ਸਮਾਜ ਸੇਵਾ ਸੰਸਥਾ ਚਲਾਉਣ ਵਾਲਾ ਹੈਰੋਇਨ ਸਣੇ ਕਾਬੂ
ਸਮਾਜ ਸੇਵਾ ਸੰਸਥਾ ਠੀਕਰੀਵਾਲ ਚਲਾਉਣ ਵਾਲੇ ਨੌਜਵਾਨ ਨੂੰ ਹੈਰੋਇਨ ਸਣੇ ਥਾਣਾ ਕਾਦੀਆਂ ਦੀ ਪੁਲੀਸ ਨੇ ਕਾਬੂ ਕਰ ਕੇ ਉਸ ਵਿਰੁੱਧ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕੀਤਾ ਹੈ। ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਐੱਨਡੀਪੀਐੱਸ ਐਕਟ ਤਹਿਤ ਇਕ ਕੇਸ ਅਤੇ ਲੜਾਈ ਝਗੜੇ ਦੇ ਸਬੰਧ ਵਿੱਚ ਦੋ ਕੇਸ ਦੱਸੇ ਜਾ ਰਹੇ ਹਨ। ਥਾਣਾ ਕਾਦੀਆਂ ਮੁਖੀ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਏਐੱਸਆਈ ਗੁਰਨਾਮ ਸਿੰਘ ਸਣੇ ਪੁਲੀਸ ਪਾਰਟੀ ਗਸ਼ਤ ਦੌਰਾਨ ਭੈੜੇ ਪੁਰਸ਼ਾਂ ਦੀ ਤਲਾਸ਼ ਵਿੱਚ ਬੱਸ ਅੱਡੇ ਹੁੰਦੇ ਹੋਏ ਰਾਮਪੁਰ ਰੋਡ ਰਾਹੀਂ ਦਾਣਾ ਮੰਡੀ ਕਾਦੀਆਂ ਨੂੰ ਜਾ ਰਹੇ ਸਨ। ਇਸ ਦੌਰਾਨ ਜਦੋਂ ਉਹ ਦਫ਼ਤਰ ਮਾਰਕੀਟ ਕਮੇਟੀ ਤੇ ਸ਼ੈੱਡ ਕੋਲ ਪੁੱਜੇ ਤਾਂ ਇਕ ਨੌਜਵਾਨ ਸ਼ੱਕੀ ਹਾਲਾਤ ਵਿੱਚ ਘੁੰਮਦਾ ਦਿਖਾਈ ਦਿੱਤਾ ਤਾਂ ਪੁਲੀਸ ਪਾਰਟੀ ਨੇ ਉਸ ਨੂੰ ਕਾਬੂ ਕਰ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ ਬਰਾਮਦ ਮੋਮੀ ਲਿਫਾਫੇ ਵਿੱਚੋਂ ਦੋ ਗ੍ਰਾਮ ਹੈਰੋਇਨ ਬਰਾਮਦ ਹੋਈ। ਮੁਲਜ਼ਮ ਦੀ ਪਛਾਣ ਹਰਪਿੰਦਰ ਸਿੰਘ ਉਰਫ ਭਿੰਡੀ ਪੁੱਤਰ ਲਖਵਿੰਦਰ ਸਿੰਘ ਵਾਸੀ ਠੀਕਰੀਵਾਲ ਗੋਰਾਇਆ ਵਜੋਂ ਹੋਈ। ਪੁਲੀਸ ਅਧਿਕਾਰੀ ਨੇ ਦੱਸਿਆ ਮੁਲਜ਼ਮ ਹਰਪਿੰਦਰ ਸਿੰਘ ਖਿਲਾਫ ਪਹਿਲਾਂ ਵੀ ਐੱਨਡੀਪੀਐੱਸ ਐਕਟ ਤਹਿਤ ਇਕ ਕੇਸ ਅਤੇ ਲੜਾਈ ਝਗੜੇ ਦੇ ਸਬੰਧ ਵਿੱਚ ਦੋ ਕੇਸ ਦਰਜ ਹਨ। ਹੈਰੋਇਨ ਸਣੇ ਗ੍ਰਿਫਤਾਰ ਕੀਤੇ ਹਰਪਿੰਦਰ ਸਿੰਘ ਦੇ ਇਲਾਕੇ ਭਰ ਵਿੱਚ ਚਰਚੇ ਜ਼ੋਰਾਂ ’ਤੇ ਹੋ ਰਹੇ ਹਨ ਅਤੇ ਸਮਾਜ ਚਿੰਤਕ ਲੋਕਾਂ ਦਾ ਕਹਿਣਾ ਹੈ ਕਿ ਸਮਾਜ ਸੇਵੀ ਸੰਸਥਾ ਦੇ ਨਾਂ ਨੂੰ ਬਦਨਾਮ ਕਰਨ ਵਾਲੇ ਅਜਿਹੇ ਵਿਅਕਤੀ ਤੋਂ ਲੋਕਾਂ ਨੂੰ ਚੌਕਸ ਰਹਿਣਾ ਚਾਹੀਦਾ ਹੈ।