ਜਲੰਧਰ ’ਚ ਰਾਜ ਪੱਧਰੀ ਤਾਇਕਵਾਂਡੋ ਟੂਰਨਾਮੈਂਟ ਦਾ ਉਦਘਾਟਨ
ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਮੁਤਾਬਕ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 69ਵੀਆਂ ਰਾਜ ਪੱਧਰੀ ਸਕੂਲ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਇਸੇ ਤਹਿਤ ਮੁੱਖ ਮਹਿਮਾਨ ਕੈਬਨਿਟ ਮੰਤਰੀ ਪੰਜਾਬ ਮੋਹਿੰਦਰ ਭਗਤ ਵਲੋਂ ਜਲੰਧਰ ਦੇ ਲਾਇਲਪੁਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਕੋਦਰ ਚੌਕ ਵਿੱਚ ਰਾਜ ਪੱਧਰੀ ਤਾਈਕਵਾਂਡੋ ਅੰਡਰ-17,19 (ਲੜਕੇ/ਲੜਕੀਆਂ) ਟੂਰਨਾਮੈਂਟ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਰਸਮੀ ਤੌਰ ’ਤੇ ਗੁਬਾਰੇ ਛੱਡ ਕੇ ਇਸ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ।
ਕੈਬਨਿਟ ਮੰਤਰੀ ਨੇ ਸਮੂਹ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਗਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ 700 ਕਰੋੜ ਦਾ ਬਜਟ ਰੱਖਿਆ ਗਿਆ ਹੈ। ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜੀਵ ਜੋਸ਼ੀ ਨੇ ਸਮੂਹ ਖਿਡਾਰੀਆਂ ਨੂੰ ਆਪਣੇ ਸਕੂਲ ਅਤੇ ਸੂਬੇ ਦਾ ਨਾਂ ਚਮਕਾਉਣ ਲਈ ਪ੍ਰੇਰਿਆ। ਇਸ ਮੌਕੇ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸਟੇਟ ਐਵਾਰਡੀ ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ ਨੇ ਦੱਸਿਆ ਕਿ ਟੂਰਨਾਮੈਂਟ ਵਿੱਚ ਸੂਬੇ ਦੇ 23 ਜਿਲ੍ਹਿਆਂ ਦੀਆਂ ਲੜਕੇ ਅਤੇ ਲੜਕੀਆਂ ਦੀਆਂ ਟੀਮਾਂ ਦੇ ਲਗਭਗ 700 ਖਿਡਾਰੀਆਂ ਨੇ ਹਿੱਸਾ ਲਿਆ ਹੈ।
ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਸਹਾਇਕ ਸਕੱਤਰ ਲੈਕਚਰਾਰ ਸਰੀਰਿਕ ਸਿੱਖਿਆ ਸਟੇਟ ਅਵਾਰਡੀ ਸੁਰਿੰਦਰ ਕੁਮਾਰ ਨੇ ਦੱਸਿਆ ਕਿ 69ਵੀਆਂ ਰਾਜ ਖੇਡਾਂ ਦੇ ਤਾਈਕਵਾਂਡੋ (ਅੰਡਰ-17,19) ਟੂਰਨਾਮੈਂਟ ਵਿੱਚ ਭਾਗ ਲੈ ਰਹੇ ਖਿਡਾਰੀਆਂ ਨੂੰ ਜਿਲ੍ਹੇ ਵਿੱਚ ਹਰ ਤਰ੍ਹਾਂ ਦੀ ਸਹੂਲਤ ਮਿਲ ਰਹੀ ਹੈ। ਇਸ ਮੌਕੇ ਉੱਪ ਜਿਲ੍ਹਾ ਸਿੱਖਿਆ ਅਫ਼ਸਰ ਰਾਜੀਵ ਜੋਸ਼ੀ, ਡੀ.ਐਮ ਸਪੋਰਟਸ ਅਮਨਦੀਪ ਕੌਂਡਲ, ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ, ਪ੍ਰਿੰਸੀਪਲ ਅਰਸ਼ਦੀਪ ਕੌਰ ਅਤੇ ਪ੍ਰਿੰਸੀਪਲ ਸੁਖਦੇਵ ਲਾਲ ਬੱਬਰ ਵਲੋਂ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ ਗਿਆ।
ਲੜਕਿਆਂ ਦੇ ਅੰਡਰ-17 ਮੁਕਾਬਲੇ
ਅੱਜ ਟੂਰਨਾਮੈਂਟ ਦੇ ਪਹਿਲੇ ਦਿਨ ਲੜਕਿਆਂ ਦੇ ਅੰਡਰ-17 ਦੇ ਮੁਕਾਬਲੇ ਕਰਵਾਏ ਗਏ। 35 ਕਿਲੋਗ੍ਰਾਮ ਭਾਰ ਵਰਗ ਵਿੱਚ ਪਟਿਆਲਾ ਦੇ ਨਰੇਸ਼ ਨੇ ਪਹਿਲਾ, ਜਲੰਧਰ ਦੇ ਸਾਗਰ ਕੁਮਾਰ ਨੇ ਦੂਸਰਾ ਅਤੇ ਲੁਧਿਆਣਾ ਦੇ ਚੇਤਨ ਤੇ ਫਿਰੋਜ਼ਪੁਰ ਦੇ ਸਮਰ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਲ ਕੀਤਾ। 68 ਕਿਲੋਗ੍ਰਾਮ ਭਾਰ ਵਰਗ ਵਿੱਚ ਜਲੰਧਰ ਦੇ ਪ੍ਰਭਵ ਦੀਕਸ਼ਿਤ ਨੇ ਪਹਿਲਾ, ਅੰਮ੍ਰਿਤਸਰ ਦੇ ਨਾਜ਼ਵੀਰ ਸਿੰਘ ਨੇ ਦੂਸਰਾ ਜਦਕਿ ਲੁਧਿਆਣਾ ਦੇ ਰਣਵੀਰ ਸਿੰਘ ਤੇ ਪਟਿਆਲਾ ਦੇ ਅਸ਼ੀਸ਼ ਨੇ ਸਾਂਝੇ ਰੂਪ ਵਿੱਚ ਤੀਜਾ ਸਥਾਨ ਹਾਸਿਲ ਕੀਤਾ। 78 ਕਿਲੋਗ੍ਰਾਮ ਭਾਰ ਵਰਗ ਵਿੱਚ ਫਿਰੋਜ਼ਪੁਰ ਦੇ ਅਮਨਦੀਪ ਸਿੰਘ ਨੇ ਪਹਿਲਾ, ਹੁਸ਼ਿਆਰਪੁਰ ਦੇ ਸ਼੍ਰੇਯਸ ਕੁਮਾਰ ਨੇ ਦੂਸਰਾ ਅਤੇ ਪਟਿਆਲਾ ਦੇ ਅਵਨੂਰ ਸਿੰਘ ਤੇ ਜਲੰਧਰ ਦੇ ਗੋਵਿੰਦ ਨੇ ਸਾਂਝੇ ਰੂਪ ਵਿੱਚ ਤੀਜਾ ਸਥਾਨ ਹਾਸਲ ਕੀਤਾ।