭਰੋਸਾ ਉੱਠਣ ਲੱਗਿਆ ਹੈ।
ਡੀਐੱਸਪੀ ਦਸੂਹਾ ਬਲਵਿੰਦਰ ਸਿੰਘ ਨੇ ਕਿਹਾ ਕਿ ਮੁਲਜ਼ਮਾਂ ਨੇ ਪੜਤਾਲ ਦੌਰਾਨ ਲੁੱਟ-ਖੋਹ ਦੀ ਗੱਲ ਕਬੂਲ ਕੀਤੀ ਹੈ। ਮਨੋਹਰ ਲਾਲ ’ਤੇ ਹੋਏ ਹਮਲੇ ਦੀ ਜਾਂਚ ਵੀ ਚੱਲ ਰਹੀ ਹੈ।